ਮਖਾਣੇ ਸਰੀਰ ਨੂੰ ਸਿਹਤਮੰਦ ਬਣਾਉਣ ਵਿੱਚ ਬਹੁਤ ਲਾਭਦਾਇਕ ਹਨ। ਇਨ੍ਹਾਂ ਦੇ ਸੇਵਨ ਨਾਲ ਸਰੀਰ ਨੂੰ ਸੰਪੂਰਨ ਮਾਤਰਾ ਵਿੱਚ ਸਾਰੇ ਪੌਸ਼ਟਿਕ ਤੱਤ ਮਿਲਦੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਮਖਾਣੇ ਪ੍ਰੋਟੀਨ ਦਾ ਇਕ ਚੰਗਾ ਸਰੋਤ ਹੁੰਦੇ ਹਨ। ਇਸ ਤੋਂ ਇਲਾਵਾ ਮਖਾਣਿਆਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਅਤੇ ਇਹ ਕਈ ਬਿਮਾਰੀਆਂ ਦੇ ਇਲਾਜ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਮਖਾਣੇ ਵਿੱਚ ਪ੍ਰੋਟੀਨ 9.7%, ਕਾਰਬੋਹਾਈਡਰੇਟ 76%, ਨਮੀ 12.8%, ਚਰਬੀ 0.1%, ਖਣਿਜ ਨਮਕ 0.5%, ਫਾਸਫੋਰਸ 0.9% ਅਤੇ ਆਇਰਨ 1.4 ਮਿਲੀਗ੍ਰਾਮ ਹੁੰਦਾ ਹੈ। ਇਸ ਸੰਬੰਧੀ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਮਖਾਣੇ ਖਾਣ ਨਾਲ ਅਸੀਂ ਕਈ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹਾਂ।
ਗਰਭ ਅਵਸਥਾ ਵਿੱਚ ਔਰਤਾਂ ਨੂੰ ਬੀਮਾਰੀਆਂ ਦਾ ਜੋਖਮ ਕਈ ਗੁਣਾਂ ਵੱਧ ਜਾਂਦਾ ਹੈ। ਅਜਿਹੇ ਸਮੇਂ ਸਰੀਰ ਨੂੰ ਥਕਾਵਟ ਅਤੇ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਮਖਾਣੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਤੱਤ ਉੱਚ ਮਾਤਰਾ ਵਿੱਚ ਮਿਲਦੇ ਹਨ। ਮਖਾਣਿਆਂ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਮਖਾਣਿਆਂ ਵਿੱਚ ਆਇਰਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਗਰਭ ਅਵਸਥਾ ਵਿੱਚ ਔਰਤਾਂ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਦੇ ਹਨ। ਇਸ ਨੂੰ ਕੱਚਾ ਖਾਣ ਦੀ ਬਜਾਏ ਦੇਸੀ ਘਿਉ ਵਿੱਚ ਭੁੰਨ ਕੇ ਜਾਂ ਤਲ ਕੇ ਵੀ ਖਾਧਾ ਜਾ ਸਕਦਾ ਹੈ। ਅਕਸਰ ਲੋਕਾਂ ਨੂੰ ਤਣਾਅ ਦੇ ਕਾਰਨ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ ਵਿੱਚ ਇੱਕ ਗਲਾਸ ਗਰਮ ਦੁੱਧ ਦੇ ਨਾਲ ਕੁਝ ਮਖਾਣੇ ਖਾਣਾ, ਤਣਾਅ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਸੇਵਨ ਨਾਲ ਵਧੀਆ ਨੀਂਦ ਆਉਂਦੀ ਹੈ।
ਮਖਾਣਿਆਂ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਕਰਕੇ ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਸ ਦੇ ਸੇਵਨ ਨਾਲ ਪੇਟ ਵੀ ਠੀਕ ਰਹਿੰਦਾ ਹੈ। ਇਸ ਵਿੱਚ ਓਮੇਗਾ-3 ਫੈਟੀ ਐਸਿਡ ਵੀ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ ਜੋ ਦਿਲ ਨੂੰ ਤੰਦਰੁਸਤ ਰੱਖਦਾ ਹੈ। ਘੱਟ ਚਰਬੀ ਕਾਰਨ ਇਸ ਨੂੰ ਇੱਕ ਸਿਹਤਮੰਦ ਸਨੈਕ ਵਜੋਂ ਵੇਖਿਆ ਜਾਂਦਾ ਹੈ। ਇਸ ਲਈ ਉਹ ਲੋਕ ਜੋ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਨੂੰ ਅਪਣੀ ਖ਼ੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਪੇਟ ਵੀ ਭਰ ਜਾਂਦਾ ਹੈ ਅਤੇ ਭਾਰ ਵਧਣ ਦੀ ਕੋਈ ਸਮੱਸਿਆ ਵੀ ਨਹੀਂ ਹੁੰਦੀ। ਮਖਾਣਿਆਂ ਦਾ ਸੇਵਨ ਨਿਯਮਤ ਰੂਪ ਵਿੱਚ ਕਰਨ ਨਾਲ ਸਰੀਰ ਨੂੰ ਸ਼ੂਗਰ ਦੇ ਪੱਧਰ ਦੇ ਨਿਯੰਤਰਣ ਵਿੱਚ ਰੱਖਣ ਦੇ ਨਾਲ-ਨਾਲ ਸਾਰੇ ਪੌਸ਼ਟਿਕ ਤੱਤ ਪ੍ਰਾਪਤ ਹੋ ਜਾਂਦੇ ਹਨ। ਕੈਲੇਸਟਰੋਲ ਘੱਟ ਕਰਨ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਮਖਾਣਿਆਂ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਨਿਯੰਤਰਣ ਰੱਖਣ ਵਿੱਚ ਮਦਦ ਕਰਦਾ ਹੈ।
ਮਖਾਣੇ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਗਠੀਆ ਅਤੇ ਜੋੜਾਂ ਦੇ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਇਹ ਪਾਚਨ ਕਿਰਿਆ ਵਿੱਚ ਵੀ ਮਦਦਗਾਰ ਹੈ। ਇਸ ਵਿੱਚ ਐਂਟੀ-ਆਕਸੀਡੈਂਟ ਹੁੰਦੇ ਹਨ, ਜਿਸ ਕਾਰਨ ਇਸ ਨੂੰ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ। ਮਖਾਣੇ ਗੁਰਦਿਆਂ ਲਈ ਵੀ ਫਾਇਦੇਮੰਦ ਹਨ। ਇਹ ਗੁਰਦਿਆਂ ਨੂੰ ਡੀਟੌਕਸਫਾਈ ਕਰਦੇ ਹਨ।
ਮਖਾਣੇ ਦੀ ਬਰਾਮਦ ਤੋਂ ਦੇਸ਼ ਨੂੰ ਹਰ ਸਾਲ 25 ਤੋਂ 30 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਕਮਾਈ ਹੁੰਦੀ ਹੈ। ਵਪਾਰੀ ਬਿਹਾਰ ਤੋਂ ਮਖਾਣੇ ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਰਾਜਾਂ ਵਿੱਚ ਭੇਜਦੇ ਹਨ। ਰਵਾਇਤੀ ਮਖਾਣੇ ਦੀ ਖੇਤੀ ਵਿੱਚ ਖੇਤੀ ਰਸਾਇਣਾਂ ਦੀ ਵਰਤੋਂ ਲਗਭਗ ਨਾ ਦੇ ਬਰਾਬਰ ਹੁੰਦੀ ਹੈ, ਜਿਸ ਕਾਰਨ ਇਸ ਨੂੰ ਜੈਵਿਕ ਭੋਜਨ ਵੀ ਕਿਹਾ ਜਾਂਦਾ ਹੈ।