ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜਿਹੜੇ ਦੇਸ਼ ਬ੍ਰਿਕਸ(BRICS) ਗੱਠਜੋੜ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਹਨ ਜੋ ਅਮਰੀਕੀ ਹਿੱਤਾਂ ਦੇ ਵਿਰੁੱਧ ਜਾਂਦੀਆਂ ਹਨ, ਹੁਣ ਉਨ੍ਹਾਂ ਦੇਸ਼ਾਂ 'ਤੇ ਵਾਧੂ 10% ਟੈਰਿਫ ਲਗਾਇਆ ਜਾਵੇਗਾ।
ਟਰੰਪ ਨੇ ਲੰਬੇ ਸਮੇਂ ਤੋਂ ਬ੍ਰਿਕਸ ਦੀ ਆਲੋਚਨਾ ਕੀਤੀ ਹੈ। ਬ੍ਰਿਕਸ ਇੱਕ ਸੰਗਠਨ ਹੈ ਜੋ ਅਮਰੀਕਾ ਅਤੇ ਪੱਛਮੀ ਯੂਰਪ ਨੂੰ ਚੁਣੌਤੀ ਦੇਣ ਲਈ ਅੰਤਰਰਾਸ਼ਟਰੀ ਮੰਚ 'ਤੇ ਮੈਂਬਰ ਦੇਸ਼ਾਂ ਦੀ ਸਥਿਤੀ ਨੂੰ ਚੰਗੇਰਾ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
ਟਰੰਪ ਨੇ ਐਤਵਾਰ ਨੂੰ ਆਪਣੇ ਟਰੂਥ ਸੋਸ਼ਲ ਪਲੇਟਫਾਰਮ 'ਤੇ ਪੋਸਟ ਕੀਤਾ, "ਕੋਈ ਵੀ ਦੇਸ਼ ਜੋ ਬ੍ਰਿਕਸ ਦੀਆਂ ਅਮਰੀਕਾ ਵਿਰੋਧੀ ਨੀਤੀਆਂ ਨਾਲ ਸਹਿਮਤ ਹੋਵੇਗਾ, ਉਸ 'ਤੇ ਵਾਧੂ 10% ਟੈਰਿਫ ਲਗਾਇਆ ਜਾਵੇਗਾ। ਇਸ ਟੈਰਿਫ ਵਿੱਚ ਕਿਸੇ ਦੇਸ਼ ਨੂੰ ਬਖਸ਼ਿਆ ਨਹੀਂ ਜਾਵੇਗਾ।"
ਟਰੰਪ ਦੀਆਂ ਟਿੱਪਣੀਆਂ ਬ੍ਰਿਕਸ ਮੈਂਬਰਾਂ ਦੁਆਰਾ ਅਮਰੀਕੀ ਟੈਰਿਫ ਨੀਤੀਆਂ ਦੀ ਆਲੋਚਨਾ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਮੁਦਰਾ ਫੰਡ (IMF) ਵਿੱਚ ਸੁਧਾਰਾਂ ਅਤੇ ਪ੍ਰਮੁੱਖ ਕਰੰਸੀਆਂ ਦੇ ਮੁੱਲਾਂ ਦੀ ਆਲੋਚਨਾ ਕਰਨ ਤੋਂ ਬਾਅਦ ਆਈਆਂ ਹਨ।
ਪਿਛਲੇ ਸਾਲ, ਬ੍ਰਿਕਸ ਮੈਂਬਰਾਂ ਦੀ ਸੂਚੀ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਤੋਂ ਪਰੇ ਫੈਲ ਗਈ ਜਿਸ ਵਿੱਚ ਮਿਸਰ, ਇਥੋਪੀਆ, ਇੰਡੋਨੇਸ਼ੀਆ, ਈਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵੀ ਸ਼ਾਮਲ ਹੋਏ ਹਨ।
ਇਸ ਸਮੂਹ ਦੇ ਦੇਸ਼ਾਂ ਵਿੱਚ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਵਸਦੀ ਹੈ।
ਬ੍ਰਿਕਸ ਆਗੂਆਂ, ਜਿਨ੍ਹਾਂ ਨੇ ਇਸ ਹਫਤੇ ਦੇ ਅੰਤ ਵਿੱਚ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਇੱਕ ਮੀਟਿੰਗ ਸ਼ੁਰੂ ਕੀਤੀ ਸੀ, ਨੇ ਵਿਸ਼ਵ ਸੰਸਥਾਵਾਂ ਵਿੱਚ ਸੁਧਾਰਾਂ ਦੀ ਮੰਗ ਕੀਤੀ ਹੈ ਅਤੇ ਵਧਦੇ ਵਪਾਰਕ ਟਕਰਾਅ ਅਤੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਗੱਠਜੋੜ ਨੂੰ ਕੂਟਨੀਤੀ ਲਈ ਇੱਕ ਪਲੇਟਫਾਰਮ ਵਜੋਂ ਰੱਖਿਆ ਹੈ।
ਐਤਵਾਰ ਨੂੰ ਬ੍ਰਿਕਸ ਦੇਸ਼ਾਂ ਦੇ ਵਿੱਤ ਮੰਤਰੀਆਂ ਦੁਆਰਾ ਇੱਕ ਸਾਂਝੇ ਬਿਆਨ ਵਿੱਚ ਟੈਰਿਫਾਂ ਨੂੰ ਵਿਸ਼ਵ ਅਰਥਵਿਵਸਥਾ ਲਈ ਖ਼ਤਰਾ ਦੱਸਿਆ ਗਿਆ ਹੈ, ਜਿਸ ਨਾਲ "ਅੰਤਰਰਾਸ਼ਟਰੀ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਵਿੱਚ ਅਨਿਸ਼ਚਿਤਤਾ" ਆਈ ਹੈ।
ਬ੍ਰਿਕਸ ਦੇ ਆਗੂਆਂ ਨੇ ਜੂਨ ਵਿੱਚ ਈਰਾਨ 'ਤੇ ਫੌਜੀ ਹਮਲਿਆਂ ਦੀ ਵੀ ਨਿੰਦਾ ਕੀਤੀ, ਹਮਲਿਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ।
13 ਜੂਨ ਤੋਂ ਇਜ਼ਰਾਈਲ ਅਤੇ ਅਮਰੀਕਾ ਦੋਵਾਂ ਨੇ ਈਰਾਨ ਵਿੱਚ ਕਈ ਥਾਵਾਂ 'ਤੇ ਹਮਲਾ ਕੀਤਾ ਹੈ, ਜਿਸ ਵਿੱਚ ਇਸ ਦੀਆਂ ਪ੍ਰਮਾਣੂ ਸਹੂਲਤਾਂ ਵੀ ਸ਼ਾਮਲ ਹਨ।
ਬ੍ਰਿਕਸ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਸਮੇਤ ਵਿਸ਼ਵ ਨੇਤਾ ਨਿੱਜੀ ਤੌਰ 'ਤੇ ਸ਼ਾਮਲ ਹੋਏ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਹਿਲੀ ਵਾਰ ਇਸ ਸਮਾਗਮ ਤੋਂ ਖੁੰਝ ਗਏ, ਪਰ ਪ੍ਰਧਾਨ ਮੰਤਰੀ ਲੀ ਕਿਆਂਗ ਉਨ੍ਹਾਂ ਦੀ ਥਾਂ 'ਤੇ ਹਾਜਰ ਸਨ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਜਿਨ੍ਹਾਂ ਦੇ ਖਿਲਾਫ ਯੂਕਰੇਨ ਵਿੱਚ ਕਥਿਤ ਯੁੱਧ ਅਪਰਾਧਾਂ ਲਈ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਹੈ, ਨੇ ਵੀ ਔਨਲਾਈਨ ਸ਼ਿਰਕਤ ਕੀਤੀ।
2024 ਵਿੱਚ ਵੀ, ਟਰੰਪ ਨੇ ਬ੍ਰਿਕਸ ਦੇਸ਼ਾਂ 'ਤੇ 100% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਜੇਕਰ ਉਹ ਅਮਰੀਕੀ ਡਾਲਰ ਦਾ ਮੁਕਾਬਲਾ ਕਰਨ ਲਈ ਆਪਣੀ ਮੁਦਰਾ ਪੇਸ਼ ਕਰਦੇ ਹਨ।