ਚੀਨੀ ਇਲੈਕਟ੍ਰਿਕ ਵਾਹਨ (EV) ਨਿਰਮਾਤਾ ਬੀਵਾਈਡੀ ਦਾ ਦਾਅਵਾ ਹੈ ਕਿ ਇਸਦਾ ਨਵਾਂ ਬੈਟਰੀ ਅਤੇ ਚਾਰਜਿੰਗ ਸਿਸਟਮ ਲਗਭਗ ਓਨੀ ਹੀ ਤੇਜ਼ੀ ਨਾਲ ਚਾਰਜ ਹੋ ਸਕਦਾ ਹੈ ਜਿੰਨਾ ਸਮਾਂ ਇੱਕ ਆਮ ਕਾਰ ਵਿੱਚ ਤੇਲ ਭਰਨ ਵਿੱਚ ਲੱਗਦਾ ਹੈ।
ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਬੈਟਰੀ ਸਿਰਫ਼ ਪੰਜ ਮਿੰਟਾਂ ਦੀ ਚਾਰਜਿੰਗ ਨਾਲ ਲਗਭਗ 400 ਕਿਲੋਮੀਟਰ ਦੀ ਰੇਂਜ ਤੱਕ ਚਲਦੀ ਹੈ। ਕੰਪਨੀ ਅਗਲੇ ਮਹੀਨੇ ਤੋਂ ਇਸ ਪਲੇਟਫਾਰਮ ਤੇ ਅਧਾਰਿਤ ਕਾਰ ਮਾਡਲਾਂ ਨੂੰ ਪੇਸ਼ ਕਰੇਗੀ, ਜਿਸਦੀ ਕੀਮਤ ਕ੍ਰਮਵਾਰ 270,000 ਯੂਆਨ ($37,338) ਅਤੇ 280,000 ਯੂਆਨ ਤੋਂ ਸ਼ੁਰੂ ਹੋਵੇਗੀ। ਇਹ ਇੱਕ ਬਹੁਤ ਜ਼ਿਆਦਾ ਫਾਇਦੇਮੰਦ ਫੀਚਰ ਹੈ ਕਿਉਂਕਿ ਚਾਰਜਿੰਗ ਕਰਨ ਲਈ ਲੰਬਾ ਸਮਾਂ ਇੰਤਜ਼ਾਰ ਕਰਨ ਦੇ ਕਾਰਨ ਲੋਕਾਂ ਨੂੰ ਈਵੀ ਪਸੰਦ ਨਹੀਂ ਸਨ।
ਇਹ ਨਵਾਂ ਪਲੇਟਫਾਰਮ ਬੀਵਾਈਡੀ ਨੂੰ ਇੱਕ ਮੁੱਖ ਪਛਾਣ ਦੇਵੇਗਾ ਜੋ ਪਹਿਲਾਂ ਹੀ ਦੁਨੀਆ ਦੇ ਚੋਟੀ ਦੇ ਈਵੀ ਵਿਕਰੇਤਾ ਟੈਸਲਾ ਨੂੰ ਪਛਾੜ ਚੁੱਕਾ ਸੀ। ਬੀਵਾਈਡੀ ਚਾਰਜਰ, ਟੈਸਲਾ ਦੇ ਸੁਪਰਚਾਰਜਰਾਂ ਨੂੰ ਆਰਾਮ ਨਾਲ ਪਛਾੜ ਸਕਦੇ ਹਨ, ਜੋ 15 ਮਿੰਟਾਂ ਵਿੱਚ 275 ਕਿਲੋਮੀਟਰ ਤੱਕ ਲਈ ਚਾਰਜ ਕਰਦੇ ਹਨ।
ਮਰਸਡੀਜ਼-ਬੈਂਜ਼ ਨੇ ਪਿਛਲੇ ਹਫ਼ਤੇ ਇੱਕ ਨਵੀਂ ਐਂਟਰੀ-ਲੈਵਲ ਸੀਐਲਏ(CLA) ਇਲੈਕਟ੍ਰਿਕ ਸੇਡਾਨ ਦਾ ਵੀ ਉਦਘਾਟਨ ਕੀਤਾ ਸੀ ਜੋ 10 ਮਿੰਟਾਂ ਦੀ ਚਾਰਜਿੰਗ ਵਿੱਚ 325 ਕਿਲੋਮੀਟਰ ਤੱਕ ਜਾਂਦੀ ਹੈ। ਇਸ ਤੋਂ ਇਲਾਵਾ, ਬੀਵਾਈਡੀ ਦੇ ਚੇਅਰਮੈਨ ਅਤੇ ਸੰਸਥਾਪਕ ਵਾਂਗ ਚੁਆਨਫੂ ਨੇ ਕਿਹਾ ਕਿ ਸਾਡੀਆਂ ਕਾਰਾਂ ਸਿਰਫ਼ 2 ਸਕਿੰਟਾਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਜਾਂਦੀਆਂ ਹਨ।
ਜਦੋਂ ਟੈਸਲਾ ਦੀ ਗੱਲ ਆਉਂਦੀ ਹੈ, ਤਾਂ ਰਿਪੋਰਟਾਂ ਅਨੁਸਾਰ ਚੀਨ ਵਿੱਚ ਟੈਸਲਾ ਦੀ ਵਿਕਰੀ ਫਰਵਰੀ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 49% ਘੱਟ ਕੇ ਸਿਰਫ਼ 30,688 ਵਾਹਨਾਂ ਤੱਕ ਰਹਿ ਗਈ। ਇਹ ਜੁਲਾਈ 2022 ਤੋਂ ਬਾਅਦ ਦਾ ਸਭ ਤੋਂ ਘੱਟ ਮਹੀਨਾਵਾਰ ਅੰਕੜਾ ਹੈ।
ਹਾਲਾਂਕਿ, ਬੀਵਾਈਡੀ ਨੇ ਪਿਛਲੇ ਮਹੀਨੇ 318,000 ਤੋਂ ਵੱਧ ਯਾਤਰੀ ਵਾਹਨ ਵੇਚੇ ਹਨ ਜੋ ਕਿ ਇੱਕ ਸਾਲ ਪਹਿਲਾਂ ਨਾਲੋਂ 161% ਵੱਧ ਹੈ। ਬੀਵਾਈਡੀ ਨੇ ਚੀਨ ਭਰ ਵਿੱਚ ਹੋਰ ਚਾਰਜਿੰਗ ਸਟੇਸ਼ਨ ਬਣਾਉਣ ਲਈ ਕਿਹਾ ਹੈ। ਇਸ ਸਮੇਂ ਟੈਸਲਾ ਕੋਲ ਦੁਨੀਆ ਭਰ ਵਿੱਚ 65,000 ਤੋਂ ਵੱਧ ਸੁਪਰਚਾਰਜਰਾਂ ਦਾ ਵੱਡਾ ਨੈੱਟਵਰਕ ਹੈ।
ਬੀਵਾਈਡੀ ਦਾ ਨਵਾਂ ਬੈਟਰੀ ਸਿਸਟਮ ਐਂਪਰੈਕਸ ਟੈਕਨਾਲੋਜੀ ਕੰਪਨੀ ਲਿਮਟਿਡ ਲਈ ਵੀ ਖ਼ਤਰਾ ਹੈ, ਜੋ ਕਿ ਵਰਤਮਾਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਈਵੀ ਬੈਟਰੀ ਨਿਰਮਾਤਾ ਹੈ।