ਬਸੰਤ ਪੰਚਮੀ : ਨਵੀਆਂ ਉਮੀਦਾਂ ਅਤੇ ਖੁਸ਼ਹਾਲੀ ਦਾ ਤਿਉਹਾਰ

ਬਸੰਤ ਪੰਚਮੀ : ਨਵੀਆਂ ਉਮੀਦਾਂ ਅਤੇ ਖੁਸ਼ਹਾਲੀ ਦਾ ਤਿਉਹਾਰ

ਬਸੰਤ ਪੰਚਮੀ ਦੇ ਤਿਉਹਾਰ ਨੂੰ ਮਨਾਉਣਾ ਸਿਰਫ਼ ਧਾਰਮਿਕ ਪਰੰਪਰਾਵਾਂ ਤੱਕ ਸੀਮਤ ਨਹੀਂ, ਬਲਕਿ ਇਹ ਜੀਵਨ ਵਿੱਚ ਨਵੀਆਂ ਉਮੀਦਾਂ, ਪ੍ਰੇਰਣਾਵਾਂ ਅਤੇ ਨਵੀਂ ਸ਼ੁਰੂਆਤ ਦਾ ਸੰਕੇਤ ਵੀ ਹੈ। ਬਸੰਤ ਪੰਚਮੀ ਦਾ ਦਿਨ ਬਸੰਤ ਰੁੱਤ ਦੀ ਸ਼ੁਰੂਆਤ ਦਾ ਸੂਚਕ ਹੁੰਦਾ ਹੈ, ਜੋ ਕਿ ਪ੍ਰਕਿਰਤੀ ਵਿੱਚ ਹਰਿਆਲੀ ਅਤੇ ਖੁਸ਼ਬੂ ਨਾਲ ਭਰਪੂਰ ਹੋਣ ਦਾ ਸਮਾਂ ਹੁੰਦਾ ਹੈ। ਇਸ ਦਿਨ ਖੇਤਾਂ ਵਿੱਚ ਸਰ੍ਹੋਂ ਦੇ ਪੀਲੇ-ਪੀਲੇ ਫੁੱਲ ਖਿੜ ਜਾਂਦੇ ਹਨ ਅਤੇ ਹਵਾ ਵਿੱਚ ਇਕ ਤਾਜ਼ਗੀ ਭਰ ਜਾਂਦੀ ਹੈ। ਬਾਗਾਂ-ਬਗੀਚਿਆਂ ਵਿੱਚ ਰੰਗ-ਬਿਰੰਗੇ ਫੁੱਲ ਖਿੜਦੇ ਹਨ ਜੋ ਕੁਦਰਤ ਦੀ ਸੁੰਦਰਤਾ ਨੂੰ ਦਰਸਾਉਂਦੇ ਹਨ। ਲੋਕ ਇਸ ਖੁਸ਼ਹਾਲ ਮਾਹੌਲ ਵਿੱਚ ਖੁਸ਼ੀ ਮਨਾਉਂਦੇ ਹਨ ਅਤੇ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ, ਜੋ ਖੁਸ਼ਹਾਲੀ ਅਤੇ ਆਨੰਦ ਦਾ ਪ੍ਰਤੀਕ ਹੁੰਦੇ ਹਨ। ਇਸ ਵਾਰ ਬਸੰਤ ਪੰਚਮੀ 2 ਫਰਵਰੀ(2025), ਐਤਵਾਰ ਨੂੰ ਮਨਾਈ ਜਾਵੇਗੀ। 

ਬਸੰਤ ਪੰਚਮੀ ਦੇ ਦਿਨ ਪਤੰਗਬਾਜ਼ੀ ਦੀ ਪਰੰਪਰਾ ਵੀ ਇਸ ਦਿਨ ਦੀ ਰੰਗਤ ਨੂੰ ਵਧਾਉਂਦੀ ਹੈ। ਆਕਾਸ਼ ਵਿੱਚ ਰੰਗ-ਬਿਰੰਗੀਆਂ ਪਤੰਗਾਂ ਉਡਦੀਆਂ ਹੋਈਆਂ ਬੱਚਿਆਂ ਅਤੇ ਨੌਜਵਾਨਾਂ ਦੀ ਖ਼ੁਸ਼ੀ ਨੂੰ ਵਧਾਉਂਦੀਆਂ ਹਨ। ਇਹ ਤਿਉਹਾਰ ਨੌਜਵਾਨਾਂ ਅਤੇ ਬੱਚਿਆਂ ਦੋਵਾਂ ਲਈ ਖ਼ੁਸ਼ੀ,ਆਨੰਦ ਅਤੇ ਉਤਸ਼ਾਹ ਦਾ ਸੁਮੇਲ ਹੁੰਦਾ ਹੈ।

ਇਤਿਹਾਸਕ ਪ੍ਰਸੰਗ : ਇਹ ਤਿਉਹਾਰ ਸ਼ਹੀਦ ਹਕੀਕਤ ਰਾਏ ਦੀ ਸ਼ਹਾਦਤ ਨਾਲ ਵੀ ਸੰਬੰਧਿਤ ਹੈ, ਜਿਸ ਦੀ ਯਾਦ ਵਿੱਚ ਲਾਹੌਰ ਵਿੱਚ ਵੱਡਾ ਮੇਲਾ ਲੱਗਦਾ ਸੀ। ਇਸ ਦਿਨ ਨਾਮਧਾਰੀ ਸੰਪਰਦਾ ਦੇ ਮੁਖੀ ਗੁਰੂ ਰਾਮ ਸਿੰਘ ਜੀ ਦਾ ਜਨਮ ਵੀ ਹੋਇਆ ਸੀ, ਜੋ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਪਹਿਲੇ ਨਾਇਕਾਂ ਵਿੱਚੋਂ ਇੱਕ ਸਨ। ਮਹਾਰਾਜਾ ਰਣਜੀਤ ਸਿੰਘ ਵੀ ਆਪਣੇ ਦਰਬਾਰ ਵਿੱਚ ਇਹ ਤਿਉਹਾਰ ਮਨਾਉਂਦੇ ਸਨ । ਇਸ ਦਿਨ ਨਿਹੰਗ ਸਿੰਘ ਨੇਜ਼ੇਬਾਜ਼ੀ ਅਤੇ ਗੱਤਕੇ ਦੇ ਮੁਕਾਬਲੇ ਕਰਦੇ ਹਨ।

ਵਾਸਤੂ ਸ਼ਾਸਤਰ ਮੁਤਾਬਕ, ਮਾਤਾ ਸਰਸਵਤੀ ਦੀ ਪੂਜਾ ਉੱਤਰ-ਪੂਰਬ ਦਿਸ਼ਾ ਵਿੱਚ ਕਰਨ ਨਾਲ ਵਿਦਿਆ, ਬੁੱਧੀ ਅਤੇ ਸਫਲਤਾ ਵਿੱਚ ਵਾਧਾ ਹੁੰਦਾ ਹੈ। ਇਹ ਦਿਨ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਸ਼ੁਭ ਮੰਨਿਆ ਜਾਂਦਾ ਹੈ । ਵਿਦਿਆ ਅਧਿਐਨ ਦੀ ਸ਼ੁਰੂਆਤ ਕਰਨ ਲਈ ਇਹ ਬਹੁਤ ਵਧੀਆ ਦਿਨ ਮੰਨਿਆ ਜਾਂਦਾ ਹੈ।

ਪੰਜਾਬ ਵਿੱਚ ਬਸੰਤ ਪੰਚਮੀ ਦੀ ਰੌਣਕ :ਅੱਜ ਵੀ,ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿੱਚ ਬਸੰਤ ਪੰਚਮੀ ਦੀ ਰੌਣਕ ਦੇਖਣ ਯੋਗ ਹੁੰਦੀ ਹੈ। ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਆਦਿ ਸ਼ਹਿਰਾਂ ਵਿੱਚ ਇਹ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਕ ਗਿੱਧਾ ਤੇ ਭੰਗੜਾ ਪਾਉਂਦੇ ਹਨ, ਪੀਲੇ ਰੰਗ ਦੇ ਭੋਜਨ ਬਣਾਉਂਦੇ ਹਨ ਅਤੇ ਮਾਤਾ ਸਰਸਵਤੀ ਦੀ ਪੂਜਾ ਕਰਦੇ ਹਨ। ਪੰਜਾਬ ਵਿੱਚ ਕਹਾਵਤ ਹੈ - 'ਆਈ ਬਸੰਤ, ਪਾਲਾ ਉਡੰਤ' ਜੋ ਦਰਸਾਉਂਦੀ ਹੈ ਕਿ ਬਸੰਤ ਆਉਣ ਨਾਲ ਠੰਢ ਦੀ ਸਮਾਪਤੀ ਹੋ ਜਾਂਦੀ ਹੈ। ਇਹ ਤਿਉਹਾਰ ਕੁਦਰਤ ਦੇ ਬਦਲਾਅ ਦੇ ਨਾਲ-ਨਾਲ ਸਰਦੀਆਂ ਅਤੇ ਗਰਮੀਆਂ ਵਿਚਕਾਰ ਸੁਹਾਵਣਾ ਮੌਸਮ ਲਿਆਉਂਦਾ ਹੈ।

Lovepreet Singh | 01/02/25
Ad Section
Ad Image

ਸੰਬੰਧਿਤ ਖ਼ਬਰਾਂ