ਭਾਰਤ ਅਤੇ ਬ੍ਰਿਟੇਨ ਵਿਚਕਾਰ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ. ) 'ਤੇ ਗੱਲਬਾਤ ਸੋਮਵਾਰ ਨੂੰ ਮੁੜ ਸ਼ੁਰੂ ਹੋਈ। ਭਾਰਤ ਆਏ ਬ੍ਰਿਟਿਸ਼ ਵਪਾਰ ਮੰਤਰੀ ਜੋਨਾਥਨ ਰੇਨੋਲਡਸ ਅਤੇ ਭਾਰਤੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇੱਕ ਮੀਟਿੰਗ ਕੀਤੀ, ਜਿਸ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ, ਦੋਵਾਂ ਦੇਸ਼ਾਂ ਨੇ ਜਲਦੀ ਹੀ ਇੱਕ ਸਮਝੌਤੇ 'ਤੇ ਪਹੁੰਚਣ ਦੀ ਉਮੀਦ ਪ੍ਰਗਟਾਈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਰਤੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ, "ਇਹ ਸਮਝੌਤਾ ਅੱਗੇ ਵਧਣ ਦਾ ਰਾਹ ਖੋਲ੍ਹੇਗਾ ਅਤੇ ਸਾਨੂੰ ਅਗਲੇ 10 ਸਾਲਾਂ ਵਿੱਚ 20 ਬਿਲੀਅਨ ਡਾਲਰ ਦੇ ਆਪਣੇ ਮੌਜੂਦਾ ਵਪਾਰ ਨੂੰ ਦੋ-ਤਿੰਨ ਗੁਣਾ ਵਧਾਉਣ ਦੇ ਯੋਗ ਬਣਾਏਗਾ।" ਇਹ ਪੁੱਛੇ ਜਾਣ 'ਤੇ ਕਿ ਗੱਲਬਾਤ ਕਦੋਂ ਪੂਰੀ ਹੋਵੇਗੀ, ਉਨ੍ਹਾਂ ਕਿਹਾ ਕਿ ਇੱਕ ਚੰਗੇ ਸਮਝੌਤੇ 'ਤੇ ਪਹੁੰਚਣ ਲਈ ਕਦੇ ਵੀ ਬਹੁਤ ਜਲਦੀ ਜਾਂ ਬਹੁਤ ਦੇਰ ਨਹੀਂ ਹੁੰਦੀ। ਇਹ ਸਮਝੌਤੇ ਲੰਬੇ ਸਮੇਂ ਦੇ ਭਵਿੱਖ ਲਈ ਹਨ। ਇਸ ਲਈ, ਸਾਨੂੰ ਕਿਸੇ ਵੀ ਚੀਜ਼ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ, ਸਗੋਂ ਜਿੰਨੀ ਜਲਦੀ ਹੋ ਸਕੇ ਸਿੱਟਾ ਕੱਢਣ ਬਾਰੇ ਸੋਚਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਬ੍ਰਿਟਿਸ਼ ਵਪਾਰ ਮੰਤਰੀ ਜੋਨਾਥਨ ਰੇਨੋਲਡਸ ਨੇ ਕਿਹਾ ਕਿ ਇਹ ਸਮਝੌਤਾ ਬ੍ਰਿਟੇਨ ਦੀ ਸਭ ਤੋਂ ਵੱਡੀ ਤਰਜੀਹ ਹੈ।
ਇਸ ਤੋਂ ਪਹਿਲਾਂ ਭਾਰਤ-ਯੂਕੇ ਦੀ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) 'ਤੇ ਗੱਲਬਾਤ 13 ਜਨਵਰੀ 2022 ਨੂੰ ਸ਼ੁਰੂ ਹੋਈ ਸੀ। ਇਸ ਸਮਝੌਤੇ ਦਾ ਉਦੇਸ਼ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ। ਅਜਿਹੇ ਸਮਝੌਤਿਆਂ ਵਿੱਚ, ਦੋ ਦੇਸ਼ ਆਪਣੇ ਵਿਚਕਾਰ ਵਪਾਰ ਕੀਤੇ ਜਾਣ ਵਾਲੇ ਜ਼ਿਆਦਾਤਰ ਸਾਮਾਨਾਂ 'ਤੇ ਕਸਟਮ ਡਿਊਟੀਆਂ ਨੂੰ ਖਤਮ ਕਰ ਦਿੰਦੇ ਹਨ ਜਾਂ ਕਾਫ਼ੀ ਘਟਾ ਦਿੰਦੇ ਹਨ। ਉਹ ਸੇਵਾਵਾਂ ਵਿੱਚ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨਿਯਮਾਂ ਨੂੰ ਵੀ ਢਿੱਲ ਦਿੰਦੇ ਹਨ। ਭਾਰਤ ਅਤੇ ਯੂਕੇ ਵਿਚਕਾਰ ਵਪਾਰ 2022-23 ਵਿੱਚ 20.36 ਅਰਬ ਡਾਲਰ ਤੋਂ ਵਧ ਕੇ 2023-24 ਵਿੱਚ 21.34 ਅਰਬ ਡੋਲਰ ਹੋ ਗਿਆ।
ਭਾਰਤੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਰੇਨੋਲਡਸ ਦੀ ਮੌਜੂਦਗੀ ਵਿੱਚ ਕਿਹਾ, "ਐੱਫ.ਟੀ.ਏ.ਦੇ ਹਿੱਸੇ ਵਜੋਂ, ਅਸੀਂ ਇੱਕ ਦੂਜੇ ਦੇ ਸੇਵਾ ਖੇਤਰਾਂ ਨੂੰ ਖੋਲ੍ਹਿਆ ਹੈ ਅਤੇ ਹਰੇਕ ਦੇਸ਼ ਦੀਆਂ ਸੰਵੇਦਨਸ਼ੀਲਤਾਵਾਂ ਦੀ ਰੱਖਿਆ ਕੀਤੀ ਹੈ, ਤਾਂ ਜੋ ਨਵੇਂ ਮੌਕੇ ਖੁੱਲ੍ਹ ਸਕਣ।" ਜ਼ਾਹਿਰ ਹੈ ਕਿ ਇਸ ਸਭ ਲਈ ਕਾਰੋਬਾਰੀ ਵੀਜ਼ਾ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ, ਮੈਨੂੰ ਲੱਗਦਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਹੀ ਬਹੁਤ ਖੁੱਲ੍ਹਾਪਣ ਹੈ। ਜੇਕਰ ਅਸੀਂ ਦੋਵੇਂ ਆਪਣੇ ਵਪਾਰ ਅਤੇ ਨਿਵੇਸ਼ ਦਾ ਵਿਸਤਾਰ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਵੀਜ਼ਾ ਜਾਰੀ ਕਰਨ ਵਿੱਚ ਤੇਜ਼ ਅਤੇ ਵਧੇਰੇ ਉਦਾਰ ਬਣਨ ਦੀ ਲੋੜ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਭਾਰਤ ਨੇ ਕਦੇ ਵੀ ਕਿਸੇ ਵੀ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਵਿੱਚ ਇੰਮੀਗ੍ਰੇਸ਼ਨ 'ਤੇ ਚਰਚਾ ਨਹੀਂ ਕੀਤੀ। ਰੇਨੋਲਡਸ ਨੇ ਇਹ ਵੀ ਕਿਹਾ ਕਿ ਵਪਾਰ ਅਤੇ ਇੰਮੀਗ੍ਰੇਸ਼ਨ ਵਧਣਾ ਦੋ ਵੱਖ-ਵੱਖ ਮੁੱਦੇ ਹਨ।