ਮਾਨਸਰੋਵਰ ਝੋਰਾ ਕਰਦੀ
ਸਤਲੁਜ ਅੱਥਰਾ
ਮੇਰੀ ਇੱਕ ਨਾ ਮੰਨੇ
ਰੋਜ਼ ਦਿਹਾੜੀ ਓਹੀ ਲੱਛਣ
ਜਦ ਜੀਅ ਆਵੇ
ਹੱਦਾਂ ਬੰਨੇ ਭੰਨਦਾ
ਲੜਦਾ ਭਿੜਦਾ ਸ਼ੋਰ ਮਚਾਂਦਾ
ਸਾਗਰ ਵੱਲ ਨੂੰ ਤੁਰ ਜਾਂਦਾ ਹੈ
ਹੌਲ ਵਾਂਗਰ ਉਠਿਆ
ਸ਼ਕਤੀ ਦਾ ਇੱਕ ਗੋਲਾ
ਵਾਂਗ ਤ੍ਰੇਲੀ ਠਰ ਜਾਂਦਾ ਹੈ
ਨਾ ਕੋਈ ਨਵਾਂ ਵਹਿਣ ਹੀ ਬਦਲੇ
ਨਾ ਕੋਈ ਸਿਰਜੇ
ਨੀਲੇ ਡੂੰਘੇ ਪਾਣੀਆਂ ਵਾਲੀ
ਝੀਲ ਸਦੀਵੀ
ਹੜ੍ਹ ਆਵੇ ਲਹਿ ਜਾਵੇ
ਇੰਜ ਸਭਿਤਾ ਕੋਈ
ਕਦੋਂ ਭਲਾ ਸਿਖਰਾਂ ਨੂੰ ਛੋਹੰਦੀ
ਕੌਣ ਗੁਰੂ ਇਸ ਨੂੰ ਸਮਝਾਵੇ