ਬੱਚਿਆਂ ਲਈ ਕਵਿਤਾਵਾਂ ਦਾ ਸੰਗ੍ਰਹਿ

ਇਸ ਸੈਕਸ਼ਨ ਵਿੱਚ ਬੱਚਿਆਂ ਲਈ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਹਨ। ਕਵਿਤਾਵਾਂ ਮਜ਼ੇਦਾਰ, ਆਕਰਸ਼ਕ ਅਤੇ ਕਲਪਨਾਤਮਕ ਆਇਤਾਂ ਹਨ ਜੋ ਛੋਟੇ ਬੱਚਿਆਂ ਦੇ ਮਨੋਰੰਜਨ ਅਤੇ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਵਿੱਚ, ਬੱਚਿਆਂ ਵਿੱਚ ਉਤਸੁਕਤਾ ਅਤੇ ਆਨੰਦ ਨੂੰ ਜਗਾਉਣ ਲਈ ਸਰਲ ਭਾਸ਼ਾ ਅਤੇ ਚੰਚਲ ਤੁਕਾਂਤਾਂ ਦੀ ਵਰਤੋਂ ਕੀਤੀ ਗਈ ਹੈ।

ਸਾਵਾ ਹਰਾ ਰੰਗ ਹੈ ਇਸਦਾ,
ਬਾਹਰੋਂ ਕਿੰਨਾ ਸੁੰਦਰ ਦਿਸਦਾ।
ਬੈਠੇ ਜਦ ਆ ਅੰਬਾਂ ਉੱਤੇ,
ਕੱਚੀਆਂ ਹੀ ਅੰਬੀਆਂ ਟੁੱਕੇ।
ਢਿੱਡ ਵਿੱਚ ਏਨੇ ਫਲ ਨਹੀਂ ਪਾਂਦਾ,
ਜਿੰਨੇ ਟੁਕ-ਟੁਕ ਸੁੱਟਦਾ ਜਾਂਦਾ।
ਇਹੋ ਇਸਦੀ ਗੱਲ ਹੈ ਮਾੜੀ,
ਜਾਂਦਾ ਸਾਰੀ ਫਸਲ ਉਜਾੜੀ।
ਕਈ ਲੋਕੀ ਘਰ ਇਸ ਨੂੰ ਪਾਲਣ,
ਆਪਣੀ ਬੋਲੀ ਇਹਨੂੰ ਸਿਖਾਲਣ।
ਮਿੱਠੂ ਬਣ ਮਨ ਸਭਦਾ ਮੋਹੇ,
ਚੂਰੀ ਖਾਵੇ ਤੇ ਖ਼ੁਸ਼ ਹੋਵੇ।
ਬੱਚਿਆਂ ਨਾਲ ਰਚ-ਮਿਚ ਜਾਵੇ,
ਗੱਲਾਂ ਉਨ੍ਹਾਂ ਤਾਈਂ ਸੁਣਾਵੇ।

ਹੋਰ ਪੜ੍ਹੋ

ਤਿਤਲੀ ਪਿਆਰੀ ਪਿਆਰੀ,
ਉੱਡਦੀ ਕਿਆਰੀ ਕਿਆਰੀ,
ਫੁੱਲਾਂ ਨੂੰ ਕੀ ਆਖੇ,
ਕਿਵੇਂ ਨਿਕਲਣ ਹਾਸੇ।

ਰੂਪ ਰੰਗ ਤੋਂ ਨਿਆਰੀ,
ਜਿਵੇਂ ਰੰਗ ਪਿਟਾਰੀ।
ਉਹ ਰਸ ਘੋਲ ਘੁਮਾਵੇ,
ਫੁੱਲਾਂ ਨੂੰ ਸ਼ਰਮਾਵੇ।

ਘੂੰ-ਘੂੰ ਕਰਕੇ ਹੱਸੇ,
ਦਿਲ ਰਾਹੀਆਂ ਦੇ ਜਿੱਤੇ,
ਅੱਖ ਮਟੱਕੇ ਮਾਰੇ,
ਜਿੱਦਾਂ ਝਿਲਮਿਲ ਤਾਰੇ।

ਹੋਰ ਪੜ੍ਹੋ

ਔਹ ਝਮ-ਝਮ ਕਰਦੇ ਤਾਰੇ,
ਲਗਦੇ ਨੇ ਪਿਆਰੇ-ਪਿਆਰੇ।
ਅੰਬਰ 'ਤੇ ਕਿੰਨੇ ਛਾ ਗਏ,
ਕਿੱਥੋਂ ਇਹ ਇੰਨੇ ਆ ਗਏ ?
ਸਾਡੇ ਦਿਲ ਵਿੱਚ ਇਹ ਆਈ,
ਇਹ ਚੰਦ ਦੀ ਜੰਞ ਸੁਹਾਈ।
ਮੋਤੀ ਹਨ ਕਿਸੇ ਲੁਟਾਏ,
ਹੀਰੇ ਹਨ ਕਿਸੇ ਵਰ੍ਹਾਏ।
ਜੇ ਦਸ ਵੀਹ ਚੁਗ ਲੈ ਆਈਏ,
ਤਦ ਹਾਰ ਪ੍ਰੋ ਗਲ ਪਾਈਏ।
ਲਉ ਵੇਖੋ ਔਹ ਚੰਨ ਆਇਆ,
ਜਿਸ ਸਭ ਨੂੰ ਫਿੱਕਾ ਪਾਇਆ।

ਹੋਰ ਪੜ੍ਹੋ

ਜੇ ਤੂੰ ਭਲਾ ਅਖਾਣਾ ਚਾਹਵੇਂ,
ਬੀਬਾ ਦਿਲ ਭਲਾਈ ਧਾਰ।
ਜੇ ਤੂੰ ਦਾਨਾਂ ਬਣਨਾ ਲੋਚੇਂ,
ਚੁੱਭੀ ਵਿੱਦਿਆ ਵਿੱਚ ਮਾਰ।
ਜੇ ਤੂੰ ਰਸ ਮਾਣਨਾ ਚਾਹਵੇਂ,
ਹਰ ਇੱਕ ਜੀਅ ਨੂੰ ਮਿੱਠਾ ਬੋਲ।
ਜੇ ਤੂੰ ਸੱਚਾ ਬਣਨਾ ਚਾਹਵੇਂ,
ਝੂਠੇ ਵਸਣ ਨਾ ਦੇਵੀਂ ਕੋਲ।
ਜੇ ਤੂੰ ਚਾਹਵੇਂ ਚਰਚਾ ਤੇਰੀ,
ਹੋਵੇ ਹਰ ਇੱਕ ਘਰ ਦੇ ਵਿੱਚ।
ਤਾਂ ਫਿਰ ਬੀਬਾ ਦੇਸ ਵਤਨ ਲਈ,
ਸਦਕੇ ਹੋਣਾ ਸਮਝੀਂ ਟਿੱਚ।
ਜੇ ਤੂੰ ਕੁਝ ਵੀ ਬਣਨਾ ਚਾਹਵੇਂ,
ਸੁਣ ਹੇ ਚੰਦ ! ਮਾਂ ਪਿਉ ਦੇ ਲਾਲ।
ਤਾਂ ਫਿਰ ਧੀਰਜ ਦਿਲੋਂ ਨਾ ਛੱਡੀਂ,
ਸੁਘੜ ਬਣੀ ਜਾ ਹਿੰਮਤ ਨਾਲ।

ਹੋਰ ਪੜ੍ਹੋ

ਹੈ ਜਲੇਬੀ ਜਿਸ ਦਾ ਨਾਂ,
ਬਣਦੀ ਹੈ ਇਹ ਕਿਹੜੇ ਥਾਂ?
ਰੰਗ ਰੂਪ ਵਿੱਚ ਨਿਆਰੀ ਨਿਆਰੀ,
ਮਿੱਠੀ ਮਿੱਠੀ ਪਿਆਰੀ ਪਿਆਰੀ।
ਇਸ ਨੂੰ ਤਲਦਾ ਹੈ ਹਲਵਾਈ,
ਮਾਰ ਪਚਾਕੇ ਖਾਏ ਲੁਕਾਈ।
ਹਰ ਕੋਈ ਹੱਟ ਤੇ ਆਖੇ ਆ,
ਪਹਿਲਾਂ ਦੇਵੀਂ ਮੈਨੂੰ ਪਾ।
ਮੁੰਡਿਉ ਕੁੜੀਉ ਬੜੀ ਸਵਾਦੀ,
ਹੁਣੇ ਲਿਆਈ ਹੱਟੀਉਂ ਦਾਦੀ।
ਭੱਜ ਕੇ ਆਉ ਗੱਫੇ ਲਾਉ,
ਇੱਕ ਇੱਕ ਕਰ ਕੇ ਸਭ ਮੁਕਾਉ।
ਇੱਕ ਇੱਕ ਸਭ ਰਕੇਬੀ ਲੈ ਲਉ,
ਹੱਥੋ ਹੱਥ ਜਲੇਬੀ ਲੈ ਲਉ।

ਹੋਰ ਪੜ੍ਹੋ

ਕਾਕਾ ਬੱਲੀ, ਖਾ ਲੈ ਛੱਲੀ,
ਮਿੱਠੇ ਮਿੱਠੇ ਇਸਦੇ ਦਾਣੇ,
ਮੱਕੀ ਦੀ ਛੱਲੀ ਬੜੀ ਸਵਾਦੀ,
ਭੁੰਨ ਕੇ ਦਿੰਦੀ ਮੇਰੀ ਦਾਦੀ।

ਹੋਰ ਪੜ੍ਹੋ

ਇੱਕ ਦਿਨ ਥੋੜ੍ਹੀ ਰਾਤ ਗਈ 'ਤੇ ਮੈਂ ਉੱਪਰ ਵੱਲ ਤੱਕਿਆ,
ਚੰਨ ਚਮਕਦਾ ਵੇਖ ਕੇ ਮੈਨੂੰ ਜ਼ੋਰ-ਜ਼ੋਰ ਦੀ ਹੱਸਿਆ।
ਮੈਂ ਉਸ ਵੱਲ ਤੱਕਾਂ ਤੇ ਖੁਸ਼ ਹੋਵਾਂ ਉਹ ਵੀ ਖੁਸ਼-ਖੁਸ਼ ਦਿੱਸੇ,
ਮੇਰੇ ਤੋਂ ਵੀ ਬਹੁਤੀ ਖੁਸ਼ੀ ਜਾਪਦੀ ਆਈ ਉਸਦੇ ਹਿੱਸੇ।
ਮੈਂ ਤੁਰਾਂ ਤੇ ਉੱਪਰ ਚੰਨ ਵੀ ਨਾਲ-ਨਾਲ ਮੇਰੇ ਟੁਰਦਾ,
ਮੈਂ ਰੁਕ ਵੇਖਾਂ ਜਾ ਉਸ ਵੰਨੇ ਉਸੇ ਵੇਲੇ ਉਹ ਰੁਕਦਾ।
ਮੇਰੇ ਮਨ ਆਈ ਕਿਉਂ ਨਾ ਇਸ ਨਾਲ ਦੌੜ ਲਗਾਵਾਂ,
ਇਹ ਤੇ ਬਹੁਤ ਹੀ ਹੌਲੀ ਤੁਰਦਾ ਇਹਨੂੰ ਹੁਣੇ ਹਰਾਵਾਂ।
ਵਿਹੜੇ ਵਿੱਚ ਮੈਂ ਸ਼ੂਕ ਵੱਟ ਲਈ ਉਹ ਵੀ ਭੱਜੀ ਜਾਵੇ,
ਥੋੜ੍ਹੇ ਚਿਰ ਨੂੰ ਮੈਂ ਤਾਂ ਥੱਕੀ ਪਰ ਉਹ ਹੱਸੀ ਜਾਵੇ।
ਮੈਂ ਦਾਦੀ ਮਾਂ ਕੋਲ ਗਈ 'ਤੇ ਉਹਨੂੰ ਇਹ ਗੱਲ ਦੱਸੀ,
ਮੈਨੂੰ ਕੋਈ ਸਮਝ ਪਈ ਨਾ ਉਹ ਕਿਉਂ ਅੱਗੋਂ ਹੱਸੀ ?

ਹੋਰ ਪੜ੍ਹੋ

ਚਾਚਾ ਜੀ,ਚਾਚਾ ਜੀ,
ਮੇਰੇ ਪਿਆਰੇ ਚਾਚਾ ਜੀ।
ਮੈਨੂੰ ਲਾਡ ਲਡਾਉਂਦੇ ਨੇ,
ਮੋਢੇ ਉੱਤੇ ਬਿਠਾਉਂਦੇ ਨੇ।
ਵਿਹੜੇ ਵਿੱਚ ਘੁਮਾਉਂਦੇ ਨੇ,
ਆਪਣੇ ਨਾਲ ਖਿਡਾਉਂਦੇ ਨੇ।

ਹੋਰ ਪੜ੍ਹੋ

ਘੜੀਏ ਨੀਂ ਕੀ ਕਹਿੰਦੀ ਹੈਂ ?
ਟਿਕ ਟਿਕ ਕਰਦੀ ਰਹਿੰਦੀ ਹੈਂ।
ਨਾ ਕੁਝ ਖਾਂਦੀ ਪੀਂਦੀ ਹੈਂ।
ਫਿਰ ਤੂੰ ਕੀਕਣ ਜੀਂਦੀ ਹੈਂ ?

ਕਰ ਕੇ ਟੁਣ ਟੁਣ, ਟੁਣ ਟੁਣ ਟੁਣ,
ਬੋਲੀ, 'ਬੀਬਾ ! ਸੁਣ, ਸੁਣ, ਸੁਣ !'
ਉਮਰ ਗੁਜ਼ਰਦੀ ਜਾਂਦੀ ਏ,
ਮੁੜ ਕੇ ਹੱਥ ਨਾ ਆਂਦੀ ਏ।
ਜੋ ਚਾਹੇਂ ਸੋ ਕਰ ਲੈ ਹੁਣ,
ਦਮ ਨੇਕੀ ਦਾ ਭਰ ਲੈ ਹੁਣ।
ਇਹੋ ਈ ਰੌਲਾ ਪਾਂਦੀ ਹਾਂ,
ਟੁਣਕੋ-ਟੁਣਕ ਜਗਾਂਦੀ ਹਾਂ।
ਕੰਮ ਕਰੋ, ਕੁਝ ਕੰਮ ਕਰੋ,
ਐਵੇਂ ਖਰਚ ਨਾ ਦਮ ਕਰੋ।'

ਹੋਰ ਪੜ੍ਹੋ

ਮੈਂ ਖ਼ੁਸ਼ਬੂ ਹਾਂ, ਮੈਂ ਖ਼ੁਸ਼ਬੂ ਹਾਂ, ਸਭਨਾਂ ਤਾਈਂ ਮੈਂ ਮਹਿਕਾਵਾਂ,
'ਜੋ ਸਭਨਾਂ ਨੂੰ ਖ਼ੁਸ਼ੀ ਵੰਡਦੀ', ਏਹੋ ਹੈ ਮੇਰਾ ਸਿਰਨਾਵਾਂ।

ਹਰ ਫੁੱਲ ਵਿੱਚ ਹੈ ਮੇਰਾ ਵਾਸਾ, ਪੌਣ ਕੰਧਾੜੇ ਮੈਂ ਹਾਂ ਚੜ੍ਹਦੀ,
ਜਿੱਧਰ ਉਹ ਲਿਜਾਵੇ ਮੈਨੂੰ, ਉਸੇ ਘਰ ਮੈਂ ਹਾਂ ਜਾ ਵੜਦੀ।

ਨੱਕੋਂ ਲੰਘ ਦਿਮਾਗੇ ਵਸਦੀ, ਉੱਥੇ ਜਾ ਕੇ ਖ਼ੁਸ਼ੀ ਖਿੰਡਾਵਾਂ,
ਉਸੇ ਪਾਸੇ ਹਾਸੇ ਬਰਸਣ, ਜਿੱਧਰ ਜਿੱਧਰ ਪੈਰ ਮੈਂ ਪਾਵਾਂ।

ਭੌਰ, ਤਿਤਲੀਆਂ ਸਾਥੀ ਮੇਰੇ, ਹਿਰਨਾਂ ਨਾਲ ਵੀ ਮੇਰੀ ਆੜੀ,
ਮੇਰੇ ਲਈ ਸਭ ਇੱਕੋ ਵਰਗੇ, ਭਾਵੇਂ ਰਹਿੰਦੇ ਮਹਿਲ ਜਾਂ ਮਾੜੀ।

ਹੋਰ ਪੜ੍ਹੋ

ਅੰਬਾਂ ਉੱਤੇ ਬੂਰ ਆ ਗਿਆ,
ਕੋਇਲ ਨੂੰ ਸਰੂਰ ਆ ਗਿਆ।
ਸਾਰਾ ਦਿਨ ਕੂ-ਕੂ ਪਈ ਕਰਦੀ,
ਸਭਨਾਂ ਦੇ ਮਨ ਖ਼ੁਸ਼ੀਆਂ ਭਰਦੀ।
ਰੰਗ ਇਸਦਾ ਭਾਵੇਂ ਹੈ ਕਾਲਾ,
ਬੋਲ ਇਹਦਾ ਪਰ ਮਿੱਠਾ ਬਾਹਲਾ।
ਆਪਣਾ ਆਲ੍ਹਣਾ ਨਹੀਂ ਬਣਾਉਂਦੀ,
ਕਾਂ-ਆਲ੍ਹਣੇ ਆਂਡੇ ਦੇ ਆਉਂਦੀ।
ਜਦ ਬੱਚੇ ਹੋ ਜਾਣ ਉਡਾਰ,
ਮਾਂ ਸੰਗ ਜਾਣ ਉਡਾਰੀ ਮਾਰ।
ਪਰ ਜਦ ਰੁੱਤ ਸਰਦੀ ਆਵੇ,
ਲੱਗੇ ਬਾਹਰ ਪੰਜਾਬੋਂ ਜਾਵੇ।

ਹੋਰ ਪੜ੍ਹੋ

ਅਹੁ ਵੇਖੋ ! ਆ ਰਹੀ ਘਟਾ ਘਨਘੋਰ ਜਿਹੀ ਹੈ,
ਮੇਰੇ ਮਨ ਵਿੱਚ ਉੱਠ ਰਹੀ ਇੱਕ ਲੋਰ ਜਿਹੀ ਹੈ। 
ਬਗਲਿਆਂ ਦੀ ਜੋ ਡਾਰ ਉਸਦੇ ਹੇਠੋਂ ਲੰਘੀ,
ਚਿੱਟੀਆਂ ਕਲੀਆਂ ਵਾਲੀ ਲਗਦੀ ਡੋਰ ਜਿਹੀ ਹੈ।
ਲਗਦੈ ਪਿੱਛੋਂ ਤੇਜ਼ ਹਵਾ ਕੋਈ ਧੱਕੀ ਜਾਵੇ,
ਤਾਹੀਂਉਂ ਹੋਰ ਤਿਖੇਰੀ ਇਹਦੀ ਤੋਰ ਜਿਹੀ ਹੈ।
ਹਰ ਪਲ ਸ਼ਕਲ ਇਹਦੀ ਹੈ ਬਦਲੀ ਜਾਂਦੀ,
ਵੱਡੇ ਪਰਬਤ ਤੋਂ ਹੋਈ ਕੁਝ ਹੋਰ ਜਿਹੀ ਹੈ।
ਭੱਜੀ ਜਾਵੇ ਚੁੱਕ ਖ਼ਜ਼ਾਨਾ ਕਣੀਆਂ ਦਾ ਇਹ,
ਪਹਿਲੀ ਨਜ਼ਰੇ ਤੱਕਿਆਂ ਕਾਲੇ ਚੋਰ ਜਿਹੀ ਹੈ।

ਹੋਰ ਪੜ੍ਹੋ