ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਡਣਾ. "ਉਡ ਹੁਨ ਕਾਗਾ ਕਾਰੇ." (ਗਉ ਕਬੀਰ) ਦੇਖੋ, ਕਾਉਂ ਉਡਾਉਣਾ। ੨. ਦੇਖੋ, ਉਡੁ.


ਦੇਖੋ, ਉਡੁਗ.


ਸੰਗ੍ਯਾ- ਉਡੁਗਣ ਦਾ ਸ੍ਵਾਮੀ ਚੰਦ੍ਰਮਾ.


ਸੰਗ੍ਯਾ- ਉਡੁਗਣ (ਤਾਰਿਆਂ) ਦਾ ਇੰਦ੍ਰ ਚੰਦ੍ਰਮਾ. "ਗ੍ਯਾਨ ਵਾਨ ਸਿਖ ਯੁਤ ਉਡਗਿੰਦ." (ਗੁਪ੍ਰਸੂ)


ਦੇਖੋ, ਓਡਛਾ. "ਖੋਜਤ ਉਡਛਾਨਾਥ ਕੇ." (ਚਰਿਤ੍ਰ ੨)


ਉੜੀਸਾ ਦਾ ਈਸ਼। ੨. ਓਰਛਾ ਦਾ ਰਾਜਾ. ਦੇਖੋ ਓਰਛਾ.


ਸ. उड्डयन- ਉੱਡਯਨ. ਕ੍ਰਿ- ਹਵਾ ਵਿੱਚ ਗਮਨ ਕਰਨਾ. ਉਡਾਰੀ ਲੈਣੀ. ਪਰਵਾਜ਼ ਕਰਨੀ.


ਸੰਗ੍ਯਾ- ਉਡਣ ਵਾਲਾ ਮੰਜਾ. ਵਿਮਾਨ. ਹਵਾਈ ਜਹਾਜ਼ ਆਦਿਕ. "ਉਡਨਖਟੋਲੇ ਬਹੁਤ ਸਜਾਈ." (ਪੰਪ੍ਰ)


ਵਿ- ਇੱਕ ਥਾ ਇਸਥਿਤ ਨਾ ਹੋਣ ਵਾਲਾ ਪੰਛੀ। ੨. ਭਾਵ- ਜੀਵਾਤਮਾ. "ਇਹ ਮਨੁ ਉਡਨ- ਪੰਖੇਰੂ ਬਨ ਕਾ." (ਸਾਰ ਕਬੀਰ) ੩. ਸੰਗ੍ਯਾ- ਮਨ। ੪. ਲਿੰਗ ਸ਼ਰੀਰ.


ਦੇਖੋ, ਉਡਣਾ.


ਕ੍ਰਿ. ਵਿ- ਉੱਡੀਯਮਾਨ ਹੋਕੇ. ਉਡਕੇ. "ਹੰਸ ਉਡਰਿ ਕੋਧ੍ਰੈ ਪਇਆ." (ਸਃ ਫਰੀਦ) ੨. ਵਿ- ਉਡਾਰੂ. ਉਡਨਸ਼ੀਲ "ਪੰਖੀ ਪੰਚ ਉਡਰਿ ਨਹੀ ਧਾਵਹਿ." (ਮਾਰੂ ਸੋਲਹੇ ਮਃ ੧) ਪੰਜ ਗ੍ਯਾਨ ਇੰਦ੍ਰਯ ਰੂਪ ਪੰਖੀ.