ਇਸ ਪੰਛੀ ਨੇ ਮਨੁੱਖ ਤੇ
ਵਿਸ਼ਵਾਸ਼ ਕਰ ਲਿਆ ਹੈ
ਇਸ ਦਾ ਕੀ ਬਣੇਗਾ
ਮੈਂ ਤਾਂ ਐਵੇਂ ਸ਼ੁਗਲ ਵਜੋਂ
ਤਲ਼ੀ ਉਤੇ
ਮੂੰਗੀ ਦੇ ਦਾਣੇ ਰੱਖ ਕੇ
ਉਸ ਵਲ ਵਧਾਏ ਸਨ
ਪੰਛੀ ਨੇ ਕੋਲ਼ ਆ ਕੇ ਚੁੰਝ ਭਰ ਲਈ
ਪੰਛੀ ਨੂੰ ਕਿਵੇਂ ਸਮਝਾਵਾਂ ਕਿ
ਮਨੁੱਖ ਉਤੇ ਤਾਂ ਮਨੁੱਖ ਨੂੰ ਆਪ
ਭਰੋਸਾ ਨਹੀਂ ਰਿਹਾ
ਮਨੁੱਖ ਨੂੰ ਤਾਂ ਆਪਣੇ ਆਪ ਤੇ ਵੀ
ਭਰੋਸਾ ਨੀ ਰਿਹਾ
ਤੂੰ ਮੇਰੇ ਉਤੇ ਐਨਾ ਭਰੋਸਾ ਕਿਉਂ
ਕਰ ਲਿਆ
ਮੈਂ ਦਾਲ਼ ਲੈਣ ਜਾਂਦਾ ਹਾਂ
ਤਾਂ ਸ਼ੰਕਾ ਕਰਦਾ ਹਾਂ
ਕਿ ਇਸ ਵਿਚ ਰੋੜ
ਨਾ ਹੋਣ, ਦੁਕਾਨਦਾਰ ਨੇ ਇਸ ਵਿਚ
ਮਿਲਾਵਟ ਨਾ ਭਰ ਦਿਤੀ ਹੋਵੇ
ਫਲ਼ ਲੈਣ ਜਾਂਦਾ ਹਾਂ
ਤਾਂ ਡਰ ਹੈ
ਇਹਨਾਂ ਉਤੇ ਦਵਾਈਆਂ ਨਾ
ਛਿੜਕੀਆਂ ਹੋਣ
ਸੇਲ ਤੇ ਲੱਗਾ ਕੋਟ ਖਰੀਦਣ ਨੂੰ
ਦਿਲ ਕਰਦਾ ਹੈ
ਤਾਂ ਮਨ ਕਹਿੰਦਾ ਹੈ, ਠਹਿਰ! ਇਸ ਵਿਚ
ਕੋਈ ਚਲਾਕੀ ਲਗਦੀ ਹੈ
ਘਰ ਲੈਣ ਲਗਦਾ ਹਾਂ ਤਾਂ
ਅੰਦਰੇ ਅੰਦਰ ਕਹਿਦਾ ਹਾਂ:
ਏਜੰਟ ਕਿੰਨਾ ਝੂਠ ਬੋਲ ਰਿਹਾ ਹੈ
ਘਰ ਆ ਕੇ ਸੋਚਦਾ ਹਾਂ,
ਮੈਂ ਏਜੰਟ ਨੂੰ ਕਿੰਨਾ ਝੂਠ ਦੱਸਿਆ:
ਜਿੰਨੀ ਉਸ ਨੇ ਅਸਲ ਕੀਮਤ ਤੋਂ
ਵਧਾ ਕੇ ਦੱਸੀ ਮੈਂ ਆਪਣੀ ਪੇਸ਼ਕਸ਼
ਉਨੀ ਹੀ ਅਸਲ ਤੋਂ ਘਟਾ ਕੇ ਦੱਸੀ
ਤੇ ਇਹ ਗੁਰਦਵਾਰੇ ਵਿਚ ਬੈਠੇ
ਭਜਨ ਬੰਦਗੀ ਕਰ ਰਹੇ ਬੰਦੇ !
ਕੀ ਪਤਾ
ਕਦੋਂ ਨੰਗੀਆਂ ਕਿਰਪਾਨਾਂ ਕਢ ਲੈਣ
ਤੇ ਲੋਕਾਂ ਦੇ ਵਿਸ਼ਵਾਸ਼ ਨੂੰ
ਟੋਟੇ ਟੋਟੇ ਕਰ ਦੇਣ
ਪੰਛੀ ਨੂੰ ਕਿਵੇਂ ਸਮਝਾਵਾਂ
ਮੈਨੂੰ ਤਾਂ ਇਹ ਵੀ ਭਰੋਸਾ ਨਹੀਂ
ਕਿ ਅਜ ਜੋ ਮੇਰਾ ਸਚ ਹੈ
ਕਲ੍ਹ ਨੂੰ ਇਹ ਸਚ ਰਹੇਗਾ
ਜਾਂ ਨਹੀਂ ਰਹੇਗਾ
ਅਜ ਜੋ ਮੇਰਾ ਮਿਤਰ ਹੈ
ਕਲ੍ਹ ਨੂੰ
ਰਹੇਗਾ ਜਾਂ ਨਹੀਂ ਰਹੇਗਾ
ਜਿਸ ਨੇ ਮੇਰੇ ਤੇ
ਐਨਾ ਵਿਸ਼ਵਾਸ਼ ਕਰ ਲਿਆ
ਕੀ ਬਣੇਗਾ ਇਸ ਪੰਛੀ ਦਾ