ਪੰਜਾਬ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ: ਪੰਜਾਬ ਪੁਲਿਸ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਲਈ ਨਵੀਂ ਪਹਿਲ

stop drug addiction

ਪੰਜਾਬ ਵਿੱਚ ਨਸ਼ਿਆਂ ਦੀ ਵਧ ਰਹੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ 'ਯੁੱਧ ਨਸ਼ਿਆਂ ਵਿਰੁੱਧ' ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (EMRC) ਨਾਲ ਸਹਿਯੋਗ ਕਰਕੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵਿਲੱਖਣ ਕੋਰਸ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।

ਇਸ ਪਹਿਲ ਤਹਿਤ, ਵਿਦਿਆਰਥੀਆਂ ਲਈ 10 ਘੰਟਿਆਂ ਦਾ ਵਿਅਪਕ ਨਸ਼ਾ ਵਿਰੋਧੀ ਜਾਗਰੂਕਤਾ ਕੋਰਸ ਤਿਆਰ ਕੀਤਾ ਜਾਵੇਗਾ। ਇਸ ਕੋਰਸ ਵਿੱਚ ਲੈਕਚਰ, ਆਡੀਓ-ਵਿਜ਼ੁਅਲ ਸਮੱਗਰੀ ਅਤੇ ਇੰਟਰਐਕਟਿਵ ਸੈਸ਼ਨ ਸ਼ਾਮਲ ਹੋਣਗੇ, ਜੋ ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ ਦੇ ਹਰ ਪਹਿਲੂ ਨੂੰ ਸਮਝਣ ਵਿੱਚ ਮਦਦ ਕਰਨਗੇ।

ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲਿਸ (ਡੀ.ਜੀ.ਪੀ) ਗੌਰਵ ਯਾਦਵ ਦੀ ਮੌਜੂਦਗੀ ਵਿੱਚ ਏ.ਡੀ.ਜੀ.ਪੀ.ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ) ਨੀਲਭ ਕਿਸ਼ੋਰ, ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪ੍ਰੋ. (ਡਾ.) ਸੰਜੀਵ ਪੁਰੀ ਅਤੇ ਡਾਇਰੈਕਟਰ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (EMRC) ਪਟਿਆਲਾ ਦਲਜੀਤ ਅਮੀ ਨੇ ਸਮਝੌਤਾ ਪੱਤਰ (MoU) 'ਤੇ ਹਸਤਾਖਰ ਕੀਤੇ।

ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਇਹ ਰਣਨੀਤਕ ਸਾਂਝ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਹੈ, ਜੋ ਨੌਜਵਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਸ਼ਾ ਜਾਗਰੂਕਤਾ ਪ੍ਰੋਗਰਾਮ ਤਿਆਰ ਕਰੇਗੀ। ਇਹ ਕੋਰਸ ਪੰਜਾਬ ਭਰ ਦੇ ਸਕੂਲਾਂ ਅਤੇ ਨਸ਼ਿਆਂ ਦੇ ਹੌਟਸਪੋਟਾਂ ਵਿੱਚ ਸ਼ੁਰੂ ਕੀਤਾ ਜਾਵੇਗਾ। ਇਸਦੇ ਪੂਰਾ ਹੋਣ 'ਤੇ, ਭਾਗੀਦਾਰ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਰਹਿਣ ਦੀ ਵਚਨਬੱਧਤਾ ਦੀ ਮਾਨਤਾ ਦੇਣ ਲਈ ਸਰਟੀਫਿਕੇਟ ਵੀ ਦਿੱਤੇ ਜਾਣਗੇ।

ਏ.ਡੀ.ਜੀ.ਪੀ ਨੀਲਭ ਕਿਸ਼ੋਰ ਦੇ ਅਨੁਸਾਰ, ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐਮ.ਆਰ.ਸੀ) ਅਤੇ ਪਟਿਆਲਾ ਯੂਨੀਵਰਸਿਟੀ ਇਸ ਸਮਝੌਤੇ ਦੇ ਤਹਿਤ ਡਿਜੀਟਲ ਸਮੱਗਰੀ ਤਿਆਰ ਕਰਨਗੇ, ਜਦੋਂ ਕਿ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਪੰਜਾਬ ਸਮੱਗਰੀ ਨੂੰ ਅੰਤਿਮ ਰੂਪ ਦੇਵੇਗਾ ਅਤੇ ਔਨਲਾਈਨ ਸਮੱਗਰੀ ਦੀ ਸਿਰਜਣਾ, ਵਿਕਾਸ ਅਤੇ ਡਿਲੀਵਰੀ ਦੀ ਨਿਗਰਾਨੀ ਲਈ ਇੱਕ ਸੰਪਾਦਕੀ ਬੋਰਡ ਨਿਯੁਕਤ ਕਰੇਗਾ।

ਇਸ ਸਮੱਗਰੀ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੋਨੋ ਭਾਸ਼ਾਵਾਂ ਵਿੱਚ ਤਿਆਰ ਕੀਤਾ ਜਾਵੇਗਾ ਤਾਂ ਜੋ ਪੰਜਾਬੀ ਅਤੇ ਹੋਰ ਭਾਈਚਾਰੇ ਦੇ ਲੋਕ ਇਸ ਤੋਂ ਲਾਭ ਉਠਾ ਸਕਣ। ਇਹ ਕੋਰਸ ਆਉਣ ਵਾਲੇ ਅਕਾਦਮਿਕ ਸੈਸ਼ਨ ਵਿੱਚ ਸ਼ੁਰੂ ਹੋਵੇਗਾ ਅਤੇ ਇਸ ਨੂੰ ਰਸਮੀ ਤੇ ਗੈਰ-ਰਸਮੀ ਸਿੱਖਿਆ ਪ੍ਰਣਾਲੀਆਂ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਮੁਹਿੰਮ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖ਼ਤਰਿਆਂ ਬਾਰੇ ਸੁਚੇਤ ਕੀਤਾ ਜਾਵੇਗਾ ਅਤੇ ਉਨ੍ਹਾਂ ਵਿੱਚ ਨਸ਼ਾ ਵਿਰੋਧੀ ਸੋਚ ਨੂੰ ਵਿਕਸਤ ਕਰਨ ਵਿੱਚ ਮਦਦ ਮਿਲੇਗੀ।

ਇਸ ਦੌਰਾਨ, ਡੀ.ਆਈ.ਜੀ  ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਐਸ.ਕੇ. ਰਾਮਪਾਲ, ਪ੍ਰੋ. (ਡਾ.) ਮਮਤਾ ਸ਼ਰਮਾ (ਪੰਜਾਬੀ ਯੂਨੀਵਰਸਿਟੀ) ਅਤੇ ਡੀਐਸਪੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਤਰਵਿੰਦਰ ਸਿੰਘ ਵੀ ਮੌਜੂਦ ਰਹੇ।

Gurpreet | 08/03/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ