ਕੋਵਿਡ ਕਰੈਸ਼ ਤੋਂ ਬਾਅਦ ਚੀਨ ਦੇ ਟੈਰਿਫਾਂ ਕਾਰਨ ਅਮਰੀਕੀ ਸਟਾੱਕਾਂ ਲਈ ਸਭ ਤੋਂ ਮਾੜਾ ਹਫ਼ਤਾ ਸ਼ੁਰੂ

us stock market crashes

ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਵਿੱਚ ਉਥਲ-ਪੁਥਲ ਹੋਰ ਵੀ ਤੇਜ਼ ਹੋ ਗਈ, ਕਿਉਂਕਿ ਚੀਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਐਲਾਨੇ ਗਏ ਟੈਰਿਫਾਂ 'ਤੇ ਜਵਾਬੀ ਹਮਲਾ ਕੀਤਾ ਹੈ ਜਿਸ ਨਾਲ ਵਪਾਰ ਯੁੱਧ ਵਧਣ ਅਤੇ ਵਿਸ਼ਵ ਅਰਥਵਿਵਸਥਾ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਵਧ ਗਈ ਹੈ।

ਅਮਰੀਕਾ ਦੇ ਤਿੰਨੋਂ ਪ੍ਰਮੁੱਖ ਸਟਾਕ ਸੂਚਕਾਂਕ 5% ਤੋਂ ਵੱਧ ਡਿੱਗ ਗਏ, ਐਸ&ਪੀ (S&P) 500 ਲਗਭਗ 6% ਤੱਕ ਡਿੱਗ ਗਿਆ, ਜਿਸ ਨਾਲ 2020 ਤੋਂ ਬਾਅਦ ਅਮਰੀਕੀ ਸਟਾਕ ਮਾਰਕੀਟ ਲਈ ਸਭ ਤੋਂ ਮਾੜਾ ਹਫ਼ਤਾ ਸਮਾਪਤ ਹੋਇਆ।

ਯੂਕੇ ਵਿੱਚ, ਐਫਟੀਐਸਈ(FTSE) 100 ਵੀ ਲਗਭਗ 5% ਡਿੱਗ ਗਿਆ - ਇਹ ਪੰਜ ਸਾਲਾਂ ਵਿੱਚੋਂ ਆਈ ਸਭ ਤੋਂ ਤੇਜ਼ ਗਿਰਾਵਟ ਹੈ, ਜਦੋਂ ਕਿ ਏਸ਼ੀਆਈ ਬਾਜ਼ਾਰਾਂ ਵਿੱਚ ਵੀ ਗਿਰਾਵਟ ਆਈ ਅਤੇ ਜਰਮਨੀ ਅਤੇ ਫਰਾਂਸ ਦੀਆਂ ਐਕਸਚੇਂਜਾਂ ਵਿੱਚ ਵੀ ਇਸੇ ਤਰ੍ਹਾਂ ਦੀ ਗਿਰਾਵਟ ਆਈ ਹੈ।

ਟਰੰਪ ਨੇ ਗਲੋਬਲ ਵਪਾਰ ਨੂੰ ਦੁਬਾਰਾ ਨਵੇਂ ਸਿਰਿਉਂ ਚਲਾਉਣ ਦੀ ਸਹੁੰ ਖਾਧੀ ਹੈ। ਉਨ੍ਹਾਂ ਨੇ ਮਾਰਕੀਟ ਦੇ ਝਟਕਿਆਂ ਬਾਰੇ ਚਿੰਤਾਵਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅਮਰੀਕੀ ਲੇਬਰ ਮਾਰਕੀਟ ਮਜ਼ਬੂਤ ​​ਹੈ। "ਡਟੇ ਰਹੋ," ਉਸਨੇ ਸੋਸ਼ਲ ਮੀਡੀਆ 'ਤੇ ਆਪਣੇ ਪੈਰੋਕਾਰਾਂ ਨੂੰ ਤਾਕੀਦ ਕੀਤੀ ਅਤੇ ਕਿਹਾ ਕਿ "ਅਸੀਂ ਹਾਰ ਨਹੀਂ ਸਕਦੇ।"

ਟਰੰਪ ਵੱਲੋਂ ਹਰ ਦੇਸ਼ ਤੋਂ ਆਉਣ ਵਾਲੀਆਂ ਵਸਤਾਂ 'ਤੇ 10% ਨਵੇਂ ਆਯਾਤ ਟੈਕਸ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਗਲੋਬਲ ਸਟਾਕ ਮਾਰਕੀਟ ਨੂੰ ਖਰਬਾਂ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚ ਦਰਜਨਾਂ ਦੇਸ਼ਾਂ ਦੇ ਉਤਪਾਦ, ਜਿਨ੍ਹਾਂ ਵਿੱਚ ਮੁੱਖ ਵਪਾਰਕ ਭਾਈਵਾਲ ਜਿਵੇਂ ਕਿ ਚੀਨ, ਯੂਰਪੀਅਨ ਯੂਨੀਅਨ ਅਤੇ ਵੀਅਤਨਾਮ ਸ਼ਾਮਲ ਹਨ, ਬਹੁਤ ਜ਼ਿਆਦਾ ਟੈਕਸ ਦਰਾਂ ਦਾ ਸਾਹਮਣਾ ਕਰ ਰਹੇ ਹਨ।

ਵਿਸ਼ਲੇਸ਼ਕ ਕਹਿੰਦੇ ਹਨ ਕਿ ਇਹ ਨਵੇਂ ਟੈਕਸ ਜਿਨ੍ਹਾਂ ਵਿੱਚੋਂ ਕੁਝ ਸ਼ਨੀਵਾਰ ਤੋਂ ਹੀ ਲਾਗੂ ਹੋਣ ਵਾਲੇ ਹਨ, ਇਹ 1968 ਤੋਂ ਬਾਅਦ ਅਮਰੀਕਾ ਵਿੱਚ ਸਭ ਤੋਂ ਵੱਡੇ ਟੈਕਸ ਵਿੱਚ ਵਾਧੇ ਦੇ ਬਰਾਬਰ ਹਨ। ਉਹ ਉਮੀਦ ਕਰਦੇ ਹਨ ਕਿ ਇਨ੍ਹਾਂ ਟੈਕਸਾਂ ਨਾਲ ਵਪਾਰ ਵਿੱਚ ਕਮੀ ਆਵੇਗੀ ਅਤੇ ਚੇਤਾਵਨੀ ਦਿੱਤੀ ਹੈ ਕਿ ਉਹ ਬਹੁਤ ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਵੱਲ ਧੱਕ ਸਕਦੇ ਹਨ।

ਚੀਨ ਨੇ ਸ਼ੁੱਕਰਵਾਰ ਨੂੰ ਟਰੰਪ ਦੇ ਟੈਰਿਫਾਂ ਦਾ ਜਵਾਬ ਦਿੰਦੇ ਹੋਏ  ਅਮਰੀਕੀ ਵਸਤੂਆਂ 'ਤੇ 34% ਦੇ ਆਯਾਤ ਟੈਕਸ ਲਗਾਏ ਅਤੇ ਕਈ ਮੁੱਖ ਖਣਿਜਾਂ ਦੇ ਨਿਰਯਾਤ ਨੂੰ ਰੋਕ ਦਿੱਤਾ ਹੈ ਤੇ ਅਮਰੀਕੀ ਫਰਮਾਂ ਨੂੰ ਆਪਣੀ ਬਲੈਕਲਿਸਟ ਵਿੱਚ ਸ਼ਾਮਲ ਕਰ ਲਿਆ ਹੈ। ਚੀਨ ਨੇ ਟਰੰਪ ਦੀਆਂ ਕਾਰਵਾਈਆਂ ਨੂੰ "ਧੱਕੇਸ਼ਾਹੀ" ਅਤੇ ਅੰਤਰਰਾਸ਼ਟਰੀ ਵਪਾਰ ਨਿਯਮਾਂ ਦੀ ਉਲੰਘਣਾ ਦੱਸਿਆ।

ਯੂਰਪੀ ਸੰਘ ਦੇ ਵਪਾਰ ਕਮਿਸ਼ਨਰ, ਮਾਰੋਸ ਸ਼ੈਫਕੋਵਿਚ ਜੋ ਅਮਰੀਕਾ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਰਿਹਾ ਹੈ, ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਅਧਿਕਾਰੀਆਂ ਨਾਲ ਦੋ ਘੰਟੇ ਦੀ ਸਪੱਸ਼ਟ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਵਪਾਰਕ ਸਬੰਧਾਂ ਨੂੰ "ਨਵੇਂ ਦ੍ਰਿਸ਼ਟੀਕੋਣ" ਦੀ ਲੋੜ ਹੈ।

"ਯੂਰਪੀ ਸੰਘ ਅਰਥਪੂਰਨ ਗੱਲਬਾਤ ਲਈ ਵਚਨਬੱਧ ਹੈ, ਪਰ ਅਸੀਂ ਸਾਡੇ ਹਿੱਤਾਂ ਦੀ ਰੱਖਿਆ ਕਰਨ ਲਈ ਵੀ ਤਿਆਰ ਹਾਂ," ਉਸਨੇ ਕਿਹਾ।

ਟਰੰਪ ਨੇ ਇਹਨਾਂ ਟੈਰਿਫਾਂ ਬਾਰੇ ਪਿਛਲੇ ਸਾਲ ਚੋਣ ਪ੍ਰਚਾਰ ਦੌਰਾਨ ਕਈ ਸੰਕੇਤ ਦਿੱਤੇ ਸਨ ਜਿਨ੍ਹਾਂ ਨੂੰ ਹੁਣ ਲਾਗੂ ਕਰ ਦਿੱਤਾ ਗਿਆ ਹੈ। ਪਰ ਟੈਰਿਫਾਂ ਦਾ ਵਿਸ਼ਲੇਸ਼ਕਾਂ ਦੀ ਉਮੀਦ ਨਾਲੋਂ ਜ਼ਿਆਦਾ ਪ੍ਰਭਾਵ ਪਿਆ ਹੈ ਜਿਸ ਨਾਲ 2020 ਤੋਂ ਬਾਅਦ ਸਟਾਕ ਮਾਰਕੀਟ ਲਈ ਸਭ ਤੋਂ ਭੈੜਾ ਹਫ਼ਤਾ ਸ਼ੁਰੂ ਹੋਇਆ।

ਮਾਰਕਿਟ ਵਿੱਚ ਵਿਕਰੀ ਐਪਲ ਅਤੇ ਨਾਈਕੀ ਵਰਗੀਆਂ ਫਰਮਾਂ ਤੋਂ ਸ਼ੁਰੂ ਹੋਈ ਸੀ ਜੋ ਏਸ਼ੀਆ ਦੇ ਸਪਲਾਇਰਾਂ 'ਤੇ ਬਹੁਤ ਜ਼ਿਆਦਾ ਨਿਰਭਰ  ਹਨ। ਪਰ ਸ਼ੁੱਕਰਵਾਰ ਨੂੰ, ਇਸਦਾ ਅਸਰ ਉਨ੍ਹਾਂ ਖੇਤਰਾਂ ਤੇ ਵੀ ਦੇਖਿਆ ਗਿਆ ਜੋ ਆਮ ਤੌਰ 'ਤੇ ਟੈਰਿਫਾਂ ਦੇ ਸਿੱਧੇ ਪ੍ਰਭਾਵ ਦਾ ਸਾਹਮਣਾ ਨਹੀਂ ਕਰਨਗੇ, ਜਿਵੇਂ ਕਿ ਖਪਤਕਾਰ ਸਟੈਪਲ(consumer staples), ਸਿਹਤ ਸੰਭਾਲ ਅਤੇ ਉਪਯੋਗਤਾਵਾਂ(utilities)।

ਅਮਰੀਕਾ ਵਿੱਚ ਹੋਰਾਈਜ਼ਨ ਇਨਵੈਸਟਮੈਂਟਸ ਦੇ ਖੋਜ ਅਤੇ  ਰਣਨੀਤੀਆਂ ਦੇ ਮੁਖੀ ਮਾਈਕ ਡਿਕਸਨ ਨੇ ਕਿਹਾ "ਸਪੱਸ਼ਟ ਤੌਰ 'ਤੇ ਮੂਡ ਕਾਫ਼ੀ ਖਰਾਬ ਹੈ ਅਤੇ ਇਹ ਹੋਣਾ ਵੀ ਚਾਹੀਦਾ ਹੈ।" ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਟਰੰਪ ਦੇ ਟੈਰਿਫਾਂ ਦੇ ਪ੍ਰਭਾਵ ਨੂੰ ਸਮਝਣ ਵਿੱਚ ਕਈ ਹਫ਼ਤੇ ਲੱਗਣਗੇ। "ਜਿਸ ਚੀਜ਼ ਬਾਰੇ ਅਸੀਂ ਇਸ ਸਮੇਂ ਅਸਲ ਵਿੱਚ ਚਿੰਤਤ ਹਾਂ ਕਿ ਸਵੇਰੇ 6 ਵਜੇ ਚੀਨ ਨੇ ਜਵਾਬੀ ਕਾਰਵਾਈ ਕੀਤੀ ਹੈ।

ਨਿਵੇਸ਼ਕਾਂ ਨੂੰ ਇੱਕ ਨੋਟ ਵਿੱਚ, ਜੇਪੀ ਮੌਰਗਨ ਨੇ ਕਿਹਾ ਕਿ  ਇਸ ਸਾਲ ਵਿਸ਼ਵਵਿਆਪੀ ਆਰਥਿਕ ਮੰਦੀ ਦੀਆਂ ਸੰਭਾਵਨਾਵਾਂ 60% 'ਦੇ ਕਰੀਬ ਹਨ। ਉਨ੍ਹਾਂ ਨੋਟ ਕਰਦੇ ਹੋਏ ਕਿਹਾ ਕਿ ਟੈਰਿਫਾਂ ਦਾ ਝਟਕਾ ਇਸ ਸਾਲ ਅਮਰੀਕਾ ਦੇ ਵਿਕਾਸ ਨੂੰ ਦੋ ਪ੍ਰਤੀਸ਼ਤ ਤੱਕ ਘਟਾ ਸਕਦਾ ਹੈ।  ਕੁਝ ਨਿਵੇਸ਼ਕਾਂ ਨੇ ਇਸ ਨੁਕਸਾਨ ਨੂੰ ਘੱਟ ਸਮਝਿਆ, ਕਿਉਂਕਿ ਉਹ ਪਿਛਲੇ ਕੁਝ ਸਾਲਾਂ ਵਿੱਚ ਅਮਰੀਕੀ  ਸ਼ੇਅਰਾਂ ਵਿੱਚ ਹੈਰਾਨੀਜਨਕ ਵਾਧਾ ਦੇਖ  ਚੁਕੇ ਹਨ।

ਟੈਨੇਸੀ-ਅਧਾਰਤ ਕੈਪਵੈਲਥ ਦੇ ਮੁੱਖ ਕਾਰਜਕਾਰੀ ਟਿਮ ਪੈਗਲਿਆਰਾ ਨੇ ਕਿਹਾ ਕਿ "ਬਾਜ਼ਾਰ ਵਿੱਚ ਇਹ ਤਬਦੀਲੀਆਂ ਜੋ ਅਸੀਂ ਦੇਖ ਰਹੇ ਹਾਂ - ਇਹ ਹਿੰਸਕ ਹਨ ਕਿਉਂਕਿ ਸ਼ੇਅਰ ਵਧਣ ਨਾਲੋਂ ਬਹੁਤ ਤੇਜ਼ੀ ਨਾਲ ਹੇਠਾਂ ਆ ਜਾਂਦੇ ਹਨ।" ਉਸਨੇ ਕਿਹਾ ਕਿ ਵ੍ਹਾਈਟ ਹਾਊਸ ਵਿਸ਼ਵ ਵਪਾਰ ਵਿੱਚ "ਵੱਡੇ ਰੀਸੈਟ" ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਕੋਸ਼ਿਸ਼ ਦੀ ਲੋੜ ਸੀ। ਉਸਨੇ ਕਿਹਾ, "ਅਸੀਂ ਆਪਣੇ ਪੂਰੇ ਕਰੀਅਰ ਵਿੱਚ ਵਪਾਰ ਅਸੰਤੁਲਨ ਬਾਰੇ ਗੱਲ ਕੀਤੀ ਹੈ। ਪਰ ਕਦੇ ਕੁਝ ਨਹੀਂ ਹੋਇਆ। ਇਸ ਲਈ ਕੁਝ ਤਾਂ ਹੋਣਾ ਹੀ ਹੈ।"

ਸ਼ੁੱਕਰਵਾਰ ਨੂੰ ਬੋਲਦੇ ਹੋਏ ਅਮਰੀਕੀ ਕੇਂਦਰੀ ਬੈਂਕ, ਫੈਡਰਲ ਰਿਜ਼ਰਵ ਦੇ ਮੁਖੀ, ਜੇਰੋਮ ਪਾਵੇਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਰਥਵਿਵਸਥਾ "ਮਜ਼ਬੂਤ" ਰਹੀ ਹੈ। ਮਾਰਚ ਦੇ ਅੰਕੜੇ ਅਮਰੀਕਾ ਵਿੱਚ ਘਟੀ ਬੇਰੁਜਗਾਰੀ ​​ਵੱਲ ਇਸ਼ਾਰਾ ਕਰਦੇ ਹਨ। ਪਰ ਉਨ੍ਹਾਂ ਨੇ ਉੱਚ ਪੱਧਰੀ ਅਨਿਸ਼ਚਿਤਤਾ ਨੂੰ ਸਵੀਕਾਰ ਕੀਤਾ ਹੈ। ਪਾਵੇਲ ਨੇ ਚੇਤਾਵਨੀ ਦਿੱਤੀ ਕਿ "ਅਸੀਂ ਜੋ ਸੋਚਿਆ ਸੀ ਟੈਰਿਫ ਅਨੁਮਾਨ ਤੋਂ ਵੱਧ ਹਨ। ਇਹ ਲਗਭਗ ਸਾਰੇ ਭਵਿੱਖਬਾਣੀ ਕਰਨ ਵਾਲਿਆਂ ਦੀ ਭਵਿੱਖਬਾਣੀ ਤੋਂ ਵੱਧ ਹਨ ਜਿਸ ਕਾਰਨ  ਵਿਕਾਸ ਹੌਲੀ ਹੋ ਜਾਵੇਗਾ ਅਤੇ ਮਹਿੰਗਾਈ ਵਧਣ ਦੀ ਸੰਭਾਵਨਾ ਹੈ।

ਕੰਬੋਡੀਆ ਨੇ ਵੀ ਟੈਰਿਫ ਘਟਾਉਣ ਦੀ ਪੇਸ਼ਕਸ਼ ਕਰਦੇ ਹੋਏ ਇੱਕ ਪੱਤਰ ਭੇਜਿਆ ਅਤੇ ਅਮਰੀਕਾ ਨਾਲ ਗੱਲਬਾਤ ਕਰਨ ਲਈ ਕਿਹਾ ਹੈ।

ਐਪਲ ਦੇ ਸ਼ੇਅਰ, ਜੋ ਕਿ ਨਿਰਮਾਣ ਲਈ ਚੀਨ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ, ਸ਼ੁੱਕਰਵਾਰ ਨੂੰ 7% ਤੋਂ ਵੱਧ ਡਿੱਗ ਗਏ। ਆਈਫੋਨ ਨਿਰਮਾਤਾ ਦਾ ਬਾਜ਼ਾਰ ਮੁੱਲ ਬੁੱਧਵਾਰ ਤੋਂ ਲਗਭਗ 15% ਡਿੱਗ ਗਿਆ ਹੈ।

ਡਾਉ ਜੋਨਸ 5.5% ਡਿੱਗ ਗਿਆ, ਜੋ ਇਸਨੂੰ ਫਰਵਰੀ ਦੇ ਸਿਖਰ ਤੋਂ 10% ਹੇਠਾਂ ਲੈ ਆਇਆ। ਇਸੇ ਤਰ੍ਹਾਂ ਨੈਸਡੈਕ 5.8% ਡਿੱਗ ਗਿਆ ਜਿਸਨੇ ਦਸੰਬਰ ਤੋਂ ਬਾਅਦ ਇਸਦੇ ਮੁੱਲ ਦਾ ਲਗਭਗ ਪੰਜਵਾਂ ਹਿੱਸਾ ਮਿਟਾ ਦਿੱਤਾ ਤੇ ਇਸਨੂੰ "ਬੀਅਰ ਮਾਰਕੀਟ" ਖੇਤਰ ਵਿੱਚ ਪਾ ਦਿੱਤਾ। ਯੂਕੇ ਵਿੱਚ, ਐਫਟੀਐਸਈ(FTSE) 100 ਸੂਚਕਾਂਕ 4.9% ਘੱਟ ਕੇ ਬੰਦ ਹੋਇਆ, ਜੋ ਕਿ 27 ਮਾਰਚ 2020 ਤੋਂ ਬਾਅਦ ਇੱਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ।

ਯੂਰਪ ਵਿੱਚ, ਫਰਾਂਸ ਦਾ ਸੀਏਸੀ(CAC) 40, 4.3% ਡਿੱਗ ਗਿਆ ਜਦੋਂ ਕਿ ਜਰਮਨੀ ਵਿੱਚ ਡੈਕਸ ਲਗਭਗ 5% ਡਿੱਗ ਗਿਆ। ਇਸ ਤੋਂ ਪਹਿਲਾਂ ਜਾਪਾਨ ਵਿੱਚ ਜਿੱਥੇ ਪ੍ਰਧਾਨ ਮੰਤਰੀ ਨੇ ਸਥਿਤੀ ਨੂੰ "ਰਾਸ਼ਟਰੀ ਸੰਕਟ" ਕਿਹਾ ਸੀ, ਨਿੱਕੇਈ 225, 2.7% ਤੋਂ ਵੱਧ ਡਿੱਗ ਗਿਆ। ਬ੍ਰੈਂਟ ਕਰੂਡ, ਅੰਤਰਰਾਸ਼ਟਰੀ ਤੇਲ ਦੀ ਕੀਮਤ ਦਾ ਬੈਂਚਮਾਰਕ ਵੀ ਲਗਭਗ 6% ਡਿੱਗ ਗਿਆ।

ਟੈਰਿਫ ਨੂੰ ਸਮਰਪਿਤ ਇੱਕ ਪੋਡਕਾਸਟ 'ਤੇ, ਟੈਕਸਾਸ ਦੇ ਰਿਪਬਲਿਕਨ ਸੈਨੇਟਰ, ਟੇਡ ਕਰੂਜ਼ ਨੇ ਕਿਹਾ ਕਿ ਟਰੰਪ ਦੇ ਕਦਮ ਅਮਰੀਕਾ ਨੂੰ ਫਾਇਦੇ ਦਵਾ ਸਕਦੇ ਹਨ ਪਰ "ਵੱਡੇ ਜੋਖਮ" ਵੀ ਖੜ੍ਹੇ ਹੋ ਸਕਦੇ ਹਨ।

Gurpreet | 05/04/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ