ਟਰੰਪ ਨੇ ਅਮਰੀਕਾ ਵਿੱਚ ਟਿੱਕਟੌਕ (TikTok) ਨੂੰ ਚਾਲੂ ਰੱਖਣ ਦੀ ਸਮਾਂ ਸੀਮਾ ਵਧਾਈ

trump on tiktok ban in america

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿੱਕਟੌਕ ਨੂੰ ਇੱਕ ਕਾਨੂੰਨ ਦੀ ਪਾਲਣਾ ਕਰਨ ਲਈ ਦੂਸਰੀ ਵਾਰ 75 ਦਿਨਾਂ ਦੀ ਐਕਸਟੈਂਸ਼ਨ ਦਿੱਤੀ ਹੈ ਜਿਸ ਵਿੱਚ ਬਹੁਤ ਮਸ਼ਹੂਰ ਵੀਡੀਉ ਐਪ ਨੂੰ ਜਾਂ ਤਾਂ ਆਪਣਾ ਅਮਰੀਕੀ ਸੰਚਾਲਨ(US operation) ਵੇਚਣਾ ਪਵੇਗਾ ਜਾਂ ਦੇਸ਼ ਵਿੱਚ ਬੈਨ ਦਾ ਸਾਹਮਣਾ ਕਰਨਾ ਪਵੇਗਾ।

ਟਰੰਪ ਨੇ ਟਰੁੱਥ ਸ਼ੋਸ਼ਲ 'ਤੇ ਲਿਖਿਆ ਕਿ "ਅਸੀਂ ਨਹੀਂ ਚਾਹੁੰਦੇ ਕਿ ਟਿੱਕਟੌਕ 'ਡਾਰਕ' ਹੋ ਜਾਵੇ। ਅਸੀਂ ਟਿੱਕਟੌਕ ਵੱਲੋਂ ਸਹਿ੍ਯੋਗ ਦੀ ਉਮੀਦ ਕਰਦੇ ਹਾਂ।" ਟਿੱਕਟੌਕ ਪਲੇਟਫਾਰਮ ਵਰਤਮਾਨ ਵਿੱਚ ਚੀਨੀ ਕੰਪਨੀ ਬਾਈਟਡਾਨਸ (ByteDance) ਦੀ ਮਲਕੀਅਤ ਹੈ। ਟਰੰਪ ਨੇ ਟਿੱਕਟੌਕ ਨੂੰ ਪਹਿਲਾ ਐਕਸਟੈਂਸ਼ਨ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦਿੱਤਾ ਸੀ ਅਤੇ ਇਸਦੀ ਮਿਆਦ ਸ਼ਨੀਵਾਰ ਨੂੰ ਖਤਮ ਹੋਣ ਵਾਲੀ ਸੀ।

ਟਿੱਕਟੌਕ ਅਨੁਸਾਰ ਇਸਦੇ ਅਮਰੀਕਾ ਵਿੱਚ 170 ਮਿਲੀਅਨ ਤੋਂ ਵੱਧ ਉਪਭੋਗਤਾ ਹਨ ਅਤੇ ਇਸ ਐਪ ਨੂੰ ਕਾਂਗਰਸ ਦੁਆਰਾ ਪਾਸ ਕੀਤੇ ਗਏ ਕਾਨੂੰਨ ਦੇ ਤਹਿਤ ਅਮਰੀਕਾ ਵਿੱਚ ਬੰਦ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ, ਬਾਈਟਡਾਨਸ ਨੇ ਕਿਹਾ ਕਿ ਉਹ ਟਰੰਪ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਹਨ ਪਰ ਅਜੇ ਕੋਈ ਸਮਝੌਤਾ ਨਹੀਂ ਹੋਇਆ।

ਇੱਕ ਬੁਲਾਰੇ ਨੇ ਕਿਹਾ ਕਿ "ਕੁਝ ਮੁੱਖ ਮਾਮਲੇ ਹੱਲ ਕਰਨੇ ਬਾਕੀ ਹਨ। ਕੋਈ ਵੀ ਸਮਝੌਤਾ ਚੀਨੀ ਕਾਨੂੰਨਾਂ ਦੇ ਤਹਿਤ ਪ੍ਰਵਾਨਗੀ ਦੇ ਅਧੀਨ ਹੋਵੇਗਾ।" ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਸ਼ਾਸਨ ਨੇ ਦਲੀਲ ਦਿੱਤੀ ਸੀ ਕਿ ਚੀਨ ਦੁਆਰਾ ਟਿੱਕਟੌਕ ਨੂੰ ਅਮਰੀਕਾ ਵਿੱਚ ਜਾਸੂਸੀ ਅਤੇ ਰਾਜਨੀਤਿਕ ਹੇਰਾਫੇਰੀ ਲਈ ਇੱਕ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ।

ਕਾਂਗਰਸ ਨੇ ਪਿਛਲੇ ਸਾਲ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਵਿੱਚ ਬਾਈਟਡਾਨਸ ਨੂੰ ਟਿੱਕਟੌਕ ਵਿੱਚੋਂ ਆਪਣੀ ਕੰਟਰੋਲਿੰਗ ਹਿੱਸੇਦਾਰੀ ਵੇਚਣ ਜਾਂ ਐਪ ਨੂੰ ਅਮਰੀਕਾ ਵਿੱਚ ਬਲਾੱਕ ਦੇਖਣ ਲਈ ਛੇ ਮਹੀਨੇ ਦਿੱਤੇ ਗਏ ਸਨ। ਕਈ ਆਲੋਚਕਾਂ ਨੇ ਟਿੱਕਟੌਕ ਤੇ ਪਾਬੰਦੀ ਲਾਉਣ ਨੂੰ ਬੋਲਣ ਦੀ ਆਜ਼ਾਦੀ ਤੇ ਰੋਕ ਦੱਸਿਆ ਹੈ।

ਇਹ ਨਵਾਂ ਫੈਸਲਾ ਉਦੋਂ ਆਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਅਮਰੀਕੀ ਮਾਲਕੀ ਹੇਠ ਲਿਆਉਣ ਅਤੇ ਪ੍ਰਸਿੱਧ ਐਪ ਨੂੰ ਅਮਰੀਕਾ ਵਿੱਚ ਚੱਲਦਾ ਰੱਖਣ ਲਈ ਇੱਕ ਸੌਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਲਿਖਿਆ, "ਸੌਦੇ ਲਈ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ 'ਤੇ ਦਸਤਖਤ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਅਜੇ ਹੋਰ ਚੀਜਾਂ ਦੀ ਲੋੜ ਹੈ।"

ਬੈਨ ਦੀ ਆਖਰੀ ਮਿਤੀ ਨੇੜੇ ਆਉਣ 'ਤੇ ਟਿੱਕਟੌਕ ਨੂੰ ਕੌਣ ਖਰੀਦ ਸਕਦਾ ਹੈ? 

ਐਮਾਜ਼ਾਨ ਨੇ ਬੁੱਧਵਾਰ ਨੂੰ ਟਿੱਕਟੌਕ ਨੂੰ ਖਰੀਦਣ ਲਈ ਪਹਿਲਕਦਮੀ ਕੀਤੀ ਸੀ ਪਰ ਉਸੇ ਦਿਨ ਟਰੰਪ ਦੁਆਰਾ ਚੀਨ ਸਮੇਤ ਵਿਆਪਕ ਗਲੋਬਲ ਟੈਰਿਫਾਂ ਦਾ ਐਲਾਨ ਕਰਨ ਤੋਂ ਬਾਅਦ ਇਹ ਪੂਰੀ ਨਹੀਂ ਹੋ ਸਕੀ।

ਬਾਈਟਡਾਂਸ ਦੇ ਨੁਮਾਇੰਦਿਆਂ ਨੇ ਵ੍ਹਾਈਟ ਹਾਊਸ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਚੀਨ ਹੁਣ ਇਸ ਸੌਦੇ ਨੂੰ ਉਦੋਂ ਤੱਕ ਮਨਜ਼ੂਰੀ ਨਹੀਂ ਦੇਵੇਗਾ ਜਦੋਂ ਤੱਕ ਟੈਰਿਫਾਂ 'ਤੇ ਗੱਲਬਾਤ ਨਹੀਂ ਹੋ ਜਾਂਦੀ। ਅਣਜਾਣ ਸਰੋਤਾਂ ਨੇ ਕਿਹਾ ਕਿ ਇਸ ਸੌਦੇ ਨੂੰ ਮੌਜੂਦਾ ਨਿਵੇਸ਼ਕਾਂ, ਨਵੇਂ ਨਿਵੇਸ਼ਕਾਂ, ਬਾਈਟਡਾਂਸ ਅਤੇ ਅਮਰੀਕੀ ਸਰਕਾਰ ਤੋਂ ਪ੍ਰਵਾਨਗੀ ਮਿਲ ਗਈ ਸੀ ਪਰ ਸੀਬੀਐਸ ਰਿਪੋਰਟਾਂ ਅਨੁਸਾਰ ਟਰੰਪ ਦੁਆਰਾ ਗਲੋਬਲ ਆਯਾਤ ਟੈਕਸ ਲਗਾਉਣ ਤੋਂ ਬਾਅਦ ਚੀਨ ਪਿੱਛੇ ਹਟ ਗਿਆ।

ਵਾਸ਼ਿੰਗਟਨ ਡੀਸੀ ਵਿੱਚ ਚੀਨੀ ਦੂਤਾਵਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ "ਉਨ੍ਹਾਂ ਗਤੀਵਿਧੀਆਂ ਦਾ ਵਿਰੋਧ ਕੀਤਾ ਹੈ ਜੋ ਅਰਥਵਿਵਸਥਾ ਦੇ ਬੁਨਿਆਦੀ ਸਿਧਾਂਤਾਂ ਦੀ ਉਲੰਘਣਾ ਕਰਦੇ ਹਨ।" ਚੀਨ ਨੂੰ ਅਮਰੀਕਾ ਵਿੱਚ ਆਯਾਤ ਕੀਤੇ ਜਾਣ ਵਾਲੇ ਸਮਾਨ 'ਤੇ ਕੁੱਲ 54% ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਜਵਾਬੀ ਕਾਰਵਾਈ ਵਿੱਚ ਚੀਨ ਨੇ 34% ਟੈਰਿਫ ਲਗਾ ਦਿੱਤਾ ਹੈ।

ਰਿਪੋਰਟਾਂ ਦੱਸਦੀਆਂ ਹਨ ਕਿ ਹਾਲ ਹੀ ਦੇ ਦਿਨਾਂ ਵਿੱਚ ਟਿੱਕਟੌਕ ਲਈ ਕਈ ਸੰਭਾਵੀ ਖਰੀਦਦਾਰ ਸਾਹਮਣੇ ਆਏ ਹਨ। ਬੀਬੀਸੀ ਦੇ ਅਮਰੀਕੀ ਭਾਈਵਾਲ ਸੀਬੀਐਸ ਦੇ ਅਨੁਸਾਰ, ਐਮਾਜ਼ਾਨ ਨੇ ਟਿੱਕਟੌਕ ਨੂੰ ਖਰੀਦਣ ਲਈ ਵ੍ਹਾਈਟ ਹਾਊਸ ਨੂੰ ਪੇਸ਼ਕਸ਼ ਕੀਤੀ ਹੈ ਹਾਲਾਂਕਿ ਫਰਮ ਨੇ ਇਸਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਕਈ ਹੋਰ ਸੰਭਾਵੀ ਖਰੀਦਦਾਰਾਂ ਵਿੱਚੋਂ ਅਰਬਪਤੀ ਫਰੈਂਕ ਮੈਕਕੋਰਟ, ਕੈਨੇਡੀਅਨ ਕਾਰੋਬਾਰੀ ਕੇਵਿਨ ਓ'ਲਰੀ ਦੇ ਨਾਲ ਸ਼ਾਮਲ ਹਨ। ਰੈਡਿਟ ਦੀ ਸਹਿ-ਸਥਾਪਨਾ ਕਰਨ ਵਾਲੇ ਅਲੈਕਸਿਸ ਓਹਾਨੀਅਨ ਨੇ ਕਿਹਾ ਹੈ ਕਿ ਉਹ ਮੈਕਕੋਰਟ ਦੀ ਬੋਲੀ ਵਿੱਚ ਸ਼ਾਮਲ ਹੋ ਗਏ ਹਨ। ਕੰਪਿਊਟਿੰਗ ਦਿੱਗਜ ਮਾਈਕ੍ਰੋਸਾਫਟ, ਪ੍ਰਾਈਵੇਟ ਇਕੁਇਟੀ ਦਿੱਗਜ ਬਲੈਕਸਟੋਨ, ​​ਵੈਂਚਰ ਕੈਪੀਟਲ ਫਰਮ ਐਂਡਰੀਸਨ ਹੋਰੋਵਿਟਜ਼ ਅਤੇ ਸਰਚ ਇੰਜਣ ਪਰਪਲੈਕਸਿਟੀ ਏਆਈ ਵੀ ਕਥਿਤ ਤੌਰ 'ਤੇ ਟਿੱਕਟੌਕ ਦੀ ਹਿੱਸੇਦਾਰੀ ਲੈਣ ਲਈ ਦੌੜ ਵਿੱਚ ਹਨ।

ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਸੰਭਾਵੀ ਟਿੱਕਟੌਕ ਦੇ ਸੌਦੇ ਵਿੱਚ ਦਿਲਚਸਪੀ ਰੱਖਣ ਵਾਲੇ ਚਾਰ ਵੱਖ-ਵੱਖ ਸਮੂਹਾਂ ਦੇ ਸੰਪਰਕ ਵਿੱਚ ਸੀ, ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਹੈ। ਉਪ-ਰਾਸ਼ਟਰਪਤੀ ਜੇਡੀ ਵੈਂਸ ਟਿੱਕਟੌਕ ਦਾ ਖਰੀਦਦਾਰ ਲੱਭਣ ਲਈ ਪ੍ਰਸ਼ਾਸਨ ਦੇ ਯਤਨਾਂ ਦੀ ਅਗਵਾਈ ਕਰ ਰਹੇ ਹਨ।

ਰਾਸ਼ਟਰਪਤੀ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਅਮਰੀਕਾ ਇੱਕ ਸੌਦਾ ਪੇਸ਼ ਕਰ ਸਕਦਾ ਹੈ ਜਿੱਥੇ ਚੀਨ ਤੋਂ, ਆਯਾਤਾਂ ਉੱਤੇ ਅਮਰੀਕੀ ਟੈਰਿਫ ਤੋਂ ਰਾਹਤ ਦੇ ਬਦਲੇ ਟਿੱਕਟੌਕ ਦੀ ਵਿਕਰੀ ਦੀ ਮਨਜ਼ੂਰੀ ਲਈ ਜਾਵੇਗੀ। ਟਰੰਪ ਨੇ ਟਰੁੱਥ ਸੋਸ਼ਲ 'ਤੇ ਲਿਖਿਆ, "ਅਸੀਂ ਚੀਨ ਨਾਲ ਅੱਗੇ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ, ਜਿਸਨੂੰ ਮੈਂ ਸਮਝਦਾ ਹਾਂ ਕਿ ਉਹ ਸਾਡੇ ਪਰਸਪਰ ਟੈਰਿਫਾਂ ਤੋਂ ਬਹੁਤ ਖੁਸ਼ ਨਹੀਂ ਹਨ।" 

ਟਰੰਪ ਨੇ ਅੱਗੇ ਕਿਹਾ ਕਿ ਵਪਾਰਕ ਟੈਰਿਫ "ਸਭ ਤੋਂ ਸ਼ਕਤੀਸ਼ਾਲੀ ਆਰਥਿਕ ਸ੍ਰੋਤ ਹਨ, ਅਤੇ ਸਾਡੀ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ" ਹਨ।

Gurpreet | 05/04/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ