ਕੈਲੀਫੋਰਨੀਆ ਦੇ ਟੌਡ ਬ੍ਰੇਮੈਨ ਹੁਣ ਆਪਣੀ ਮਨਪਸੰਦ ਰੈੱਡ ਵਾਈਨ ਨਹੀਂ ਖਰੀਦ ਰਹੇ ਹਨ। ਕੈਨੇਡੀਅਨ ਆਰਮਡ ਫੋਰਸਿਜ਼ ਦਾ ਇੱਕ ਜਵਾਨ ਜੋ ਕੈਨੇਡਾ, ਯੂਰਪ ਅਤੇ ਦੁਨੀਆ ਦੇ ਹੋਰ ਕਈ ਹਿੱਸਿਆਂ ਵਿੱਚ ਰਹਿ ਚੁੱਕਾ ਹੈ, ਹੁਣ ਰਾਸ਼ਟਰਪਤੀ ਟਰੰਪ ਦੇ ਟੈਰਿਫਾਂ ਕਾਰਨ ਅਤੇ ਅਮਰੀਕੀ ਸਰਕਾਰ ਦੇ ਵਿਵਹਾਰ ਕਾਰਨ ਅਮਰੀਕੀ ਉਤਪਾਦ ਖਰੀਦਣ ਤੋਂ ਪਰਹੇਜ਼ ਕਰ ਰਹੇ ਹਨ।
ਨੋਵਾ ਸਕੋਸ਼ੀਆ ਵਿੱਚ ਰਹਿਣ ਵਾਲੇ ਬ੍ਰੇਮੈਨ ਕਹਿੰਦੇ ਹਨ "ਮੈਂ ਆਪਣੀ ਜ਼ਿੰਦਗੀ ਵਿੱਚ ਅਮਰੀਕੀ ਫੌਜਾਂ ਦੇ ਨਾਲ ਦੇਸ਼ ਦੀ ਸੇਵਾ ਕੀਤੀ ਹੈ। ਇਹ ਦੇਖ ਕੇ ਮੈਂ ਬਹੁਤ ਪਰੇਸ਼ਾਨ ਅਤੇ ਨਿਰਾਸ਼ ਹਾਂ ਕਿ ਸਾਡੇ ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧ ਹੁਣ ਕਿੱਥੇ ਗਏ।"
"ਪਰ ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਭਾਵ ਕਿ ਸਥਾਨਕ ਸਮਾਨ ਖਰੀਦਣਾ ਅਤੇ ਕੈਨੇਡੀਅਨ ਕਾਰੋਬਾਰਾਂ ਦਾ ਸਮਰਥਨ ਕਰਨਾ।" ਬ੍ਰੋਮੈਨ ਅਤੇ ਉਨ੍ਹਾਂ ਦੀ ਪਤਨੀ ਨੇ ਸਾਰੇ ਅਮਰੀਕੀ ਉਤਪਾਦਾਂ ਨੂੰ ਸਥਾਨਕ ਉਤਪਾਦਾਂ ਨਾਲ ਬਦਲ ਦਿੱਤਾ ਹੈ ਜੋ ਵੀ ਪਹਿਲਾਂ ਉਹ ਖਰੀਦਦੇ ਸਨ, ਜਿਸ ਵਿੱਚ ਉਸਦੀ ਪਸੰਦ ਦੀ ਵਾਈਨ ਵੀ ਸ਼ਾਮਲ ਹੈ।
ਬ੍ਰੇਮੈਨ ਅੱਗੇ ਦੱਸਦੇ ਹਨ ਕਿ ਹਮੇਸ਼ਾ ਇਹ ਨਿਰਧਾਰਤ ਕਰਨਾ ਆਸਾਨ ਨਹੀਂ ਹੁੰਦਾ ਕਿ ਕਿਹੜੇ ਉਤਪਾਦ ਕੈਨੇਡੀਅਨ ਹਨ। ਕਈ ਵਾਰ ਉਤਪਾਦਾਂ ਦੀ ਲੇਬਲਿੰਗ ਗੁੰਮਰਾਹਕੁੰਨ ਹੋ ਸਕਦੀ ਹੈ। ਇਸ ਲਈ ਉਹ ਹੁਣ ਆਪਣੇ ਫ਼ੋਨ 'ਤੇ ਇੱਕ ਐਪ ਦੀ ਵਰਤੋਂ ਕਰਦੇ ਹਨ ਜੋ ਉਤਪਾਦਾਂ ਦੇ ਬਾਰਕੋਡ ਨੂੰ ਸਕੈਨ ਕਰ ਸਕਦਾ ਹੈ ਅਤੇ ਇਹ ਪਛਾਣ ਸਕਦਾ ਹੈ ਕਿ ਇਹ ਕਿੱਥੋਂ ਬਣਿਆ ਹੈ। ਜੇਕਰ ਉਤਪਾਦ ਨੂੰ ਅਮਰੀਕੀ ਵਜੋਂ ਪਛਾਣਿਆ ਜਾਂਦਾ ਹੈ, ਤਾਂ ਇਹ ਐਪ ਕੈਨੇਡੀਅਨ ਵਿਕਲਪਾਂ ਦਾ ਸੁਝਾਅ ਦਿੰਦਾ ਹੈ।
ਮੈਪਲ ਸਕੈਨ(Maple Scan) ਨਾਮਕ ਐਪ, ਕੈਨੇਡਾ ਵਿੱਚ ਲੋਕਾਂ ਨੂੰ ਸਥਾਨਕ ਸਮਾਨ ਦੀ ਖਰੀਦਦਾਰੀ ਕਰਨ ਵਿੱਚ ਮਦਦ ਕਰਨ ਲਈ ਪ੍ਰਸਿੱਧ ਹੋ ਰਿਹਾ ਹੈ। ਮੈਪਲ ਸਕੈਨ ਦੇ ਸੰਸਥਾਪਕ, ਸਾਸ਼ਾ ਇਵਾਨੋਵ ਕਹਿੰਦੇ ਹਨ ਕਿ ਉਨ੍ਹਾਂ ਦੀ ਐਪ ਪਿਛਲੇ ਮਹੀਨੇ ਲਾਂਚ ਹੋਣ ਤੋਂ ਬਾਅਦ 100,000 ਡਾਊਨਲੋਡ ਤੱਕ ਪਹੁੰਚ ਚੁੱਕੀ ਹੈ।
ਬ੍ਰੇਮੈਨ ਵਰਗੇ ਹੋਰ ਬਹੁਤ ਸਾਰੇ ਕੈਨੇਡੀਅਨ ਟਰੰਪ ਦੁਆਰਾ ਲਗਾਏ ਗਏ ਆਯਾਤ ਟੈਰਿਫਾਂ ਦੇ ਜਵਾਬ ਵਿੱਚ ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰ ਰਹੇ ਹਨ। ਇਨ੍ਹਾਂ ਵਿੱਚ ਸਾਰੀਆਂ ਵਿਦੇਸ਼ੀ ਕਾਰਾਂ, ਸਟੀਲ ਅਤੇ ਐਲੂਮੀਨੀਅਮ 'ਤੇ 25% ਟੈਰਿਫ ਅਤੇ ਹੋਰ ਕੈਨੇਡੀਅਨ ਅਤੇ ਮੈਕਸੀਕਨ ਸਮਾਨ 'ਤੇ 25% ਟੈਰਿਫ ਸ਼ਾਮਲ ਹੈ।
ਇਸ ਦੌਰਾਨ, ਯੂਰਪੀਅਨ ਯੂਨੀਅਨ ਦੇ ਨਿਰਯਾਤਾਂ 'ਤੇ 20% ਟੈਰਿਫ ਲੱਗੇਗਾ, ਜਦੋਂ ਕਿ ਯੂਕੇ 10% ਟੈਰਿਫ ਦਾ ਸਾਹਮਣਾ ਕਰ ਰਿਹਾ ਹੈ। ਟਰੰਪ ਦਾ ਕਹਿਣਾ ਹੈ ਕਿ ਇਹ ਟੈਰਿਫ ਅਮਰੀਕੀ ਨਿਰਮਾਣ ਇੰਡਸਟਰੀ ਨੂੰ ਫਾਇਦਾ ਦੇਵੇਗਾ, ਦੇਸ਼ ਦਾ ਟੈਕਸ ਮਾਲੀਆ ਵਧਾਏਗਾ ਅਤੇ ਅਮਰੀਕੀ ਵਪਾਰ ਦੇ ਘਾਟੇ ਨੂੰ ਘਟਾਏਗਾ। ਹਾਲਾਂਕਿ ਉਨ੍ਹਾਂ ਦੇ ਇਸ ਕਦਮ ਨੇ ਗਲੋਬਲ ਬਾਜ਼ਾਰਾਂ ਨੂੰ ਡਰਾਇਆ ਹੈ ਜੋ ਪਿਛਲੇ ਮਹੀਨੇ ਤੋਂ ਲਗਾਤਾਰ ਡਿੱਗ ਰਹੇ ਹਨ।
ਟਰੰਪ ਨੇ ਕੈਨੇਡਾ ਨੂੰ ਅਮਰੀਕਾ ਵਿੱਚ ਆਪਣੇ 51ਵੇਂ ਰਾਜ ਵਜੋਂ ਸ਼ਾਮਲ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ ਹੈ, ਜਿਸ ਨੂੰ ਕੈਨੇਡੀਅਨ ਸਰਕਾਰ ਨੇ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਓਟਾਵਾ ਨੇ ਜਵਾਬੀ ਟੈਰਿਫ ਵਿੱਚ $60 ਬਿਲੀਅਨ ਦੇ ਨਾਲ-ਨਾਲ ਅਮਰੀਕੀ ਆਟੋ ਸੈਕਟਰ 'ਤੇ ਵੀ ਵਾਧੂ ਟੈਰਿਫ ਲਗਾਏ ਹਨ।
ਇਸ ਸਭ ਦੇ ਮੱਦੇਨਜ਼ਰ ਅਮਰੀਕਾ ਦੀ ਯਾਤਰਾ ਕਰਨ ਵਾਲੇ ਕੈਨੇਡੀਅਨਾਂ ਦੀ ਗਿਣਤੀ ਵਿੱਚ ਕਾਫ਼ੀ ਗਿਰਾਵਟ ਆਈ ਹੈ। ਯੂਰਪੀਅਨ ਦੇਸ਼ਾਂ ਵਿੱਚ ਵੀ ਅਮਰੀਕੀ ਸਮਾਨ ਦਾ ਬਾਈਕਾਟ ਕਰਨ ਲਈ ਸਮਰਪਿਤ ਸਮੂਹ ਉੱਭਰ ਕੇ ਸਾਹਮਣੇ ਆਏ ਹਨ। ਇਹ ਬਾਈਕਾਟ ਖਾਸ ਤੌਰ 'ਤੇ ਡੈਨਮਾਰਕ ਵਿੱਚ ਬਹੁਤ ਤੇਜੀ ਨਾਲ ਫੈਲ ਰਿਹਾ ਹੈ ਜਿਸਦਾ ਗ੍ਰੀਨਲੈਂਡ ਦਾ ਇਲਾਕਾ ਟਰੰਪ ਹਾਸਲ ਕਰਨਾ ਚਾਹੁੰਦਾ ਹੈ।
ਡੈਨਮਾਰਕ ਦੇ ਸਭ ਤੋਂ ਵੱਡੇ ਕਰਿਆਨੇ ਦੀ ਦੁਕਾਨ ਦੇ ਸੰਚਾਲਕ, ਸੈਲਿੰਗ ਗਰੁੱਪ ਨੇ ਹਾਲ ਹੀ ਵਿੱਚ ਯੂਰਪੀਅਨ ਬ੍ਰਾਂਡਾਂ ਨੂੰ ਦਰਸਾਉਣ ਲਈ ਉਤਪਾਦਾਂ ਦੇ ਕੀਮਤ ਲੇਬਲਾਂ 'ਤੇ ਇੱਕ ਕਾਲੇ ਤਾਰੇ ਦਾ ਚਿੰਨ੍ਹ ਲਾਇਆ ਹੈ। ਕੋਪਨਹੇਗਨ ਦੇ ਸਕੋਵਲੰਡੇ ਵਿੱਚ ਰਹਿਣ ਵਾਲੇ ਇੱਕ ਸਕੂਲ ਪ੍ਰਿੰਸੀਪਲ, ਬੋ ਅਲਬਰਟਸ ਦਾ ਕਹਿਣਾ ਹੈ ਕਿ ਇਸ ਬਾਈਕਾਟ ਵਿੱਚ ਸ਼ਾਮਲ ਹੋਣਾ ਟਰੰਪ ਤੋਂ ਬਦਲਾ ਲੈਣ ਦਾ ਤਰੀਕਾ ਹੈ। "ਮੈਂ ਅਮਰੀਕੀ ਰਾਜਨੀਤਿਕ ਪ੍ਰਣਾਲੀ ਬਾਰੇ ਕੁਝ ਨਹੀਂ ਕਰ ਸਕਦਾ, ਪਰ ਮੈਂ ਆਪਣੇ ਕ੍ਰੈਡਿਟ ਕਾਰਡ ਨਾਲ ਵੋਟ ਪਾ ਸਕਦਾ ਹਾਂ।"
ਅਲਬਰਟਸ ਨੇ ਨੈੱਟਫਲਿਕਸ, ਡਿਜ਼ਨੀ ਪਲੱਸ ਅਤੇ ਐਪਲ ਟੀਵੀ ਸਮੇਤ ਅਮਰੀਕੀ ਸਟ੍ਰੀਮਿੰਗ ਸੇਵਾਵਾਂ ਲਈ ਉਸਦੀ ਗਾਹਕੀ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਉਹ ਦਸਦੇ ਹਨ ਕਿ "ਮੇਰੀ 11 ਸਾਲ ਦੀ ਧੀ ਇਸ ਬਾਰੇ ਥੋੜ੍ਹੀ ਨਾਰਾਜ਼ ਹੈ, ਪਰ ਉਹ ਸਮਝਦੀ ਹੈ ਕਿ ਮੈਂ ਅਜਿਹਾ ਕਿਉਂ ਕਰਦਾ ਹਾਂ।" ਅਲਬਰਟਸ ਇੱਕ ਡੈਨਿਸ਼ ਫੇਸਬੁੱਕ ਸਮੂਹ ਦੇ ਪ੍ਰਸ਼ਾਸਕ ਹਨ ਜੋ ਲੋਕਾਂ ਨੂੰ ਅਮਰੀਕੀ ਸਮਾਨ ਦਾ ਬਾਈਕਾਟ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਦੇ ਸਮੂਹ ਵਿੱਚ 90,000 ਮੈਂਬਰ ਹਨ ਜੋ ਲੋਕਾਂ ਨੂੰ ਅਮਰੀਕੀ ਸਮਾਨ ਦੇ ਸਥਾਨਕ ਵਿਕਲਪਾਂ ਦੀ ਸਿਫ਼ਾਰਸ਼ ਕਰਦੇ ਹਨ।
ਡੈਨਮਾਰਕ ਵਿੱਚ ਬਾਈਕਾਟ ਅੰਦੋਲਨ, ਲੋਕਾਂ ਨੂੰ ਟਰੰਪ ਦੀਆਂ ਨੀਤੀਆਂ ਅਤੇ ਬਿਆਨਬਾਜ਼ੀ 'ਤੇ ਆਪਣੇ ਗੁੱਸੇ ਨੂੰ ਜਾਹਰ ਕਰਨ ਵਿੱਚ ਮਦਦ ਕਰ ਰਿਹਾ ਹੈ। ਅਮਰੀਕਾ ਦੇ ਡਾਰਟਮਾਊਥ ਕਾਲਜ ਵਿੱਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਡਗਲਸ ਇਰਵਿਨ ਦਾ ਮੰਨਣਾ ਹੈ ਕਿ ਬਾਈਕਾਟ ਦਾ ਆਰਥਿਕ ਪ੍ਰਭਾਵ ਜਿਆਦਾ ਨਹੀਂ ਹੋਵੇਗਾ। "ਪਹਿਲਾਂ, ਬਾਈਕਾਟ ਬਹੁਤਾ ਸਮਾਂ ਨਹੀਂ ਚੱਲੇ ਅਤੇ ਨਾ ਹੀ ਇਸਤੋਂ ਕੁਝ ਪ੍ਰਾਪਤ ਹੋਣਾ ਹੈ। ਇਹ ਸਭ ਅਮਰੀਕੀ ਕਾਰਵਾਈਆਂ ਪ੍ਰਤੀ ਇੱਕ ਵਿਰੋਧ ਵਜੋਂ ਸ਼ੁਰੂ ਹੁੰਦਾ ਹੈ ਪਰ ਸਮੇਂ ਦੇ ਨਾਲ ਫਿੱਕਾ ਪੈ ਜਾਂਦਾ ਹੈ।"
ਹਾਲਾਂਕਿ, ਹੁਣ ਕੈਨੇਡਾ ਵਿੱਚ ਵਧਦੀ 'ਬਾਈ ਕੈਨੇਡੀਅਨ ਭਾਵਨਾ' ਬਹੁਤ ਸਾਰੇ ਸਥਾਨਕ ਬ੍ਰਾਂਡਾਂ ਦੀ ਵਿਕਰੀ ਨੂੰ ਵਧਾ ਰਹੀ ਹੈ। ਕੈਨੇਡੀਅਨ ਕਰਿਆਨੇ ਦੀ ਸੀਈਓ ਲੋਬਲਾ ਨੇ ਲਿੰਕਡਇਨ 'ਤੇ ਪੋਸਟ ਕੀਤਾ ਕਿ ਕੈਨੇਡੀਅਨ ਉਤਪਾਦਾਂ ਦੀ ਹਫਤਾਵਾਰੀ ਵਿਕਰੀ ਦੋਹਰੇ ਅੰਕਾਂ ਨਾਲ ਵਧੀ ਹੈ। ਉਨਟਾਰੀਓ ਅਤੇ ਨੋਵਾ ਸਕੋਸ਼ੀਆ ਸਮੇਤ ਕਈ ਕੈਨੇਡੀਅਨ ਸੂਬਿਆਂ ਨੇ ਟੈਰਿਫ ਦੇ ਜਵਾਬ ਵਿੱਚ ਆਪਣੇ ਸ਼ਰਾਬ ਸਟੋਰਾਂ ਦੀਆਂ ਸ਼ੈਲਫਾਂ ਤੋਂ ਅਮਰੀਕਾ ਵਿੱਚ ਬਣੇ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਹਟਾ ਦਿੱਤੇ ਹਨ।