ਮਿੱਤਰਾਂ ਦੀ ਮਿਜਮਾਨੀਂ ਖ਼ਾਤਰ,
ਦਿਲ ਦਾ ਲਹੂ ਛਾਣੀਦਾ ।1।ਰਹਾਉ।
ਕੱਢਿ ਕਲੇਜਾ ਕੀਤਮ ਬੇਰੇ,
ਸੋ ਭੀ ਲਾਇਕ ਨਾਹੀਂ ਤੇਰੇ,
ਹੋਰ ਤਉਫ਼ੀਕੁ ਨਹੀਂ ਕਿਛੁ ਮੇਰੇ,
ਪੀਉ ਕਟੋਰਾ ਪਾਣੀ ਦਾ ।1।
ਮਿੱਤਰਾਂ ਲਿਖ ਕਿਤਾਬਤ ਭੇਜੀ,
ਲੱਗਾ ਬਾਣ ਫਿਰਾਂ ਤੜਫੇਂਦੀ,
ਤਨ ਵਿਚਿ ਤਾਕਤ ਰਹੀ ਨ ਮੂਲੇ,
ਰੋ ਰੋ ਹਰਫ਼ ਪਛਾਣੀਦਾ ।2।
ਤਨ ਮਨ ਅਪੁਣਾ ਪੁਰਜ਼ੇ ਕੀਤਾ,
ਤੈਨੂੰ ਮਿਹਰ ਨ ਆਈਆ ਮੀਤਾ,
ਅਸਾਨੂੰ ਹੋਰ ਉਜ਼ਰ ਨ ਕੋਈ,
ਚਾਰਾ ਕਿਆ ਨਿਮਾਣੀ ਦਾ ।3।
ਕਹੈ ਹੁਸੈਨ ਫ਼ਕੀਰ ਨਿਮਾਣਾ,
ਤੈ ਬਾਝਹੁ ਕੋਈ ਹੋਰ ਨ ਜਾਣਾ,
ਤੂੰ ਹੀ ਦਾਨਾ ਤੂੰ ਹੀ ਬੀਨਾ,
ਤੂੰਹੇਂ ਤਾਣਿ ਨਿਤਾਣੀ ਦਾ ।4।