ਤਰਸੇਮ ਜੱਸੜ ਜੋ ਕਿ ਸੂਪਰ-ਡੂਪਰ ਹਿੱਟ ਧਾਰਮਿਕ ਫਿਲਮ 'ਮਸਤਾਨੇ' ਵਿੱਚ ਬਤੌਰ ਅਦਾਕਾਰ ਕਿਰਦਾਰ ਨਿਭਾ ਚੁੱਕੇ ਹਨ। ਹੁਣ ਉਹ ਆਪਣੀ ਨਵੀਂ ਫਿਲਮ 'ਗੁਰੂ ਨਾਨਕ ਜਹਾਜ਼' (ਕਾਮਾਗਾਟਾ ਮਾਰੂ ਦੀ ਯਾਤਰਾ) ਲੈ ਕੇ ਆ ਰਹੇ ਹਨ ਜੋ ਕਿ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਦਾ ਟੀਜ਼ਰ 29 ਮਾਰਚ ਨੂੰ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਤਰਸੇਮ ਜੱਸੜ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਨਜ਼ਰ ਆ ਰਹੇ ਹਨ। ਇਹ ਫਿਲਮ 1 ਮਈ 2025 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ।
'ਵੇਹਲੀ ਜਨਤਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ 'ਗੁਰੂ ਨਾਨਕ ਜਹਾਜ਼' ਦਾ ਨਿਰਦੇਸ਼ਨ ਸ਼ਰਨ ਆਰਟ ਦੁਆਰਾ ਕੀਤਾ ਗਿਆ ਹੈ, ਇਨ੍ਹਾਂ ਨੇ ਪਹਿਲਾਂ 'ਰੱਬ ਦਾ ਰੇਡਿਉ 2', 'ਰੱਬ ਦਾ ਰੇਡਿਉ 3' ਅਤੇ 'ਮਸਤਾਨੇ' ਜਿਹੀਆਂ ਫਿਲਮਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
ਫਿਲਮ ਦਾ ਟੀਜ਼ਰ 376 ਭਾਰਤੀ ਪ੍ਰਵਾਸੀਆਂ ਦੇ ਸੰਘਰਸ਼ਾਂ 'ਤੇ ਇੱਕ ਝਾਤ ਪਾਉਂਦਾ ਹੈ ਜੋ ਇੱਕ ਬਿਹਤਰ ਜੀਵਨ ਦੀ ਭਾਲ ਵਿੱਚ ਕੈਨੇਡਾ ਗਏ ਸਨ ਪਰ ਉਨ੍ਹਾਂ ਨੂੰ ਨਸਲਵਾਦ, ਅਸਵੀਕਾਰ ਅਤੇ ਰਾਜਨੀਤਿਕ ਵਿਸ਼ਵਾਸਘਾਤ ਦਾ ਸਾਹਮਣਾ ਕਰਨਾ ਪਿਆ।
ਤਰਸੇਮ ਜੱਸੜ ਤੋਂ ਇਲਾਵਾ ਇਸ ਫਿਲਮ ਵਿੱਚ ਦਿੱਗਜ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਮਾਰਕ ਬੇਨਿੰਗਟਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਟੀਜ਼ਰ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਇਸ ਫਿਲਮ ਦੀ ਖਾਸੀਅਤ ਇਹ ਵੀ ਹੈ ਕਿ ਇਹ ਤੁਹਾਨੂੰ 1914 ਵਿੱਚ ਲੈ ਜਾਵੇਗੀ, ਜੋ ਕਿ ਪ੍ਰਸ਼ੰਸਕਾਂ ਲਈ ਬਿਲਕੁਲ ਨਵਾਂ ਤਜ਼ਰਬਾ ਹੋਵੇਗਾ।