ਤੇਰਾ ਵੱਸਦਾ ਰਹੇ ਪੰਜਾਬ,
ਓ ਸ਼ੇਰਾ ਜਾਗ,
ਓ ਜੱਟਾ ਜਾਗ।
ਅੱਗ ਲਾਉਣ ਕੋਈ ਤੇਰੇ ਗਿੱਧਿਆਂ ਨੂੰ ਆ ਗਿਆ,
ਸੱਪਾਂ ਦੀਆਂ ਪੀਂਘਾਂ ਤੇਰੇ ਪਿੱਪਲਾਂ 'ਤੇ ਪਾ ਗਿਆ,
ਤ੍ਰਿੰਞਣਾਂ 'ਚ ਕੱਤਦੀ ਦਾ ਰੂਪ ਕੋਈ ਖਾ ਗਿਆ,
ਤੇਰੇ ਵਿਹੜੇ ਵਿੱਚ ਫਿਰਦੇ ਨੇ ਨਾਗ,
ਓ ਸ਼ੇਰਾ ਜਾਗ,
ਓ ਜੱਟਾ ਜਾਗ।
ਖੋਹ ਕੇ ਨਾ ਲੈ ਜਾਣ ਫੇਰ ਕਿਤੇ ਹੋਣੀਆਂ,
ਮਾਵਾਂ ਦੀਆਂ ਲੋਰੀਆਂ ਤੇ ਨੂੰਹਾਂ ਦੀਆਂ ਦੌਣੀਆਂ,
ਭੈਣਾਂ ਦੀਆਂ ਚੁੰਨੀਆਂ ਤੇ ਵੀਰਾਂ ਦੀਆਂ ਘੋੜੀਆਂ,
ਕਿਤੇ ਲੁੱਟ ਨਾ ਉਹ ਜਾਣ ਸੁਹਾਗ,
ਓ ਸ਼ੇਰਾ ਜਾਗ,
ਓ ਜੱਟਾ ਜਾਗ।
ਸੌਂਹ ਤੈਨੂੰ ਲੱਗੇ ਤੇਰੇ ਜਲ੍ਹਿਆਂ ਦੇ ਬਾਗ਼ ਦੀ,
ਸੌਂਹ ਤੈਨੂੰ ਊਧਮਾਂ ਸਰਾਭਿਆਂ ਦੇ ਖ਼ਾਬ ਦੀ,
ਰੱਖਣੀ ਏ ਸ਼ਾਨ ਬੀਬਾ ਤੂੰਹੀਓਂ ਹੀ ਪੰਜਾਬ ਦੀ,
ਤੇਰੇ ਖਿੜਦੇ ਰਹਿਣ ਗੁਲਾਬ,
ਓ ਸ਼ੇਰਾ ਜਾਗ,
ਓ ਜੱਟਾ ਜਾਗ।