ਪੈਰੀਂ ਜਲਧਾਰਾ ਹੋਵੇ ਵੱਖਰਾ ਨਜ਼ਾਰਾ ਹੋਵੇ
ਸੱਜਣਾ ਦਾ ਹੱਥ ਫੜਾਂ ਨੈਣਾਂ ’ਚ ਇਸ਼ਾਰਾ ਹੋਵੇ
ਰੁੱਖਾਂ ਦੀ ਜੀਰਾਂਦ ਵਿੱਚ ਖੁੱਲ੍ਹੀ ਜਈ ਚਰਾਂਦ ਵਿੱਚ
ਮੋਰਨੀ ਪਪੀਹਾ ’ਕੱਠੇ ਗਾਉਂਦੇ ਕੋਈ ਗੀਤ ਹੋਣ
ਖਿੜੇ ਚੰਬੇ ਦੀ ਟਹਿਕ ’ਚ ਚਮੇਲੀ ਦੀ ਮਹਿਕ ’ਚ
ਇੱਕਮਿਕ ਹੋਈਏ ਜਦੋਂ ਤਪੇ ਹਉਕੇ ਸੀਤ ਹੋਣ
ਰੱਬ ਦੀ ਰਜ਼ਾ ਦੇ ਵਿੱਚ ਪਾਕ ਫ਼ਿਜ਼ਾ ਦੇ ਵਿੱਚ
ਦੇਖਦਾ ਦੀਵਾਨਿਆਂ ਨੂੰ ’ਕੱਲ੍ਹਾ-’ਕੱਲ੍ਹਾ ਤਾਰਾ ਹੋਵੇ
ਪੈਰੀਂ ਜਲਧਾਰਾ ਹੋਵੇ............
ਕੋਇਲ ਦੀ ਚਹਿਕ ਸੁਣਾਂ ਸੁਪਨੇ ’ਚੋਂ ਖ਼ਿਆਲ ਬੁਣਾਂ
ਮੱਥੇ ਨੂੰ ਜ਼ੁਲਫ਼ ਚੁੰਮੇ ਜ਼ੁਲਫ਼ ’ਚੋਂ ਮੋਤੀ ਚੋਣ
ਯਾਰਾ ਦਿਲ ਤਣੇ ਉੱਤੇ ਖੁਣਾਂ ਤ੍ਰੇਲ ਪੱਤਿਆਂ ਤੋਂ ਚੁਣਾਂ
ਵੰਝਲੀ ਦੀ ਸੁਰ ਸੰਗ ਮਿੱਠੇ ਰਾਗ ਛਿੜੇ ਹੋਣ
ਰੱਬ ਦੀ ਰਜ਼ਾ ਦੇ ਵਿੱਚ ਪਾਕ ਫ਼ਿਜ਼ਾ ਦੇ ਵਿੱਚ
ਝਿਲਮਿਲ ਝਰਨੇ ਦੇ ਕੰਢੇ ਦਾ ਕਿਨਾਰਾ ਹੋਵੇ
ਪੈਰੀਂ ਜਲਧਾਰਾ ਹੋਵੇ............
ਜਦੋਂ ਕਰਾਂ ਪਿਆਰ ਦਾ ਆਗ਼ਾਜ਼ ਰੂਹਾਂ ਵਿੱਚ ਛਿੜੇ ਸਾਜ਼
ਉੱਤਮ ਕਹਿਕਸ਼ੀ ਨਜ਼ਾਰਿਆਂ ਦੇ ਵਿੱਚੋਂ ਵਗੇ ਪੌਣ
ਕਦੇ ਚੰਨ ਮੰਗੇ ਨਾ ਵਿਆਜ ਵੰਡੇ ਰਿਸ਼ਮਾਂ ਦੀ ਨਿਆਜ਼
ਤੂੰ ਦੁੱਧ ਚਾਨਣੀ ’ਚ ਦਾਊਂਵਾਲੇ ਛੇੜੀ ਕੋਈ ਗੌਣ
ਰੱਬ ਦੀ ਰਜ਼ਾ ਦੇ ਵਿੱਚ ਪਾਕ ਫ਼ਿਜ਼ਾ ਦੇ ਵਿੱਚ
ਜੁਗਨੂੰ ਚੁਫ਼ੇਰੇ ਹੋਣ ਸੱਜਣ ਓਹ ਪਿਆਰਾ ਹੋਵੇ
ਪੈਰੀਂ ਜਲਧਾਰਾ ਹੋਵੇ............
(ਮੁਹੱਬਤ ਦੀ ਜਲਧਾਰਾ)