ਕੁਕੜੂੰ-ਘੜੂੰ ਵੇ ਬੀਬਾ ਕੁਕੜੂੰ-ਘੜੂੰ।
ਜਾਗ ਮੇਰੇ ਸੁਹਣਿਆਂ ਵੇ ਜਾਗ ਹੁਣ ਤੂੰ।
ਬੀਤੀ ਕਾਲੀ ਰਾਤ ਦੂਰ ਨੇਰ੍ਹਾ ਹੋ ਗਿਆ,
ਦੀਦੇ ਖੋਲ੍ਹ ਵੇਖ ਵੇ ਸਵੇਰਾ ਹੋ ਗਿਆ।
ਸੱਜਰੀ ਸਵੇਰ ਤੈਨੂੰ 'ਵਾਜਾਂ ਮਾਰਦੀ,
ਹਾਣੀਆਂ ਦੀ ਟੋਲੀ ਸੈਰ ਨੂੰ ਪੁਕਾਰਦੀ।
ਸੋਨੂੰ-ਕਰਤਾਰਾ-ਠਾਕਰੂ ਤੇ ਪ੍ਰਤੀਕ,
ਫਕਰੂ ਜਮਾਲਦੀਨ ਕਰਦੇ ਉਡੀਕ।
ਚਿੜੀਆਂ ਨੇ ਚੀਕ-ਚਿਹਾੜਾ ਪਾਇਆ ਹੈ,
ਏਸੇ ਲਈ ਮੈਂ ਤੈਨੂੰ ਆਣ ਕੇ ਜਗਾਇਆ ਹੈ।
ਕੁਕੜਾਂ ਨੇ ਬਾਂਗ ਦਿੱਤੀ-ਉੱਠ ਹੁਣ ਤੂੰ!
ਜਾਗ ਮੇਰੇ ਸੁਹਣਿਆਂ ਵੇ............................!
ਉੱਠ ਮੇਰੇ ਬੀਬਿਆ ਸਕੂਲੇ ਜਾਵਣਾ,
ਜਾ ਕੇ ਸਕੂਲੇ ਵਿੱਦਿਆ ਨੂੰ ਪਾਵਣਾ।
ਕਰਕੇ ਪੜ੍ਹਾਈ ਬਣ ਚੰਗਾ ਇਨਸਾਨ,
ਵੰਡਣੀ ਮੁਹੱਬਤਾਂ ਦੀ ਮਿੱਠੀ ਮੁਸਕਾਨ।
ਊਚ-ਨੀਚ ਦੂਈ ਤੇ ਦਵੈਤ ਮੱਖਣਾ,
ਕਦੇ ਵੀ ਨਾ ਦਿਲ ਵਿੱਚ ਸਾੜਾ ਰੱਖਣਾ।
ਕਰਨੀ ਹੈ ਗੱਲ ਹਾਣੀਆਂ ਦੇ ਸੰਗ ਦੀ,
ਇਹੋ ਗੱਲ ਦੇਸ਼ ਦੀ ਤਰੱਕੀ ਮੰਗਦੀ।
ਉੱਠ, ਤੇਰੇ ਚਿੱਤ ਨੂੰ ਵੀ ਮਿਲੂਗਾ ਸਕੂੰ!
ਜਾਗ ਮੇਰੇ ਸੁਹਣਿਆਂ ਵੇ............................!
ਲੇਟ ਜਿਹੜੇ ਉੱਠਦੇ ਦਲਿੱਦਰੀ ਕਹਾਉਣ,
ਜ਼ਿੰਦਗੀ 'ਚ ਕਦੇ ਵੀ ਨਾ ਕਾਮਯਾਬੀ ਪਾਉਣ।
ਭੱਜਦੇ ਨੇ 'ਕੱਲੇ ਜਿਹੜੇ ਬਿਨਾਂ ਲੋੜ ਤੋਂ,
ਰਹਿ ਜਾਂਦੇ ਪਿੱਛੇ ਜ਼ਿੰਦਗੀ ਦੀ ਦੌੜ ਤੋਂ।
ਫੜੇ ਰਹਿੰਦੇ ਆਪਣੇ ਸਿਆਪਿਆਂ ਨੂੰ ਉਹ,
ਆਖਦੇ ਨੇ ਬੁਰਾ-ਭਲਾ ਮਾਪਿਆਂ ਨੂੰ ਉਹ।
ਕਰਦੇ ਨਾ ਕਦੇ ਵੀ ਉਹ ਗਲਤੀ ਕਬੂਲ,
ਨਾ ਹੀ ਉਹੋ ਜ਼ਿੰਦਗੀ ਦੇ ਸਿੱਖਦੇ ਅਸੂਲ।
ਉਹੀ ਬੱਚੇ ਕਰਦੇ ਨੇ ਮੈਂ-ਮੈਂ, ਤੂੰ-ਤੂੰ,
ਜਾਗ ਮੇਰੇ ਸੁਹਣਿਆਂ ਵੇ............................!
ਉੱਠ ਮੇਰੇ ਸ਼ੇਰਾ ਵੇ ਤੂੰ ਉੱਠ ਮੇਰੇ ਲਾਲ,
ਫ਼ੌਜੀਆਂ ਦੇ ਵਾਂਗੂੰ ਉੱਠ ਬਸਤਾ ਸੰਭਾਲ।
ਛੇਤੀ ਤੂੰ ਸਕੂਲ ਵੱਲੀਂ ਸ਼ੂਟ ਵੱਟਦੇ,
ਜ਼ਿੰਦਗੀ ਦੇ ਦੁੱਖ ਪੁੱਤਾ ਸਾਰੇ ਕੱਟਦੇ।
ਤੇਰੇ ਉੱਤੇ ਹੋਵੇ ਤੇਰੇ ਮਾਪਿਆਂ ਨੂੰ ਮਾਣ,
ਨਿੱਕੇ-ਵੱਡੇ ਸਾਰਿਆਂ ਦੀ ਬਣ ਜਾਵੇਂ ਸ਼ਾਨ।
ਜਾਵਾਂ ਤੇਰੇ ਉੱਤੋਂ ਬਲਿਹਾਰ ਪੁੱਤਰਾ,
ਕਰ ਤੂੰ ਵੀ ਸਭ ਨੂੰ ਪਿਆਰ ਪੁੱਤਰਾ।
ਨੱਚੂ ਖੁਸ਼ੀ ਨਾਲ ਤੇਰਾ-ਮੇਰਾ ਲੂੰ-ਲੂੰ!
ਜਾਗ ਮੇਰੇ ਸੁਹਣਿਆਂ ਵੇ............................!