ਇੱਕ ਵੱਡੇ ਫੈਸਲੇ ਵਿੱਚ ਜੋ ਦੁਨੀਆ ਭਰ ਦੇ ਲੱਖਾਂ ਵਿਦਿਆਰਥੀਆਂ ਨੂੰ ਅੜਿੱਕੇ ਵਿੱਚ ਪਾ ਦੇਵੇਗਾ, ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਲਈ ਸਾਰੇ ਨਿਰਧਾਰਤ ਇੰਟਰਵਿਊਆਂ 'ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ। ਸਾਰੇ ਅਮਰੀਕੀ ਦੂਤਾਵਾਸਾਂ ਅਤੇ ਕੌਂਸਲਰ ਸੈਕਸ਼ਨਾਂ ਨੂੰ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੁਆਰਾ ਦਸਤਖਤ ਕੀਤਾ ਗਿਆ ਇੱਕ ਕੇਬਲ ਭੇਜਿਆ ਜਾ ਰਿਹਾ ਹੈ। ਇਸ ਮੁਅੱਤਲੀ ਦਾ ਕਾਰਨ ਇੱਕ ਵਿਆਪਕ ਸੋਸ਼ਲ ਮੀਡੀਆ ਵੈਟਿੰਗ(vetting) ਹੈ, ਜਿਸ ਲਈ ਪ੍ਰਸ਼ਾਸਨ ਪਹਿਲਾਂ ਤਿਆਰੀ ਕਰਨਾ ਚਾਹੁੰਦਾ ਹੈ।
ਇਸ ਕੇਬਲ ਵਿੱਚ ਕਿਹਾ ਹੈ, "ਤੁਰੰਤ ਪ੍ਰਭਾਵਸ਼ਾਲੀ, ਲੋੜੀਂਦੀ ਸੋਸ਼ਲ ਮੀਡੀਆ ਸਕ੍ਰੀਨਿੰਗ ਅਤੇ ਵੈਟਿੰਗ ਦੇ ਵਿਸਥਾਰ ਦੀ ਤਿਆਰੀ ਵਿੱਚ, ਕੌਂਸਲਰ ਸੈਕਸ਼ਨਾਂ ਨੂੰ ਕੋਈ ਵਾਧੂ ਸਟਡੈਂਟ ਜਾਂ ਐਕਸਚੇਂਜ ਵਿਜ਼ਟਰ ਵੀਜ਼ਾ ਲਈ ਨਿਯੁਕਤੀ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਹੋਰ ਫੈਸਲਾ ਜਾਰੀ ਨਹੀਂ ਕੀਤਾ ਜਾਂਦਾ, ਜਿਸਦੀ ਅਸੀਂ ਆਉਣ ਵਾਲੇ ਦਿਨਾਂ ਵਿੱਚ ਉਮੀਦ ਕਰਦੇ ਹਾਂ।"
ਸੋਸ਼ਲ ਮੀਡੀਆ ਵੈਟਿੰਗ ਕੀ ਹੈ?
ਸੋਸ਼ਲ ਮੀਡੀਆ ਵੈਟਿੰਗ, ਬਿਨੈਕਾਰਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਨੂੰ ਜਾਂਚਣ ਅਤੇ ਫਿਰ ਇਸ ਗੱਲ 'ਤੇ ਵਿਚਾਰ ਕਰਨ ਦੀ ਪ੍ਰਕਿਰਿਆ ਹੈ ਕਿ ਕੀ ਵਿਦਿਆਰਥੀ ਨੂੰ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਇਹ ਕਦਮ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਕੈਂਪਸਾਂ ਵਿੱਚ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਦੇ ਪ੍ਰਤੀਕਰਮ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਕੀਤੀ ਗਈ ਵੱਡੀ ਕਾਰਵਾਈ ਦਾ ਹਿੱਸਾ ਹੈ।
ਇਹ ਉਹੀ ਯੋਜਨਾ ਹੈ ਜਿਸ ਦੇ ਤਹਿਤ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰਿਕਾਰਡ ਮੰਗੇ ਸਨ। ਡੋਨਾਲਡ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਕੁਝ ਸੋਸ਼ਲ ਮੀਡੀਆ ਸਕ੍ਰੀਨਿੰਗਾਂ ਲਾਗੂ ਕੀਤੀਆਂ ਸਨ ਪਰ ਉਹ ਮੁੱਖ ਤੌਰ 'ਤੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੀ ਜਾਂਚ ਕਰਨ ਲਈ ਸਨ।
ਵਿਦੇਸ਼ ਵਿਭਾਗ ਦੇ ਨਿਰਦੇਸ਼ਾਂ ਵਿੱਚ ਇਹ ਨਹੀਂ ਦੱਸਿਆ ਗਿਆ ਸੀ ਕਿ ਪ੍ਰਸ਼ਾਸਨ ਕਿਸ ਕਿਸਮ ਦੀ ਵਿਆਪਕ ਜਾਂਚ ਦੀ ਯੋਜਨਾ ਬਣਾ ਰਿਹਾ ਹੈ ਪਰ ਇਹ ਕਾਰਜਕਾਰੀ ਆਦੇਸ਼ਾਂ ਵੱਲ ਇਸ਼ਾਰਾ ਕਰਦਾ ਹੈ ਜਿਨ੍ਹਾਂ ਦਾ ਉਦੇਸ਼ ਅੱਤਵਾਦੀਆਂ ਨੂੰ ਬਾਹਰ ਰੱਖਣਾ ਅਤੇ ਯਹੂਦੀ ਵਿਰੋਧੀਵਾਦ ਨਾਲ ਲੜਨਾ ਹੈ।
ਉਦਾਹਰਣ ਵਜੋਂ, ਬ੍ਰਾਊਨ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ. ਰਾਸ਼ਾ ਅਲਾਵੀਹ ਨੂੰ ਹਾਲ ਹੀ ਵਿੱਚ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਜਦੋਂ ਫੈਡਰਲ ਸਰਕਾਰ ਨੇ ਉਸਦੇ ਫੋਨ ਦੀ ਜਾਂਚ ਕੀਤੀ ਅਤੇ ਫੋਨ ਵਿੱਚੋਂ ਈਰਾਨ ਦੇ ਸੁਪਰੀਮ ਲੀਡਰ ਦੀਆਂ ਫੋਟੋਆਂ ਲੱਭੀਆਂ। ਡਾ. ਅਲਾਵੀਹ ਨੇ ਫਰਵਰੀ ਵਿੱਚ ਹਿਜ਼ਬੁੱਲਾ ਨੇਤਾ ਹਸਨ ਨਸਰੁਲਾਹ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਿਰਕਤ ਕੀਤੀ ਸੀ।