ਮੈਂ ਚਲਦੀ ਹੀ ਨਿੱਤ ਰਹਿੰਦੀ ਹਾਂ,
ਟਿਕ ਕੇ ਕਦੇ ਨਾ ਬਹਿੰਦੀ ਹਾਂ।
ਜੇ ਦਮ ਲੈਣ ਲਈ ਰੁਕ ਜਾਵਾਂ,
ਸਭ ਦੇ ਨੱਕ ਵਿੱਚ ਦਮ ਲਿਆ ਦੇਵਾਂ।
ਹਰ ਥਾਂ ਮੈਨੂੰ ਪਾਂਦੇ ਹੋ,
ਜੇ ਲੁਕ ਜਾਵਾਂ ਘਬਰਾਂਦੇ ਹੋ।
ਕਰਦੀ ਆਵਾਂ ਸਾਂ-ਸਾਂ,
ਦੁਨੀਆਂ ਉੱਤੇ ਮੀਂਹ ਵਸਾਵਾਂ।
ਬੂਟੇ ਢਾਹਵਾਂ ਨਜ਼ਰ ਨਾ ਆਵਾਂ,
ਛੋਹ ਕੇ ਫੇਰ ਹਵਾ ਹੋ ਜਾਵਾਂ।
ਇਹੋ ਮੇਰਾ ਹੈ ਸੁਭਾ,
ਬੱਚਿਉ ! ਮੈਂ ਹਾਂ ਕੁੜੀ ਹਵਾ।
ਹੱਸਣ ਲੱਗਿਆਂ ਮੁੱਖੜਾ ਤੇਰਾ ਖਿੜਦੇ ਫੁੱਲ ਜਿਉਂ ਖੁੱਲ੍ਹ ਜਾਂਦਾ ਏ,
ਬੋਲਣ ਲੱਗਿਆਂ ਕਲੀ ਦੇ ਮੂੰਹ ਤੋਂ ਜਿੱਦਾਂ ਅੰਮ੍ਰਿਤ ਡੁੱਲ੍ਹ ਜਾਂਦਾ ਏ।
ਮੌਤ ਖੇਡਦੀ ਕੋਲ਼ੇ-ਕੋਲ਼ੇ ਕਿੱਕਲੀ ਪਾਉਂਦੀ ਆਉਂਦੀ ਦਿਸੇ,
ਕੁਝ-ਕੁਝ ਕਹਿੰਦੇ ਬੁੱਲ੍ਹ ਜਦ ਵੇਖਲਾਂ ਜਿਉਣਾ-ਮਰਨਾ ਭੁੱਲ ਜਾਂਦਾ ਏ।
ਲਗਦਾ ਸੀ ਜਿਉਂ ਲਾਸ਼ ਨੂੰ ਮੋਢੀਂ ਚੁੱਕੀ ਫਿਰਨਾਂ ਰਾਤ-ਦਿਨੇ ਮੈਂ,
ਪੋਲੇ-ਪੋਲੇ ਪੱਬ ਤੂੰ ਧਰਦਾ ਸਾਵਣ ਝੋਲਾ ਝੁੱਲ ਜਾਂਦਾ ਏ।
ਉਂਗਲੀ ਫੜਕੇ ਮੇਰੀ ਜਦ ਵੀ ਕਾਹਲੀ-ਕਾਹਲੀ ਪੈਰ ਪੁਟੇਂਦਾ,
ਬੋਲ ਤੋਤਲੇ ਸੁਣਕੇ ਤੇਰੇ ਗ਼ਮ ਤਾਂ ਕਿੱਧਰੇ ਰੁਲ਼ ਜਾਂਦਾ ਏ।
ਜੱਗ ਵਿੱਚ ਜੋ ਕਰਦਾ ਹੈ ਸੇਵਾ,
ਉਹ ਖਾਂਦਾ ਹੈ ਮਿੱਠਾ ਮੇਵਾ।
ਜੇ ਕੋਈ ਬੂਟਾ ਲਾ ਕੇ ਪਾਲੇ,
ਬੂਟਾ ਉਸ ਨੂੰ ਫ਼ਲ ਖਵਾਵੇ।
ਜੇ ਕੋਈ ਟਹਿਲ ਕਮਾਵੇ ਜੱਗ ਦੀ,
ਦੁਨੀਆਂ ਉਸਦੇ ਚਰਨੀਂ ਲੱਗਦੀ।
ਸੇਵਾ ਵਿੱਚ ਹੈ ਮਾਣ ਵਡਿਆਈ,
ਸੇਵਾ ਕਰਨੀ ਸਿੱਖੋ ਭਾਈ।
ਮਾਤਾ ਪਿਤਾ ਦੀ ਸੇਵਾ ਕਰਨਾ,
ਦੁੱਖ ਕਲੇਸ਼ੋਂ ਮੂਲ ਨਾ ਡਰਨਾ।
ਸੇਵਾ ਬਿਨਾਂ ਮਨੁੱਖ ਨਕਾਰਾ,
ਸੇਵਾ ਬਣਦੀ ਜਗਤ ਸਹਾਰਾ।
ਜੋ ਦੁਖੀਆਂ ਦਾ ਰੋਣਾ ਸੁਣ ਕੇ,
ਜਾ ਕੇ ਦਰਦ ਵੰਡਾਂਦਾ ਹੈ।
ਭੁੱਖਾ ਵੇਖ ਗੁਆਂਢੀ ਨੂੰ ਜੋ,
ਆਪ ਭੁੱਖਾ ਰਹਿ ਜਾਂਦਾ ਹੈ।
ਅੰਨ੍ਹਿਆਂ ਨੂੰ ਰਾਹ ਭੁੱਲਣ ਤੇ ਜੋ,
ਉਂਗਲੀ ਫੜ੍ਹ ਰਾਹ ਪਾਂਦਾ ਹੈ।
ਵੇਖ ਕਿਸੇ ਰੋਂਦੇ ਨੂੰ ਜਿਹੜਾ,
ਰੋ-ਰੋ ਨੀਰ ਵਹਾਂਦਾ ਹੈ।
ਜੋ ਨਹੀਂ ਡਰਦਾ ਕਦੇ ਰਤਾ ਵੀ,
ਭਾਵੇਂ ਸਿਰ ਤੇ ਆਵੇ ਕਾਲ।
ਜੋ ਸਭਨਾਂ ਦੀ ਸੇਵਾ ਕਰਦਾ,
ਉਹ ਹੈ ਜੱਗ ਵਿੱਚ ਸੁੱਚਾ ਲਾਲ।
ਗਾਜਰ ਮੂਲੀ ਤੇ ਸੇਬ ਖਾਉ,
ਆਪਣੀ ਸਿਹਤ ਬਣਾਉ।
ਪਾਣੀ ਪੀਉ ਰੱਜ ਕੇ,
ਕੰਮ ਕਰੋ ਭੱਜ ਕੇ।
ਸੈਰ ਕਰਕੇ ਸੁਸਤੀ ਭਜਾਉ,
ਕਸਰਤ ਕਰਕੇ ਤੰਦਰੁਸਤ ਹੋ ਜਾਉ।
ਵੱਡਿਆਂ ਦਾ ਸਤਿਕਾਰ ਕਰੋ,
ਛੋਟਿਆਂ ਨਾਲ ਪਿਆਰ ਕਰੋ।
ਸਾਡੇ ਘਰ ਅੱਜ ਕਲੀ ਹੈ ਆਈ,
ਮਹਿਕਾਂ ਵੰਡਦੀ ਕਰ ਰੁਸ਼ਨਾਈ।
ਦਿਲ ਸਾਗਰ ਜਿਉਂ ਉੱਛਲ ਜਾਵੇ,
ਚਾਹਵੇ ਚੰਨ ਨੂੰ ਜੱਫੀਆਂ ਪਾਵੇ।
ਜਿਸ ਸਿੱਪੀ ਚੋਂ ਮੋਤੀ ਆਇਆ,
ਰੱਬ ਕਰੇ ਉਹਦਾ ਉੱਚਾ ਪਾਇਆ।
ਸਾਡੇ ਮਨ ਵਿੱਚ ਚਾਨਣ ਭਰਿਆ,
ਨ੍ਹੇਰਾ ਭੱਜਿਆ ਡਰਿਆ-ਡਰਿਆ।
ਜਦ ਵੀ ਕੁਝ ਉਹ ਮੰਗਣਾ ਚਾਹੁੰਦੀ,
ਉੱਚੀ-ਉੱਚੀ ਫਿਰ ਰੌਲਾ ਪਾਉਂਦੀ।
ਮਾਂ ਚੁੱਕ ਕੇ ਦੁੱਧ ਪਿਆਉਂਦੀ,
ਮਿੱਠੀ ਨੀਂਦ ਉਸਨੂੰ ਆਉਂਦੀ।
ਸਰਗਮ ਦੇ ਨਾਲ ਗੀਤ ਰਲ ਗਏ,
ਸਿਖ਼ਰ ਦੁਪਹਿਰੇ ਆਪੇ ਢਲ ਗਏ।
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ,
ਇੱਕ ਨੂਰ 'ਤੇ ਸਭ ਜੱਗ ਉਪਜਿਆ, ਅਸੀਂ ਉਸਦੀ ਸੰਤਾਨ,
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ।
ਕਿਸੀ ਦਾ ਰਾਮ ਕਿਸੀ ਦਾ ਸਤਿਗੁਰੂ ਕਿਸੀ ਦਾ ਅੱਲਾ ਅਕਬਰ,
ਕੋਈ ਉਸ ਨੂੰ ਈਸਾ ਆਖੇ, ਕੋਈ ਆਖੇ ਸ਼ਿਵ ਸ਼ੰਕਰ,
ਕੋਈ ਉਸ ਨੂੰ ਅੰਬਾ ਆਖੇ, ਕਿਸੀ ਦਾ ਗੌਤਮ ਅਮਰ ਮਹਾਨ,
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ।
ਗਿਰਜੇ ਵਿੱਚ ਵੀ ਉਹੀ, ਮਸਜਿਦ ਦੇ ਵਿੱਚ ਉਹੀ,
ਗੁਰੂਦੁਆਰੇ ਦਾ ਓਂਕਾਰ ਉਹੀ, ਮੰਦਰ 'ਚ ਵੀ ਉਹੀ,
ਉਸੇ ਰੂਪ ਦੇ ਨੂਰ ਹਨ ਸਾਰੇ ਅੱਲਾ, ਨਾਨਕ, ਈਸਾ, ਰਾਮ,
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ।
ਭੇਦ-ਭਾਵ ਵਿੱਚੋਂ ਕੀ ਲੈਣਾ, ਕਣ-ਕਣ ਵਿੱਚ ਹੈ ਉਹ ਸਮਾਇਆ,
ਬੇਅੰਤ ਨਿਰੰਜਣ ਰੱਬ ਹੈ ਇੱਕੋ, ਕੋਈ ਨਾ ਜਾਣੇ ਉਸਦੀ ਮਾਇਆ,
ਉਸ ਦੇ ਲਈ ਹਨ ਸਭ ਬਰਾਬਰ, ਨਾ ਕੋਈ ਨੀਵਾਂ ਨਾ ਮਹਾਨ,
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ।
ਇੱਕ ਦੋ,
ਹੱਥ ਧੋ।
ਤਿੰਨ ਚਾਰ,
ਹੋ ਜਾ ਤਿਆਰ।
ਪੰਜ ਛੇ,
ਵੱਜ ਗਏ ਛੇ।
ਸੱਤ ਅੱਠ,
ਛੇਤੀ ਨੱਠ।
ਨੌਂ ਦਸ,
ਆ ਗਈ ਬੱਸ।
ਮਾਂ, ਭੈਣ, ਧੀ, ਪਤਨੀ, ਦੋਸਤ,
ਹਰ ਰੂਪ ਤੇਰੇ ਨੂੰ ਸਿਰ ਝੁਕਦਾ।
ਨਾ ਜ਼ੁਲਮੋਂ ਸਿਤਮ ਦਾ ਅੰਤ ਕੋਈ,
ਪਰ ਸਬਰ ਤੇਰਾ ਨਾ ਕਦੇ ਟੁੱਟਦਾ।
ਤੇਰੀ ਮੰਜ਼ਿਲ ਅਜ਼ਾਦੀ ਪਾਵਣ ਦੀ,
ਪਰ ਬਿਖੜਾ ਪੈਂਡਾ ਨਹੀਂ ਮੁੱਕਦਾ।
ਖੌਰੇ ਮਰਦ ਪ੍ਰਧਾਨ ਸਮਾਜ ਤਾਈਂ,
ਅਹਿਸਾਸ ਹੋਣਾ ਕਦੋਂ ਤੇਰੀ ਚੁੱਪ ਦਾ।
ਚੰਨ ਪਿਆਰੇ ! ਲੈ ਕੇ ਤਾਰੇ,
ਛੇਤੀ ਆ ਤੂੰ, ਢਿੱਲ ਨਾ ਲਾ ਤੂੰ।
ਰਲ ਮਿਲ ਸਾਰੇ ਮਿੱਤਰ ਪਿਆਰੇ,
ਖੇਡ ਮਚਾਈਏ, ਕੁੱਦੀਏ, ਗਾਈਏ।
ਆਈ ਵਿਸਾਖੀ ਆਈ ਵਿਸਾਖੀ,
ਖ਼ੁਸ਼ੀਆਂ ਨਾਲ ਲਿਆਈ ਵਿਸਾਖੀ,
ਸੋਨੇ ਰੰਗੀਆਂ ਕਣਕਾਂ ਹੋਈਆਂ,
ਜੱਟਾਂ ਨੇ ਖ਼ੁਸ਼ੀਆਂ ਦਿਲੀਂ ਸਮਾਈਆਂ,
ਜਦ ਕੋਈ ਢੋਲ ਤੇ ਡੱਗਾ ਲਾਵੇ,
ਖ਼ੁਸ਼ੀ ਨਿੱਕਲ ਕੇ ਬਾਹਰ ਆਵੇ,
ਗੱਭਰੂ ਲਗਦੇ ਭੰਗੜੇ ਪਾਵਣ,
ਬੱਚੇ ਵੀ ਖ਼ੁਸ਼ ਹੋ ਹੋ ਜਾਵਣ,
ਮੇਲੇ ਜਾ ਝੂਟੇ ਪਏ ਲੈਂਦੇ,
ਨਾ ਥੱਕਣ ਤੇ ਨਾ ਹੀ ਬਹਿੰਦੇ,
ਸਾਰਾ ਦਿਨ ਕਰਦੇ ਮਨ ਆਈਆਂ,
ਖਾਣ ਪੀਣ ਦੀਆਂ ਰੀਝਾਂ ਲਾਹੀਆਂ,
ਬੱਚਿਆਂ ਦਾ ਮਨ ਤਾਂ ਇਹ ਚਾਹਵੇ,
ਵਿਸਾਖੀ ਛੇਤੀ ਕਿਉਂ ਨਾ ਆਵੇ ?
ਗਰਮੀ ਵਿੱਚ ਆਉਂਦਾ ਹਾਂ,
ਅੰਬ ਮੈਂ ਕਹਾਉਂਦਾ ਹਾਂ।
ਹਰਾ ਪੀਲਾ ਮੇਰਾ ਰੰਗ,
ਖਾਣ ਵਿੱਚ ਆਵੇ ਬੜਾ ਅਨੰਦ।