ਨਿਵੇਸ਼ਕਾਂ ਨੂੰ ਉਮੀਦ ਸੀ ਕਿ ਪਿਛਲੇ ਮਹੀਨੇ ਵਿੱਤੀ ਬਾਜ਼ਾਰਾਂ ਵਿੱਚ ਆਈ ਉਥਲ-ਪੁਥਲ ਖਤਮ ਹੋ ਗਈ ਹੈ। ਪਰ ਅਮਰੀਕੀ ਸਰਕਾਰ ਦੇ ਲੰਬੇ ਸਮੇਂ ਦੇ ਕਰਜ਼ੇ 'ਤੇ ਵਿਆਜ ਦਰ ਸੋਮਵਾਰ ਨੂੰ 5% ਨੂੰ ਪਾਰ ਕਰ ਗਈ ਹੈ। ਇਹ ਅਕਤੂਬਰ 2023 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।
ਇਹ ਖ਼ਬਰ ਮੂਡੀਜ਼ ਦੁਆਰਾ ਸ਼ੁੱਕਰਵਾਰ ਨੂੰ ਅਮਰੀਕੀ ਸਰਕਾਰ ਦੀ ਕ੍ਰੈਡਿਟ ਰੇਟਿੰਗ ਨੂੰ ਡਾਊਨਗ੍ਰੇਡ ਕਰਨ ਤੋਂ ਬਾਅਦ ਸਾਹਮਣੇ ਆਈ ਹੈ। ਇਸ ਦੌਰਾਨ ਕਾਂਗਰਸ ਇੱਕ ਟੈਕਸ-ਅਤੇ-ਖਰਚ ਬਿੱਲ ਨੂੰ ਅੱਗੇ ਵਧਾ ਰਹੀ ਹੈ ਜੋ ਅਮਰੀਕੀ ਸਰਕਾਰ ਦੇ $36 ਟ੍ਰਿਲੀਅਨ ਦੇ ਕਰਜ਼ੇ ਵਿੱਚ ਖਰਬਾਂ ਹੋਰ ਜੋੜ ਦੇਵੇਗਾ।
ਸਰਕਾਰੀ ਬਾਂਡ ਕੀ ਹੈ?
ਜਦੋਂ ਕੋਈ ਸਰਕਾਰ ਪੈਸੇ ਉਧਾਰ ਲੈਣਾ ਚਾਹੁੰਦੀ ਹੈ, ਤਾਂ ਇਹ ਆਮ ਤੌਰ 'ਤੇ ਵਿੱਤੀ ਬਾਜ਼ਾਰਾਂ ਵਿੱਚ ਨਿਵੇਸ਼ਕਾਂ ਨੂੰ ਬਾਂਡ ਵੇਚ ਕੇ ਅਜਿਹਾ ਕਰਦੀ ਹੈ।
ਨਿਵੇਸ਼ਕ ਬਾਂਡ ਖਰੀਦਦੇ ਹਨ ਅਤੇ ਸਰਕਾਰ ਨੂੰ ਨਕਦੀ ਪ੍ਰਦਾਨ ਕਰਦੇ ਹਨ। ਇਸ ਵਿੱਚ ਨਿਵੇਸ਼ਕਾਂ ਨੂੰ ਆਮ ਤੌਰ 'ਤੇ ਪਹਿਲਾਂ ਤੋਂ ਨਿਰਧਾਰਿਤ ਵਿਆਜ ਦੇ ਨਾਲ ਭੁਗਤਾਨ ਕੀਤਾ ਜਾਂਦਾ ਹੈ। ਇਹ ਜੋਖਮ ਭਰੇ ਸਮਝੇ ਜਾਂਦੇ ਬਾਂਡਾਂ ਵਿੱਚ ਵੀ ਉੱਚ ਵਿਆਜ ਦਰਾਂ ਹੁੰਦੀਆਂ ਹਨ। ਬਾਂਡ ਖਰੀਦਣ ਵਾਲੇ ਨਿਵੇਸ਼ਕ ਮੁੱਖ ਤੌਰ 'ਤੇ ਵਿੱਤੀ ਸੰਸਥਾਵਾਂ ਹੀ ਹੁੰਦੀਆਂ ਹਨ ਜਿਵੇਂਕਿ ਪੈਨਸ਼ਨ ਫੰਡ ਅਤੇ ਕੇਂਦਰੀ ਬੈਂਕਾਂ।
ਇਨ੍ਹਾਂ ਵਿੱਚੋਂ ਕਈ ਨਿਵੇਸ਼ਕ ਕੁਝ ਬਾਂਡਾਂ ਨੂੰ ਕਰਜ਼ੇ ਦੀ ਮਿਆਦ ਖਤਮ ਹੋਣ ਤੱਕ ਰੱਖੀ ਰੱਖਦੇ ਹਨ ਅਤੇ ਕੁਝ ਦੂਜੇ ਨਿਵੇਸ਼ਕਾਂ ਨੂੰ ਵੇਚ ਦਿੰਦੇ ਹਨ।
ਅਮਰੀਕੀ ਬਾਂਡਾਂ ਨਾਲ ਕੀ ਹੋ ਰਿਹਾ ਹੈ?
ਇਤਿਹਾਸਕ ਤੌਰ 'ਤੇ, ਅਮਰੀਕੀ ਸਰਕਾਰ ਨੂੰ ਉੱਚ ਵਿਆਜ ਦਰਾਂ ਦਾ ਭੁਗਤਾਨ ਕਰਨ ਦੀ ਜਰੂਰਤ ਨਹੀਂ ਪੈਂਦੀ ਸੀ ਕਿਉਂਕਿ ਅਮਰੀਕੀ ਅਰਥਵਿਵਸਥਾ ਕਾਫੀ ਮਜ਼ਬੂਤ ਰਹੀ ਹੈ। ਸਥਿਰ ਕੀਮਤਾਂ ਦੇ ਨਾਲ ਅਮਰੀਕੀ ਸਰਕਾਰ ਨੂੰ ਇੱਕ ਭਰੋਸੇਯੋਗ ਸਾਥੀ ਮੰਨਿਆ ਜਾਂਦਾ ਸੀ, ਜਿਸਦੇ ਡਿਫਾਲਟ ਹੋਣ ਦੀ ਸੰਭਾਵਨਾ ਨਹੀਂ ਸੀ।
2008 ਦੇ ਵਿੱਤੀ ਸੰਕਟ ਤੋਂ ਬਾਅਦ 30-ਸਾਲਾ ਖਜ਼ਾਨੇ 'ਤੇ ਜੀਲਡ(yields) ਦਹਾਕੇ ਦੇ ਜ਼ਿਆਦਾਤਰ ਸਮੇਂ ਲਈ 3% ਦੇ ਆਸ-ਪਾਸ ਰਹੀ। ਜਦੋਂ ਇਹ ਅਕਤੂਬਰ 2023 ਵਿੱਚ 5% ਨੂੰ ਪਾਰ ਕਰ ਗਿਆ ਤਾਂ ਇਹ ਪਹਿਲੀ ਵਾਰ ਸੀ ਜਦੋਂ ਇਹ 16 ਸਾਲਾਂ ਵਿੱਚ ਇਸ ਉਚਾਈ 'ਤੇ ਪਹੁੰਚਿਆ ਸੀ।
ਇਸੇ 30-ਸਾਲਾ ਖਜ਼ਾਨੇ 'ਤੇ ਜੀਲਡ ਸੋਮਵਾਰ ਨੂੰ 5.04% ਤੱਕ ਵੱਧ ਗਈ, ਜੋ ਕਿ ਡਾਊਨਗ੍ਰੇਡ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ 4.9% ਸੀ।
ਹੁਣ ਨਵੇਂ ਜੋਖਮ ਕੀ ਹਨ?
2021 ਵਿੱਚ ਜੀਲਡ ਵਧਣੀ ਸ਼ੁਰੂ ਹੋ ਗਈ ਸੀ ਕਿਉਂਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਅਮਰੀਕਾ, ਕੀਮਤਾਂ ਵਿੱਚ ਵਾਧੇ ਭਾਵ ਮਹਿੰਗਾਈ ਨਾਲ ਪ੍ਰਭਾਵਿਤ ਹੋਇਆ ਸੀ।
ਪਿਛਲੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਵਿਸ਼ਵ ਪੱਧਰ 'ਤੇ ਟੈਰਿਫ ਲਗਾਉਣ ਤੋਂ ਬਾਅਦ ਚਿੰਤਾਵਾਂ ਮੁੜ ਉੱਠੀਆਂ, ਜਿਸ ਬਾਰੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਇਸ ਨਾਲ ਅਰਥਵਿਵਸਥਾ ਨੂੰ ਨੁਕਸਾਨ ਹੋਵੇਗਾ ਅਤੇ ਮਹਿੰਗਾਈ ਵਧ ਜਾਵੇਗੀ।
ਉਸੇ ਸਮੇਂ ਤੋਂ ਅਮਰੀਕਾ ਆਪਣਾ ਕਰਜ਼ਾ ਵਧਾ ਰਿਹਾ ਹੈ ਜਿਸ ਵਿੱਚ ਮੰਦੀ ਦੇ ਬਹੁਤ ਘੱਟ ਸੰਕੇਤ ਨਜ਼ਰ ਆ ਰਹੇ ਹਨ। ਸ਼ੁੱਕਰਵਾਰ ਨੂੰ, ਮੂਡੀਜ਼ ਨੇ ਵਧ ਰਹੇ ਕਰਜ਼ੇ ਅਤੇ ਇਸ ਨੂੰ ਹੱਲ ਕਰਨ ਵੱਲ ਬਹੁਤ ਘੱਟ ਧਿਆਨ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਸਰਕਾਰ ਦੀ ਕ੍ਰੈਡਿਟ ਰੇਟਿੰਗ ਨੂੰ ਡਾਊਨਗ੍ਰੇਡ ਕੀਤਾ ਹੈ।
ਇਹ ਕਦਮ ਅਚਾਨਕ ਨਹੀਂ ਲਿਆ ਗਿਆ। ਮੂਡੀਜ਼ ਇਹ ਫੈਸਲਾ ਕਰਨ ਵਾਲੀਆਂ ਤਿੰਨ ਰੇਟਿੰਗ ਏਜੰਸੀਆਂ ਵਿੱਚੋਂ ਆਖਰ ਤੇ ਸਨ ਅਤੇ ਇਨ੍ਹਾਂ 2023 ਵਿੱਚ ਚੇਤਾਵਨੀ ਦਿੱਤੀ ਸੀ ਕਿ ਅਜਿਹਾ ਹੋ ਸਕਦਾ ਹੈ।
ਪਰ ਇਸ ਸਾਰੀ ਸਥਿਤੀ ਨੂੰ ਉਦੋਂ ਉਜਾਗਰ ਕੀਤਾ ਗਿਆ ਜਦੋਂ ਕਾਂਗਰਸ ਨੇ ਐਤਵਾਰ ਨੂੰ ਇੱਕ ਟੈਕਸ ਬਿੱਲ ਨੂੰ ਅੱਗੇ ਵਧਾਉਣ ਲਈ ਵੋਟ ਦਿੱਤੀ ਜੋ ਅਗਲੇ ਦਹਾਕੇ ਵਿੱਚ ਅਮਰੀਕੀ ਕਰਜ਼ੇ ਵਿੱਚ ਘੱਟੋ-ਘੱਟ $3 ਟ੍ਰਿਲੀਅਨ ਦਾ ਵਾਧਾ ਕਰੇਗਾ।
ਇਹ ਆਮ ਅਮਰੀਕੀਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਮੂਡੀਜ਼ ਦੇ ਅਨੁਸਾਰ, ਅਮਰੀਕਾ ਵਿੱਚ ਕਰਜੇ ਦੇ ਵਿਆਜ ਦਾ ਭੁਗਤਾਨ 2035 ਤੱਕ ਸੰਘੀ ਸਰਕਾਰ ਦੇ ਮਾਲੀਏ ਦੇ 30% ਦੇ ਬਰਾਬਰ ਹੋ ਸਕਦਾ ਹੈ ਜਦੋਂ ਕਿ 2021 ਵਿੱਚ ਇਹ 9% ਸੀ।
ਜੇਕਰ ਅਮਰੀਕੀ ਸਰਕਾਰ ਕਰਜ਼ੇ ਦੇ ਵਿਆਜ ਦੀ ਅਦਾਇਗੀ 'ਤੇ ਜ਼ਿਆਦਾ ਖਰਚ ਕਰ ਰਹੀ ਹੈ, ਤਾਂ ਇਹ ਬਜਟ ਅਤੇ ਜਨਤਕ ਖਰਚਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਇਸ ਸਰਕਾਰ ਲਈ ਆਪਣੇ ਆਪ ਨੂੰ ਕਾਇਮ ਰੱਖਣਾ ਹੋਰ ਮੁਸ਼ਕਿਲ ਹੋ ਜਾਂਦਾ ਹੈ।
ਇਸੇ ਤਰ੍ਹਾਂ ਹੀ ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ ਲਈ ਵਿਆਜ ਦਰਾਂ ਆਮ ਤੌਰ 'ਤੇ ਹੋਰ ਕਿਸਮਾਂ ਦੇ ਕਰਜ਼ਿਆਂ, ਜਿਵੇਂ ਕਿ ਮੌਰਗੇਜ ਜਾਂ ਕ੍ਰੈਡਿਟ ਕਾਰਡਾਂ 'ਤੇ ਲਈਆਂ ਜਾਣ ਵਾਲੀਆਂ ਵਿਆਜ ਦਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਲਈ ਸਰਕਾਰ ਲਈ ਉੱਚ ਵਿਆਜ ਦਰਾਂ ਦਾ ਅਰਥ ਘਰਾਂ ਅਤੇ ਕਾਰੋਬਾਰਾਂ ਲਈ ਵੀ ਉੱਚ ਵਿਆਜ ਦਰਾਂ ਹਨ।
ਜੇਕਰ ਕਾਰੋਬਾਰਾਂ ਨੂੰ ਕ੍ਰੈਡਿਟ ਤੱਕ ਪਹੁੰਚ ਨਹੀਂ ਮਿਲ ਸਕਦੀ, ਤਾਂ ਇਹ ਆਰਥਿਕ ਵਿਕਾਸ ਨੂੰ ਰੋਕ ਸਕਦਾ ਹੈ ਅਤੇ ਸਮੇਂ ਦੇ ਨਾਲ ਨੌਕਰੀਆਂ ਦਾ ਵੀ ਨੁਕਸਾਨ ਕਰ ਸਕਦਾ ਹੈ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਅਤੇ ਘਰ ਬਦਲਣ ਦੇ ਚਾਹਵਾਨਾਂ ਨੂੰ ਵੀ ਉੱਚ ਵਿਆਜ ਦਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।