ਦੁਨੀਆਂ ਦੇ ਪੁਆੜੇ

ਕੀ ਪੁਆੜੇ ਪਾ ਲਏ ? ਦੁਨੀਆਂ ਤੇ ਚਾਤ੍ਰਿਕ ਆਣ ਕੇ,

ਕੰਡਿਆਂ ਵਿੱਚ ਫਸ ਗਈ ਜ਼ਿੰਦਗੀ, ਬਗੀਚਾ ਜਾਣ ਕੇ

ਬਾਲਪਨ ਦੇ ਚਾਰ ਦਿਨ, ਲੰਘੇ ਸੁਖਾਲੇ ਸਨ ਜ਼ਰਾ,

ਛੱਟ ਐਸੀ ਪਈ, ਫਿਰ ਯਾਦ ਆਏ ਨਾਨਕੇ

ਪੇਟ ਦਾ ਝੁਲਕਾ, ਸੁੱਖਾਂ ਦੀ ਭਾਲ, ਜੱਗ ਤੇ ਜੋੜ ਤੋੜ,

ਪੈ ਗਏ ਅਣਗਿਣਤ ਬੰਨ੍ਹਣ, ਇੱਕ ਤੰਬੂ ਤਾਣ ਕੇ

ਜਾਨ ਫਿਕਰਾਂ, ਹੱਡ ਟੱਬਰ, ਦੋਸਤਾਂ ਨੇ ਬੋਟੀਆਂ,

ਤੋੜ ਖਾਧਾ ਸਾਰਿਆਂ, ਕੂਲਾ ਸ਼ਿਕਾਰ ਪਛਾਣ ਕੇ

ਦੂਜਿਆਂ ਦੇ ਵਾਸਤੇ, ਕੀਤਾ ਪਸੀਨਾ ਖੂਨ ਨੂੰ,

ਆਪਣੇ ਪੱਲੇ ਪਈ ਨਾ ਖਾਕ, ਮਿੱਟੀ ਛਾਣ ਕੇ

ਸੱਧਰਾਂ ਦੇ ਟਾਹਣ ਤੇ ਦਿਲ ਟੰਗਿਆ ਹੀ ਰਹਿ ਗਿਆ,

ਵੇਖਣਾ ਮਿਲਿਆ ਨਾ ਇੱਕ ਦਿਨ ਭੀ ਖੁਸ਼ੀ ਦਾ ਮਾਣ ਕੇ

ਲਾਹ ਗਲੋਂ ਜੰਜਾਲ ਤੇ ਕਰ ਬੰਦ ਦੁਨੀਆਂ ਦੀ ਗਜ਼ਲ,

ਕਾਫੀਆ ਮੱਤ ਤੰਗ ਕਰ ਦੇ, ਮੌਤ ਤੇਰਾ ਆਣ ਕੇ

📝 ਸੋਧ ਲਈ ਭੇਜੋ