ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਅਕਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ

ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਅਕਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ

ਗਿੱਪੀ ਗਰੇਵਾਲ ਪੋਲੀਵੁੱਡ ਦੇ ਸਭ ਤੋਂ ਮਸ਼ਹੂਰ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ। 'ਕੈਰੀ ਆਨ ਜੱਟਾ', 'ਮੰਜੇ ਬਿਸਤਰੇ', 'ਅਰਦਾਸ' ਅਤੇ ਹੋਰ ਬਹੁਤ ਸਾਰੀਆਂ ਸਫਲ ਫਿਲਮਾਂ ਦੇ ਨਾਲ, ਗਿੱਪੀ ਨੂੰ ਇੰਡਸਟਰੀ ਦੇ ਹਿੱਟ ਫ਼ਿਲਮ ਮੇਕਰਾਂ ਵਿੱਚ ਗਿਣਿਆ ਜਾਂਦਾ ਹੈ। 'ਅਕਾਲ' ਗਿੱਪੀ ਗਰੇਵਾਲ ਦੀ ਆਉਣ ਵਾਲੀ ਨਵੀਂ ਪੰਜਾਬੀ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਅਤੇ ਲੇਖਨ ਗਿੱਪੀ ਗਰੇਵਾਲ ਨੇ ਆਪ ਹੀ ਕੀਤਾ ਹੈ। 

ਅਕਾਲ ਫ਼ਿਲਮ 10 ਅਪ੍ਰੈਲ 2025 ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ਵਿੱਚ ਹਨ, ਨਾਲ ਹੀ ਮੀਤਾ ਵਸ਼ਿਸ਼ਠ, ਅਸ਼ੀਸ਼ ਦੁੱਗਲ, ਏਕਮ ਗਰੇਵਾਲ, ਸ਼ਿੰਦਾ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਅਤੇ ਹਰਿੰਦਰ ਭੁੱਲਰ ਵੀ ਮਹੱਤਵਪੂਰਨ ਕਿਰਦਾਰ ਨਿਭਾ ਰਹੇ ਹਨ। ਇਹ ਫ਼ਿਲਮ ਸਿੱਖ ਇਤਿਹਾਸ 'ਤੇ ਆਧਾਰਿਤ ਹੈ ਅਤੇ ਇਸਦੀ ਸ਼ੂਟਿੰਗ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਵਿੱਚ ਕੀਤੀ ਗਈ ਹੈ। ਬਾਲੀਵੁੱਡ ਅਦਾਕਾਰ ਨਿਕਿਤਿਨ ਧੀਰ ਇਸ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਆਪਣਾ ਡੈਬਿਊ ਕਰਨ ਜਾ ਰਹੇ ਹਨ। 

ਫ਼ਿਲਮ ਦਾ ਸਿਨੇਮਾਟੋਗ੍ਰਾਫੀ ਬਲਜੀਤ ਸਿੰਘ ਦਿਓ ਨੇ ਕੀਤਾ ਹੈ। ਸੰਗੀਤ ਸ਼ੰਕਰ-ਅਹਿਸਾਨ ਲੋਏ ਨੇ ਦਿੱਤਾ ਹੈ ਅਤੇ ਗੀਤ ਹੈਪੀ ਰਾਏਕੋਟੀ ਨੇ ਲਿਖੇ ਹਨ। ਇਹ ਫ਼ਿਲਮ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹਾਊਸ 'ਹੰਬਲ ਮੋਸ਼ਨ ਪਿਕਚਰਸ' ਵੱਲੋਂ ਬਣਾਈ ਗਈ ਹੈ।

ਹਾਲ ਹੀ ਵਿੱਚ, ਫ਼ਿਲਮ ਦਾ ਟੀਜ਼ਰ ਜਾਰੀ ਕੀਤਾ ਗਿਆ ਹੈ, ਜਿਸਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਟੀਜ਼ਰ ਵਿੱਚ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਇਆ ਗਿਆ ਹੈ, ਜੋ ਦਰਸ਼ਕਾਂ ਵਿੱਚ ਰੋਮਾਂਚ ਪੈਦਾ ਕਰ ਰਹੀਆਂ ਹਨ। ਗਿੱਪੀ ਗਰੇਵਾਲ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ,"ਅਸੀਂ 'ਅਕਾਲ' ਦਾ ਪੋਸਟਰ ਅਤੇ ਟੀਜ਼ਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਹ ਫ਼ਿਲਮ ਸਿਰਫ਼ ਮਨੋਰੰਜਨ ਲਈ ਨਹੀਂ, ਬਲਕਿ ਇਹ ਇੱਕ ਸ਼ਰਧਾਂਜਲੀ ਹੈ ਉਨ੍ਹਾਂ ਸ਼ਹੀਦਾਂ ਨੂੰ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇਸ਼ ਲਈ ਵਾਰ ਦਿੱਤੀ। ਇਹ ਫ਼ਿਲਮ ਪਿਆਰ, ਬਹਾਦਰੀ ਅਤੇ ਕੁਰਬਾਨੀ ਦੀ ਗਾਥਾ ਹੈ। ਸਾਨੂੰ ਵਿਸ਼ਵਾਸ ਹੈ ਕਿ ਦਰਸ਼ਕ ਇਸ ਨੂੰ ਪੂਰੇ ਦਿਲੋਂ ਪਸੰਦ ਕਰਨਗੇ।"

Lovepreet Singh | 20/02/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ