ਬੱਦਲਾਂ ਨੇ ਕਿਣਮਿਣ ਲਾਈ ਏ,
ਵਾਹ ਮੌਜ ਬਹਾਰ ਬਣਾਈ ਏ।
ਔਹ ! ਤੰਬੂ ਤਣਦੇ ਜਾਂਦੇ ਨੇ,
ਔਹ ! ਹਾਥੀ ਬਣਦੇ ਜਾਂਦੇ ਨੇ।
ਬਣ ਮਹਿਲ ਮੁਨਾਰੇ ਸਜਦੇ ਨੇ,
ਔਹ ! ਸ਼ੇਰਾਂ ਵਾਂਗ ਗੱਜਦੇ ਨੇ।
ਔਹ! ਲਗਦੇ ਰੂੰ ਦੇ ਗੋਹੜੇ ਨੇ,
ਜਾਂ ਲੂਣ ਖੰਡ ਦੇ ਧੋਹੜੇ ਨੇ।
ਐਵੇਂ ਪਏ ਖੁਰ-ਖੁਰ ਪੈਂਦੇ ਨੇ,
ਹਵਾਵਾਂ ਵਿੱਚ ਵਗਦੇ ਰਹਿੰਦੇ ਨੇ।
ਕਣੀਆਂ ਦੀ ਛਹਿਬਰ ਲਾਣ ਪਏ,
ਸਿੱਟਿਆਂ ਵਿੱਚ ਦਾਣੇ ਪਾਣ ਪਏ।
ਜੱਟਾਂ ਲਈ ਮੋਤੀ ਕਣੀਆਂ ਨੇ,
ਬਾਗੀ ਲਈ ਮੌਜਾਂ ਬਣੀਆਂ ਨੇ।
ਵਾਹ ਬੱਦਲਾਂ ਰੁੱਤ ਬਦਲਾਈ ਏ,
ਕਿੰਨੀ ਸੋਹਣੀ ਕਿਣਮਿਣ ਲਾਈ ਏ।
ਵਿੱਚ ਬਜ਼ਾਰ ਬੜੀ ਬਹਾਰ,
ਹੋਕੇ ਦੇਂਦੇ ਵਾਰੋ-ਵਾਰ।
ਆੜੂ, ਦਾਖਾਂ, ਕੇਲੇ, ਬੇਰ,
ਲੈ ਲਉ ਅੰਬ, ਦੁਆਨੀ ਸੇਰ।
ਤਾਜੀ ਪੂੜੀ, ਗਰਮ ਕੜਾਹ,
ਦੁੱਧ ਮਲਾਈ ਬਰਫ਼ੀ ਚਾਹ।
ਬੜੇ ਸਵਾਦੀ ਮਿੱਠੇ ਵਾਹ,
ਕੱਲ੍ਹ ਨਹੀਂ ਮਿਲਣੇ ਅੱਜ ਦੇ ਭਾਅ।
ਭਰਿਆ ਬੱਤਾ ਲੈ ਜਾ ਯਾਰ,
ਠੰਢਾ ਮਿੱਠਾ ਬੜੀ ਬਹਾਰ।
ਧੱਕਮ-ਧੱਕਾ ਕਰਦੇ ਲੋਕ,
ਟਾਂਗਿਆਂ ਲੀਤੇ ਰਸਤੇ ਰੋਕ।
ਔਹ ਵੇਖੋ ਸਾਈਕਲ ਅਸਵਾਰ,
ਡਾਢਾ ਡਿੱਗਾ ਮੂੰਹ ਦੇ ਭਾਰ।
ਲੋਕੀਂ ਹੱਸੇ ਹਾ ਹਾ ਹਾ,
ਵਾਹ ਬਾਬੂ ਜੀ ਵਾਹ ਵਾਹ ਵਾਹ !
ਫੁੱਲਾਂ ਕੋਲੋਂ ਹੱਸਣਾ ਸਿੱਖੋ,
ਭੌਰਾਂ ਕੋਲੋਂ ਗਾਉਣਾ।
ਰੁੱਖ ਦੀਆਂ ਨੀਵੀਆਂ ਸ਼ਾਖਾਂ ਕੋਲੋਂ,
ਸਿੱਖੋ ਸੀਸ ਨਿਵਾਉਣਾ।
ਸਿੱਖੋ ਦੁੱਧ ਤੇ ਪਾਣੀ ਕੋਲੋਂ,
ਦੱਮ ਮੇਲ ਦਾ ਭਰਨਾ।
ਦਿਲ ਲਾ ਕੇ ਦੀਵੇ ਤੋਂ ਸਿੱਖੋ,
ਦੂਰ ਹਨ੍ਹੇਰਾ ਕਰਨਾ।
ਪੱਤਝੜੇ ਰੁੱਖਾਂ ਤੋਂ ਸਿੱਖੋ,
ਦੁੱਖ ਵਿੱਚ ਧੀਰਜ ਧਰਨਾ।
ਮੱਛੀ ਕੋਲੋਂ ਸਿੱਖੋ ਬੀਬਾ !
ਦੇਸ਼ ਵਤਨ ਲਈ ਮਰਨਾ।
ਬੱਚਾ ਖੁਸ਼ ਕਿਲਕਾਰੀ ਮਾਰੇ ਚੌਹੀਂ ਪਾਸੀਂ ਦੀਪ ਜਗੇ,
ਛਾਤੀ ਨਾਲ ਜਾ ਲਗਦਾ ਆ ਕੇ ਠੰਢੀ-ਠੰਢੀ ਵਾਅ ਵਗੇ।
ਵੇਖੋ ਬਾਲ ਅੰਞਾਣੇ ਨੂੰ ਵੀ ਗੀਤ ਬਣਾਉਣੇ ਆਉਂਦੇ ਨੇ,
ਉਹਦੇ ਬੁੱਲ੍ਹੀਂ ਹਾਸਾ ਆਵੇ ਮੇਰੇ ਹੱਥੀਂ ਕਲਮ ਵਗੇ।
ਮਾਂ ਵੇਖੇ ਧਰਤੀ ਤੇ ਰਿੜ੍ਹਦਾ ਸਰਘੀ ਆਵੇ ਚਿਹਰੇ 'ਤੇ,
ਸਭ ਕੁਝ ਉਹਨੂੰ ਭੁੱਲ ਜਾਂਦਾ ਏ, ਭੁੱਲ ਜਾਵਣ ਸਭ ਰਾਤ ਜਗੇ।
ਮਾਂ ਝੋਲੀ ਵਿੱਚ ਪਾ ਕੇ ਕਹਿੰਦੀ, 'ਸੌਂ ਜਾ ਮੇਰਾ ਬੀਬਾ ਲਾਲ,'
ਮੁਸਕਾਣ ਉਹਦੇ ਬੁੱਲ੍ਹਾਂ ਦੀ ਆਖੇ, 'ਮੈਂ ਤੇ ਸੌਣਾ ਨਹੀਂ ਅਜੇ'।
ਕਹਿੰਦੀ, 'ਵੇਖ ਪੁੱਤਰ ਜੀ ਤੈਨੂੰ ਨੀਂਦ ਖਿਡਾਵਣ ਆਈ ਏ,
ਉਹਦੇ ਮਹਿਲੀਂ ਖੇਡਣ ਲਈ ਨੇ ਕਿੰਨੇ ਸੋਹਣੇ ਤਖ਼ਤ ਸਜੇ।'
ਵੀਰ ਪਿਆਰੇ ਜਾਗ ਜ਼ਰਾ ਤੂੰ, ਹਿੰਮਤ ਜ਼ਰਾ ਵਿਖਾ।
ਆਲਸ ਦਾ ਤੂੰ ਛੱਡ ਕੇ ਪੱਲਾ, ਹਰਕਤ ਦੇ ਵਿੱਚ ਆ।
ਮੋਇਆਂ ਵਾਂਗੂੰ ਢੇਰੀ ਢਾ ਕੇ, ਬਹਿ ਨਾ ਵੀਰ ਨਿਚੱਲਾ।
ਸੁਸਤੀ ਨੂੰ ਤੂੰ ਦੂਰ ਭਜਾ ਦੇ, ਮਾਰ ਕੇ ਇੱਕੋ ਹੱਲਾ।
ਹਿੰਮਤ ਦੀ ਤੂੰ ਉਂਗਲ ਫੜ ਕੇ, ਮਿਹਨਤ ਨੂੰ ਅਪਣਾ।
ਆਪੇ ਤੇਰੀ ਮੰਜ਼ਿਲ ਤੇਰੇ ਕਦਮਾਂ ਵਿੱਚ ਜਾਊ ਆ।
ਦੁੱਖ ਮੁਸੀਬਤ ਆਪੇ ਤੈਥੋਂ, ਵੱਟ ਜਾਣਗੇ ਪਾਸਾ।
ਜਦ ਤੇਰੇ ਬੁੱਲ੍ਹਾਂ 'ਤੇ ਹੋਇਆ, ਫੁੱਲਾਂ ਵਰਗਾ ਹਾਸਾ।
ਰੱਖੀਂ ਸੱਚ ਦਾ ਪੱਲਾ ਫੜ੍ਹ ਕੇ, ਝੂਠ ਨੂੰ ਨਾ ਅਪਣਾਈਂ।
ਸੱਚ ਦੇ ਪੈਂਡੇ ਮੁਸ਼ਕਲ ਹੁੰਦੇ, ਵੇਖੀਂ ਡੋਲ ਨਾ ਜਾਈਂ।
ਖੁਸ਼ੀਆਂ ਦਾ ਵਣਜਾਰਾ ਬਣ, ਮੁਸਕਾਨਾਂ ਸਭ ਨੂੰ ਵੰਡੀਂ।
ਦਿਲ-ਮੰਦਰ ਵਿੱਚ ਸਾੜਾ ਲੈ ਕੇ, ਮਾਨਵਤਾ ਨਾ ਭੰਡੀਂ।
ਉੱਚੇ-ਸੁੱਚੇ ਸੋਹਣੇ ਆਪਣੇ ਨੇਕ ਖਿਆਲ ਬਣਾਈਂ।
ਮੈਂ-ਮੈਂ, ਤੂੰ-ਤੂੰ ਦਿਲ 'ਚੋ ਕੱਢ ਕੇ, ਦਿਲ ਵਿੱਚ ਅਸੀਂ ਬਿਠਾਈਂ।
ਫਿਰ ਤੇਰੀ ਜੀਵਨ-ਨਈਆ, ਵਿੱਚ ਸੁੱਖ ਹੋਣਗੇ ਸਾਰੇ।
ਦੁੱਖ-ਦਲਿੱਦਰ ਉਸ ਦੇ ਪੱਲੇ, ਜੋ ਜੀਵਨ ਤੋਂ ਹਾਰੇ।
ਬਸੰਤ ਆਈ ਤਾਂ ਹਵਾ ਹੋਈ ਮਹਿਕ ਭਿੰਨੀ,
ਕੋਇਲ ਕੂਕ ਕੇ ਅੰਬਾਂ 'ਚ ਸ਼ਹਿਦ ਘੋਲੇ।
ਬੈਠੀ ਖ਼ੁਸ਼ੀ ਦੇ ਗੀਤ ਉਹ ਗਾਂਵਦੀ ਏ,
ਭਾਵੇਂ ਸਮਝੇ ਨਾ ਕੋਈ ਕੀ ਬੋਲ ਬੋਲੇ।
ਬੂਰ ਨਿੱਕਲਕੇ ਟਾਹਣੀਓਂ ਬਾਹਰ ਆਇਆ,
ਆਈਆਂ ਮੱਖੀਆਂ ਸ਼ਹਿਦ ਲੈ ਜਾਵਣੇ ਨੂੰ।
ਤਿਤਲੀ ਉੱਡਦੀ ਘੁੰਮ ਘੁੰਮ ਪਾਏ ਪੈਲਾਂ,
ਆਈ ਫੁੱਲਾਂ ਦੇ ਰੰਗ ਵਧਾਵਣੇ ਨੂੰ।
ਉੱਪਰ ਵੱਲ ਅਸਮਾਨ 'ਤੇ ਨਜ਼ਰ ਕਰੀਏ,
ਆਈ ਪਤੰਗਾਂ ਦੀ ਕੋਈ ਬਹਾਰ ਦਿਸੇ।
ਰੰਗ-ਬਰੰਗੇ ਪਤੰਗ ਇਉਂ ਮਨ-ਮੋਂਹਦੇ,
ਉੱਡਦੇ ਪੰਛੀਆਂ ਦੀ ਜਿੱਦਾਂ ਡਾਰ ਦਿਸੇ।
ਛੋਟੇ ਬੱਚੇ ਗੁਬਾਰੇ ਉਡਾ ਰਹੇ ਨੇ,
ਉਨ੍ਹਾਂ ਘਰ ਹੀ ਮੇਲੇ ਲਗਾਏ ਹੋਏ ਨੇ,
ਹੱਥੋਂ ਛੁੱਟ ਗੁਬਾਰੇ ਜਾ ਛੱਤ ਲੱਗਦੇ,
ਜਿਵੇਂ ਕਿਸੇ ਨੇ ਆਪ ਸਜਾਏ ਹੋਏ ਨੇ।
ਬੱਸ ਆਈ ਬੱਸ ਆਈ,
ਸਕੂਲ ਦੀ ਬੱਸ ਆਈ।
ਛੇਤੀ ਕਰ ਛੇਤੀ ਕਰ,
ਕਿਤਾਬ ਪਾ, ਬਸਤਾ ਚੱਕ।
ਫਤਿਹ ਬੁਲਾ, ਸਕੂਲ ਜਾ।
ਵੇਖ ਸਮੁੰਦਰ ਦੀਆਂ ਛੱਲਾਂ,
ਦਿਲ ਕਰਦਾ ਮੈਂ ਭੰਗੜਾ ਪਾਵਾਂ।
ਪਾਣੀ ਵਿੱਚ ਮੈਂ ਟੱਪਦਾ,
ਵੇਖ ਕੇ ਸੂਰਜ ਖਿੜ-ਖਿੜ ਹੱਸਦਾ।
ਨਿੱਕੜੀ-ਮਿੱਕੜੀ ਮੱਕੜੀ,
ਪਰਨਾਲੇ ‘ਤੇ ਚੜ੍ਹਦੀ ਜਾਵੇ।
ਵਰਖਾ ਆਵੇ ਮੱਕੜੀ ਨੂੰ ਫਿਰ ਦੂਰ ਭਜਾਵੇ,
ਸੂਰਜ ਆਵੇ, ਸਾਰੀ ਵਰਖਾ ਸੁਕਾਵੇ।
ਨਿੱਕੜੀ-ਮਿੱਕੜੀ ਮੱਕੜੀ,
ਪਰਨਾਲੇ ‘ਤੇ ਫਿਰ ਚੜ੍ਹ ਜਾਵੇ।
ਨਾਨਕੇ ਜਾਵਾਂ, ਮੌਜਾਂ ਮਾਣਾਂ,
ਛੁੱਟੀਆਂ ਨੂੰ ਖੂਬ ਬਿਤਾਵਾਂ।
ਨਾਨਾ-ਨਾਨੀ ਨਾਲ ਬਾਤਾਂ ਪਾਵਾਂ,
ਮਾਮਾ-ਮਾਮੀ ਨੂੰ ਖੂਬ ਹਸਾਵਾਂ।
ਨਾਨਕ ਤੇਰੀ ਜੈ-ਜੈ ਕਾਰ, ਸ਼ਕਤੀ ਤੇਰੀ ਅਪਰ ਅਪਾਰ।
ਊਚ ਨੀਚ ਦਾ ਖੰਡਨ ਕੀਤਾ, ਜ਼ਾਤ ਪਾਤ ਦਾ ਭੰਡਨ ਕੀਤਾ।
ਕੂੜ ਅਡੰਬਰ ਦੂਰ ਹਟਾਏ, ਥਾਂ ਥਾਂ ਰੱਬੀ ਨੂਰ ਵਸਾਏ।
ਤੁਸੀਂ ਦਿੱਤਾ ਸਾਨੂੰ ਪਿਆਰ, ਜੱਗ ਦਾ ਕੀਤਾ ਬੇੜਾ ਪਾਰ।
ਕਿਰਤ ਕਰੋ ਤੇ ਵੰਡ ਕੇ ਖਾਉ, ਫਲ ਮਿਹਨਤ ਦਾ ਮਿੱਠਾ ਪਾਉ।
ਸਾਂਝੀਵਾਲ ਦੀ ਲਾਈ ਵੇਲ, ਖੇਡੀ ਤੇਰਾਂ-ਤੇਰਾਂ ਦੀ ਖੇਲ।
ਦੀਨ ਦੁਖੀ ਦੀ ਸੁਣੀ ਪੁਕਾਰ, ਦਾਤਾ ਮੇਰੇ ਸਿਰਜਨਹਾਰ।
ਤੇਰੇ ਅੱਗੇ ਵਾਲਾਂ ਵਾਲੇ, ਗੀਤਾ ਵੇਦ ਕੁਰਾਨਾਂ ਵਾਲੇ।
ਗੋਰਖ ਕੌਡੇ ਸੱਜਣ ਵਰਗੇ, ਮਲਕ ਭਾਗੋ ਕੰਧਾਰੀ ਵਰਗੇ।
ਵੇਖਕੇ ਤੇਰਾ ਚਮਤਕਾਰ, ਸਭ ਨੇ ਕੀਤੀ ਜੈ-ਜੈ ਕਾਰ।
ਕਵਿਤਾ ਤੇਰੀ ਬੜੀ ਮਹਾਨ, ਕਾਇਲ ਹੋਇਆ ਕੁੱਲ ਜਹਾਨ।
ਗੱਲ ਮੁਕਾਵਾਂ ਕਹਿ ਕੇ ਸਾਰੀ, ਤੂੰ ਭਗਵਾਨਾਂ ਦਾ ਭਗਵਾਨ।
ਕੀਤਾ ਭਾਰਤ ਤੇ ਉਪਕਾਰ, ਨਾਨਕ ਤੇਰੀ ਜੈ-ਜੈ ਕਾਰ।
ਨਾਨਕ ਤੇਰੀ ਜੈ-ਜੈ ਕਾਰ।। ਨਾਨਕ ਤੇਰੀ ਜੈ-ਜੈ ਕਾਰ।।
ਭਾਰਤ ਮੇਰਾ ਪਿਆਰਾ ਦੇਸ਼,
ਧੁੰਮਾਂ ਜਿਸ ਦੀਆਂ ਦੇਸ਼ ਵਿਦੇਸ਼,
ਭੂਮੀ ਇਸ ਦੀ ਬੜੀ ਨਿਆਰੀ,
ਮੈਨੂੰ ਲਗਦੀ ਕਿੰਨੀ ਪਿਆਰੀ।
ਭਾਂਤ ਭਾਂਤ ਦੀ ਬੋਲੀ ਵਾਲੇ,
ਚਿੱਟੇ ਗੋਰੇ ਨਾਟੇ ਕਾਲੇ,
ਫੁੱਲਾਂ ਦਾ ਗੁਲਦਸਤਾ ਏ,
ਸੁਰਗਾਂ ਵਰਗਾ ਲਗਦਾ ਏ।
ਸਭ ਧਰਮਾਂ ਦਾ ਇੱਥੇ ਮੇਲ,
ਘਿਉ-ਸ਼ੱਕਰ ਦਾ ਜਿਉਂ ਮੇਲ,
ਮਿਲਕੇ ਕਰੀਏ ਨਵੀਂ ਉਸਾਰੀ,
ਜਿਸ ਨੂੰ ਵੇਖੇ ਦੁਨੀਆਂ ਸਾਰੀ।
ਅਨਪੜ੍ਹ ਇੱਥੇ ਰਹੇ ਨਾ ਕੋਈ,
ਪੱਕੀ ਮੱਤ ਹੁਣ ਏਹੀ ਹੋਈ।