ਅਮਰੀਕਾ ਦੇ ਡਾਕਟਰਾਂ ਨੇ ਦੇਸ਼ ਦੇ ਅਲਕੋਹਲ ਵਾਲੇ ਪਦਾਰਥਾਂ ‘ਤੇ ਕੈਂਸਰ ਚੇਤਾਵਨੀ ਪ੍ਰਦਰਸ਼ਿਤ ਕੀਤੇ ਜਾਣ ਦੀ ਮੰਗ ਰੱਖੀ ਹੈ। ਸਰਜਨ ਜਨਰਲ ਵਿਵੇਕ ਮੂਰਤੀ ਨੇ ਦੱਸਿਆ ਹੈ ਕਿ ਕੈਂਸਰ ਕਰਨ ਵਾਲੇ ਕਾਰਕਾਂ ਵਿੱਚੋਂ ਤੰਬਾਕੂ ਅਤੇ ਮੋਟਾਪੇ ਤੋਂ ਬਾਅਦ ਸ਼ਰਾਬ ਦਾ ਤੀਸਰਾ ਸਥਾਨ ਹੈ। ਸਾਊਥ ਆਸਟ੍ਰੇਲੀਆ ਹੈਲਥ ਦੇ ਅਨੁਸਾਰ, ਲਗਭਗ ਇੱਕ ਤਿਹਾਈ ਦੇ ਕਰੀਬ ਆਸਟ੍ਰੇਲੀਅਨ ਹਫ਼ਤਾਵਾਰ ਸ਼ਰਾਬ ਪੀਂਦੇ ਹਨ।
ਜੂਲੀਆ ਸਟੈਫੋਰਡ, ਕੈਂਸਰ ਕੌਂਸਲ ਦੀ ਕਮੇਟੀ ਵਿੱਚ ਹੈ। ਉਸ ਦੇ ਮੁਤਾਬਿਕ ਔਸਤਨ ਇੱਕ ਸਾਲ ਦੇ ਅੰਦਰ ਲਗਭਗ 80 ਪ੍ਰਤੀਸ਼ਤ ਆਸਟ੍ਰੇਲੀਅਨ ਸ਼ਰਾਬ ਜਰੂਰ ਪੀਂਦੇ ਹਨ।
ਅਮਰੀਕੀ ਸਰਜਨ ਜਨਰਲ ਵਿਵੇਕ ਨੇ ਇੱਕ ਨਵੀਂ ਸਲਾਹ ਜਾਰੀ ਕੀਤੀ ਹੈ। ਇਸ ਸਲਾਹ ਦੇ ਅਨੁਸਾਰ, ਕਿਸੇ ਵੀ ਕਿਸਮ ਦੀ ਅਲਕੋਹਲ - ਬੀਅਰ, ਵਾਈਨ ਜਾਂ ਸਪਿਰਿਟ ਦਾ ਸੇਵਨ ਕਰਨ ਨਾਲ ਮੂੰਹ, ਗਲੇ, ਛਾਤੀ, ਜਿਗਰ ਅਤੇ ਗੁੱਦੇ ਸਮੇਤ ਘੱਟੋ-ਘੱਟ ਸੱਤ ਕਿਸਮਾਂ ਦੇ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਸ਼੍ਰੀਮਤੀ ਸਟੈਫੋਰਡ ਦਾ ਕਹਿਣਾ ਹੈ ਕਿ ਅਜਿਹੀ ਹੀ ਸਲਾਹ ਆਸਟ੍ਰੇਲੀਆ ਵਿੱਚ ਜਾਰੀ ਕੀਤੀ ਜਾਣੀ ਬਹੁਤ ਜਰੂਰੀ ਹੈ। ਚੇਤਾਵਨੀ ਲੇਬਲਾਂ ਦਾ ਉਦੇਸ਼ ਲੋਕਾਂ ਨੂੰ ਸੂਚਿਤ ਕਰਨਾ ਹੈ ਜਿਵੇਂ ਸਿਗਰਟ ਪੈਕਿਟਾਂ ‘ਤੇ ਸਿਹਤ ਚੇਤਾਵਨੀਆਂ ਹੁੰਦੀਆਂ ਹਨ। ਇਹ ਚੇਤਾਵਨੀਆਂ ਮੱਦਦਗਾਰ ਹੋ ਸਕਦੀਆਂ ਹਨ, ਖਾਸ ਕਰਕੇ ਅਜਿਹੇ ਲੋਕਾਂ ਲਈ ਜੋ ਅਲਕੋਹਲ ਦੇ ਪ੍ਰਭਾਵਾਂ ਤੋਂ ਅਣਜਾਣ ਹਨ।