ਅੱਜ ਦੀਵਾਲੀ ਆਈ ਕੁਝ ਲਿਆਉ ਪਾਪਾ ਜੀ,
ਲੱਡੂ, ਪੇੜਾ, ਬਰਫੀ ਸਭ ਖਵਾਉ ਪਾਪਾ ਜੀ।
ਅਸੀਂ ਨਹੀਂ ਬੰਬ ਪਟਾਕੇ ਲੈਣੇ,
ਕਰਦੇ ਧੂੰਆਂ ਨੇ ਟੁੱਟ ਪੈਣੇ,
ਫਲ ਤੇ ਸੁੱਕੇ ਮੇਵੇ ਘਰੇ ਮੰਗਾਉ ਪਾਪਾ ਜੀ।
ਕੁਝ ਦੀਵੇ ਤੇਲ ਅਤੇ ਬੱਤੀਆਂ,
ਕੁਝ ਕੁ ਡੱਬੇ ਮੋਮਬੱਤੀਆਂ,
ਰਾਤੀਂ ਘਰ ਦੇ ਵਿੱਚ ਜਗਾਉ ਪਾਪਾ ਜੀ।
ਚਾਵਾਂ ਭਰੀ ਦੀਵਾਲੀ ਆਈ,
ਖੁਸ਼ੀਆਂ ਖੇੜੇ ਲੈ ਕੇ ਆਈ,
ਰੰਗ-ਬਰੰਗੇ ਫੁੱਲ ਸਜਾਉ ਪਾਪਾ ਜੀ।
ਕੁਰਸੀ ਡਾਹ ਕੇ ਬੈਠੀ ਦਾਦੀ,
ਚਿਹਰੇ 'ਤੇ ਉਦਾਸੀ ਡਾਢੀ,
ਦਾਦੀ ਤਾਈਂ ਹਸਾਉ ਪਾਪਾ ਜੀ।
ਬਾਬਾ ਜੀ ਨੂੰ ਫੋਨ ਘੁਮਾਉ,
ਛੇਤੀ-ਛੇਤੀ ਘਰ ਨੂੰ ਆਉ,
ਘਰ ਹੀ ਖੁਸ਼ੀ ਮਨਾਉ ਪਾਪਾ ਜੀ।
ਦਾਰੂ-ਦੱਪਾ ਘਰ ਨਹੀਂ ਵਾੜੋ,
ਜੂਏ ਨੂੰ ਵੀ ਤੁਸੀਂ ਪਛਾੜੋ,
ਬੁਰਾਈਆਂ ਦੂਰ ਭਜਾਉ ਪਾਪਾ ਜੀ।
ਰਾਤੀਂ ਕੋਠੇ 'ਤੇ ਚੜ੍ਹ ਜਾਣਾ,
ਰੌਸ਼ਨੀਆਂ ਨੂੰ ਅਸੀਂ ਜਗਾਣਾ,
ਹਨੇਰਾ ਦੂਰ ਭਜਾਉ ਪਾਪਾ ਜੀ।
ਪ੍ਰਦੂਸ਼ਣ ਦਾ ਕਰੋ ਖਾਤਮਾ,
ਸਭ ਦੀ ਸੁਖੀ ਰਹੂ ਆਤਮਾਂ,
ਪਟਾਕੇ ਨਹੀਂ ਚਲਾਉ ਪਾਪਾ ਜੀ।
ਘਰ ਵਿੱਚ ਸਾਫ-ਸਫਾਈ ਕਰਕੇ,
ਚਾਰ-ਚੁਫੇਰਾ ਰੌਸ਼ਨ ਕਰਕੇ,
ਗ਼ਮ ਨੂੰ ਮਨੋਂ ਭੁਲਾਉ ਪਾਪਾ ਜੀ।
ਪਰਮ-ਪਵਿੱਤਰ ਸ਼ੁਭ ਦਿਹਾੜਾ,
ਰੌਸ਼ਨੀਆਂ ਦਾ ਕਰੇ ਪਸਾਰਾ,
ਦੂਈ-ਦਵੈਤ ਮੁਕਾਉ ਪਾਪਾ ਜੀ।
ਨਿੱਕੇ ਨਿੱਕੇ ਪਿਆਰੇ ਪਿਆਰੇ,
ਚਮਕਣ ਵਿੱਚ ਅਸਮਾਨੀ ਤਾਰੇ।
ਦਿਨ ਵੇਲੇ ਕਿੱਧਰੇ ਲੁਕ ਜਾਂਦੇ,
ਰਾਤੀਂ ਆ ਫਿਰ ਟਿਮਟਿਮਾਉਂਦੇ।
ਜਦ ਜ਼ਰਾ ਕੁ ਬੱਦਲ ਹੋਵਣ,
ਉਹਨਾਂ ਪਿੱਛੇ ਮੂੰਹ ਲੁਕੋਵਣ।
ਬੱਦਲ ਜਦ ਪਰ੍ਹਾਂ ਹੋ ਜਾਵਣ,
ਫਿਰ ਲਗਦੇ ਝਾਤੀਆਂ ਪਾਵਣ।
ਜੀ ਕਰੇ ਇਨ੍ਹਾਂ ਕੋਲ ਜਾਵਾਂ,
ਇਹਨਾਂ ਨਾਲ ਦੋਸਤੀ ਪਾਵਾਂ।
ਮੰਮੀ ਨੂੰ ਮੈਂ ਜਾ ਸੁਣਾਇਆ,
ਮੰਮੀ ਮੈਨੂੰ ਇਹ ਸਮਝਾਇਆ।
ਦੁੱਧ ਪੀ ਕੇ ਵੱਡਾ ਹੋ ਜਾਵੀਂ,
ਉਨ੍ਹਾਂ ਨਾਲ ਦੋਸਤੀ ਪਾਵੀਂ।