ਮਦੀਨੇ ਦੇ ਲੋਕਾਂ ਨੇ ਹਜ਼ਰਤ ਮੁਹੰਮਦ ਨਾਲ ਬੜਾ ਪਿਆਰ ਕੀਤਾ ਅਤੇ ਪੂਰੀ ਮਿਲਵਰਤਨ ਦਿੱਤੀ। ਮੁਸਲਮਾਨੀ ਪ੍ਰਚਾਰ ਵਿੱਚ ਬੜਾ ਵਾਧਾ ਹੋਇਆ 'ਜਿਹੜਾ ਅੜਿਆ ਉਹੀ ਝੜਿਆ' ਵਾਲੀ ਗੱਲ ਹੋਈ।
ਓਮਾ ਜੀ ! ਜਦ ਤੁਹਾਡੇ ਹੀ ਬਣੇ ਰਹਿਣਾ ਹੈ ਤਾਂ ਲੇਖਾ ਕਰਨ ਦਾ ਕੀ ਲਾਭ ? ਜਿਸ ਨੂੰ ਸਦਾਂ ਮੀਆਂ, ਉਹਦੇ ਨਾਲ ਲੇਖਾ ਕਿਹਾ ?
ਤੇ ਗੋਰਖੇ ਵੀ ਡਰਦੇ ਹੱਥ ਨਹੀਂ ਪਾਂਦੇ । ਖਵਰੇ ਜਿਨ ਏ ਭੂਤ ਏ ? ਜਮਰਾਜ ਪਹਿਲੇ ਹੀ ਡਰਦਾ ਨੇੜੇ ਨਹੀਂ ਢੁਕਦਾ । ਠੀਕ ਹੈ 'ਜਿਹਨੂੰ ਇੱਥੇ ਨਹੀਂ ਢੋਈ, ਉਹਨੂੰ ਅੱਗੇ ਵੀ ਥਾਂ ਨਾ ਕੋਈ।'
ਜਦ ਵੱਡਿਆਂ ਦੇ ਕਹੇ ਉੱਤੇ ਅਮਲ ਨਹੀਂ ਕਰਨਾ ਤਦ ਉਹਨਾਂ ਨੂੰ ਪੁੱਛਣ ਦਾ ਕੀ ਲਾਭ ? 'ਜਿਹਦੇ ਰਾਹ ਨਾ ਵੰਜੈ, ਉਸਦਾ ਪੰਧ ਨਾ ਪੁਛ' ਵਾਲੀ ਗੱਲ ਪੱਲੇ ਬੰਨ੍ਹ ਕੇ ਰੱਖੋ।
ਅੱਜ ਅਮਲੋਕ ਰਾਮ ਦੀ ਬੜੀ ਨਿਰਾਦਰੀ ਹੋਈ। ਠੀਕ ਹੈ 'ਜਿਹਦੇ ਗਲ ਪੱਲਾ, ਉਹਨੂੰ ਸੌ ਖਲਾ। ਗ਼ਰੀਬ ਦੀ ਕਿਤੇ ਵੀ ਪੁੱਛ ਨਹੀਂ ਹੁੰਦੀ ।
ਕਿਉਂ ਨਾ ਹੋਵੇ, 'ਜਿਹਦੇ ਹੱਥ ਡੋਈ ਉਹਦਾ ਸਭ ਕੋਈ'। ਧਨ-ਪਾਤਰ ਦੀਆਂ ਖੁਸ਼ਾਮਦਾਂ ਸਭੇ ਹੀ ਕਰਦੇ ਹਨ।
ਨੰਬਰਦਾਰ - ਮਿੱਤ 'ਜਿਹਦੀ ਰੂੜੀ ਉਸ ਦੀ ਮੂੜੀ।' ਪੈਲੀਆਂ ਵਿੱਚ ਚੰਗੀ ਖਾਦ ਜਿੰਨੀ ਰੱਜ ਕੇ ਪਾਉਂਗੇ, ਓਨੀ ਹੀ ਪੈਦਾਵਾਰ ਵਧੇਰੇ ਹੋਵੇਗੀ।
ਰਾਜਨ ! ਜਿਹਦੀ ਤੇਗ, ਉਸੇ ਦੀ ਦੇਗ' ਵੀ ਹੁੰਦੀ ਹੈ; ਆਪਣੀ ਤਾਕਤ ਨੂੰ ਧੱਕਾ ਨਹੀਂ ਲੱਗਣ ਦੇਣਾ ਚਾਹੀਦਾ, ਫਿਰ ਧਨ ਕਦੀ ਨਿਖੁੱਟੇਗਾ ਨਹੀਂ।
ਨਰੈਣ ਸਿੰਘ - ਸਭ ਤੋਂ ਵਧੀਕ ਹੱਕ, ਸਰਦਾਰ ਦੇ ਜੇਠੇ ਪੁੱਤਰ ਦਾ ਹੈ, ਪਰ ਉਸ ਦੀ ਕੋਈ ਪੁੱਛ ਹੀ ਨਹੀਂ। 'ਜਿਸ ਦਾ ਵਿਆਹ, ਉਸ ਦੀ ਪੱਤਲ ਵੀ ਨਾ !' ਰੱਬ ਦੇ ਖੇਲ੍ਹ ਨਿਆਰੇ ਹਨ।
'ਜਿਹਦਾ ਭਰਮ ਚਲੇ, ਉਹਦੇ ਲਖ ਪਲੇ' ਜੀਵਣ ਸਿੰਘ ਦਾ ਇਤਬਾਰ ਹਾਲ ਦੀ ਘੜੀ ਕਾਇਮ ਹੈ, ਸੋ ਉਹ ਲਖਪਤੀ ਹੀ ਅਖਵਾਂਦਾ ਹੈ।
ਮਰ ਗਿਆ ਮੈਂ ਤੁਸਾਂ ਪੁੱਤਰਾਂ ਲਈ ਮਿਹਨਤਾਂ ਕਰਦਾ। ਅੱਜ ਮੇਰੀ ਹੀ ਤੁਹਾਡੇ ਹੱਥੋਂ ਇਹ ਦੁਰਗਤੀ ? 'ਜਿਹਦਾ ਪਿੰਡ ਗਰਾਂ, ਉਹਨੂੰ ਬਹਿਣ ਨੂੰ ਨਾ ਥਾਂ' ਤੇ ਤੁਹਾਡੀਆਂ ਰੰਨਾਂ ਮੌਜਾਂ ਉਡਾਣ।
ਲਾਂਗਰੀ ਜੀ, ਤੁਹਾਡੇ ਲਈ ਵੀ ਕੁਝ ਬਚਿਆ ਹੈ ਜਾਂ ਤੁਹਾਡੇ ਨਾਲ ਵੀ ਇਹੀ ਵਰਤੀ ਅਖੇ 'ਜਿਹਦੇ ਹੱਥ ਡੋਈ, ਭੁੱਖਾ ਮਰੇ ਸੋਈ।'