ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ 'ਤੇ ਪਰਸਪਰ ਟੈਰਿਫਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਦਿਆਲੂ ਹੋਣ ਕਾਰਨ ਇਨ੍ਹਾਂ ਦੇਸ਼ਾਂ ਵੱਲੋਂ ਸਾਡੇ ਤੋਂ ਚਾਰਜ ਕੀਤੇ ਟੈਰਿਫ ਨਾਲੋਂ ਅੱਧ ਦਾ ਟੈਰਿਫ ਲਾਵਾਂਗੇ। ਭਾਵ ਕਿ ਜੇਕਰ ਚੀਨ ਅਮਰੀਕਾ ਦੇ ਸਮਾਨ ਤੇ 40% ਟੈਰਿਫ ਲਾਉਂਦਾ ਹੈ ਤਾਂ ਅਮਰੀਕਾ 20% ਟੈਰਿਫ ਲਏਗਾ। "ਟੈਰਿਫ ਵਿੱਚ ਛੋਟ" ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਉੱਪਰ 26 ਪ੍ਰਤੀਸ਼ਤ ਅਤੇ ਚੀਨ 'ਤੇ 34 ਪ੍ਰਤੀਸ਼ਤ ਆਯਾਤ ਡਿਊਟੀ ਲਗਾਏਗਾ।
ਭਾਰਤ ਬਾਰੇ ਬੋਲਦੇ ਹੋਏ, ਰਾਸ਼ਟਰਪਤੀ ਟਰੰਪ ਨੇ ਸਰਕਾਰ ਦੁਆਰਾ ਅਮਰੀਕਾ ਤੇ ਲਗਾਏ ਗਏ ਟੈਰਿਫਾਂ ਨੂੰ "ਬਹੁਤ ਸਖ਼ਤ" ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ "ਉਨ੍ਹਾਂ ਦੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਹੁਣੇ (ਹਾਲ ਹੀ ਵਿੱਚ) ਅਮਰੀਕਾ ਆਕੇ ਗਏ ਹਨ। ਉਹ ਮੇਰੇ ਬਹੁਤ ਚੰਗੇ ਦੋਸਤ ਹਨ, ਪਰ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ 'ਤੁਸੀਂ ਮੇਰੇ ਦੋਸਤ ਹੋ ਅਤੇ ਤੁਸੀਂ ਸਾਡੇ ਨਾਲ ਸਹੀ ਵਿਵਹਾਰ ਨਹੀਂ ਕਰ ਰਹੇ।' ਭਾਰਤ ਸਾਡੇ ਤੋਂ 52 ਪ੍ਰਤੀਸ਼ਤ ਟੈਰਿਫ ਚਾਰਜ ਕਰਦਾ ਹੈ, ਇਸ ਲਈ ਅਸੀਂ ਉਨ੍ਹਾਂ ਤੋਂ ਅੱਧਾ - 26 ਪ੍ਰਤੀਸ਼ਤ ਟੈਰਿਫ ਚਾਰਜ ਕਰਾਂਗੇ।"
ਟਰੰਪ ਨੇ ਯੂਰਪੀਅਨ ਯੂਨੀਅਨ ਤੋਂ ਆਯਾਤ 'ਤੇ 20 ਪ੍ਰਤੀਸ਼ਤ ਅਤੇ ਯੂਕੇ ਤੇ 10 ਪ੍ਰਤੀਸ਼ਤ ਟੈਕਸ ਲਗਾਉਣ ਦਾ ਐਲਾਨ ਵੀ ਕੀਤਾ - ਜੋ ਕਿ ਸੰਯੁਕਤ ਰਾਜ ਅਮਰੀਕਾ ਦੇ ਦੋ ਮੁੱਖ ਵਪਾਰਕ ਭਾਈਵਾਲ ਅਤੇ ਸਹਿਯੋਗੀ ਹਨ। ਜਾਪਾਨ 'ਤੇ ਵੀ ਉਨ੍ਹਾਂ ਨੇ 24 ਪ੍ਰਤੀਸ਼ਤ ਟੈਕਸ ਲਗਾਇਆ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਇਹ ਟੈਰਿਫ, ਸੰਯੁਕਤ ਰਾਜ ਅਮਰੀਕਾ ਵਿੱਚ ਆਯਾਤ ਕੀਤੇ ਗਏ ਸਾਰੇ ਉਤਪਾਦਾਂ 'ਤੇ 10 ਪ੍ਰਤੀਸ਼ਤ ਬੇਸ ਇੰਪੋਰਟ ਡਿਊਟੀ ਤੋਂ ਇਲਾਵਾ ਲਗਾਏ ਗਏ ਹਨ। ਹਾਲਾਂਕਿ, ਰਾਸ਼ਟਰਪਤੀ ਟਰੰਪ ਨੇ ਇਹ ਨਹੀਂ ਦੱਸਿਆ ਕਿ ਵੱਖ-ਵੱਖ ਇੰਡਸਟਰੀਆਂ ਉੱਤੇ ਇਹ ਟੈਰਿਫ ਕਿਵੇਂ ਲਗਾਏ ਜਾਣਗੇ।
ਇਹ ਐਲਾਨ ਕੱਲ੍ਹ ਵ੍ਹਾਈਟ ਹਾਊਸ, ਰੋਜ਼ ਗਾਰਡਨ ਵਿਖੇ ਜੋਰ-ਸ਼ੋਰ ਨਾਲ ਕੀਤਾ ਗਿਆ। ਡੋਨਾਲਡ ਟਰੰਪ ਨੇ ਕਿਹਾ ਸੀ ਜਿਵੇਂ ਕਿ "ਬਹੁਤ ਲੰਬੇ ਸਮੇਂ ਤੋਂ, ਦੂਜੇ ਦੇਸ਼ਾਂ ਨੇ ਸਾਡੀਆਂ ਨੀਤੀਆਂ ਦਾ ਫਾਇਦਾ ਉਠਾਉਂਦੇ ਹੋਏ ਸਾਨੂੰ ਖੂਬ ਲੁੱਟਿਆ ਹੈ ਪਰ ਹੁਣ ਨਹੀਂ। 2 ਅਪ੍ਰੈਲ ਨੂੰ ਹਮੇਸ਼ਾ ਲਈ ਮੁਕਤੀ ਦਿਵਸ ਵਜੋਂ ਜਾਣਿਆ ਜਾਵੇਗਾ - ਜਦੋਂ ਅਮਰੀਕਾ ਨੇ ਆਪਣੇ ਅਧਿਕਾਰ ਨੂੰ ਮੁੜ ਪ੍ਰਾਪਤ ਕੀਤਾ। ਅਸੀਂ ਹੁਣ ਉਨ੍ਹਾਂ ਦੇਸ਼ਾਂ 'ਤੇ ਪਰਸਪਰ ਟੈਰਿਫ ਲਗਾਵਾਂਗੇ ਜੋ ਸਾਡੇ ਤੇ ਟੈਰਿਫ ਲਗਾਉਂਦੇ ਹਨ।
"ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਰੁਜਗਾਰ ਮੁੜ ਪ੍ਰਾਪਤ ਕਰਾਂਗੇ, ਅਸੀਂ ਆਪਣੇ ਉਦਯੋਗਾਂ ਨੂੰ ਮੁੜ ਪੈਰਾਂ ਤੇ ਕਰਾਂਗੇ ਅਤੇ ਅਸੀਂ ਅਮਰੀਕਾ ਨੂੰ ਦੁਬਾਰਾ ਅਮੀਰ ਬਣਾਵਾਂਗੇ। ਹੁਣ ਅਮਰੀਕਾ ਵਿੱਚ ਨੌਕਰੀਆਂ ਵਧ ਜਾਣਗੀਆਂ," ਉਸਨੇ ਅੱਗੇ ਕਿਹਾ।
ਵ੍ਹਾਈਟ ਹਾਊਸ ਨੇ "ਲਿਬਰੇਸ਼ਨ ਡੇ" ਟੈਰਿਫ ਘੋਸ਼ਣਾ ਤੋਂ ਥੋੜ੍ਹੀ ਦੇਰ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ "ਰਾਸ਼ਟਰੀ ਐਮਰਜੈਂਸੀ" ਦੇ ਕਾਰਨ ਜੋ ਕਿ ਲਗਾਤਾਰ ਵਪਾਰਕ ਘਾਟੇ ਕਾਰਨ ਸੁਰੱਖਿਆ ਚਿੰਤਾਵਾਂ ਤੋਂ ਪੈਦਾ ਹੋਈ ਹੈ, ਅਮਰੀਕਾ ਇੱਕ "ਬੇਸਲਾਈਨ" 10 ਪ੍ਰਤੀਸ਼ਤ ਟੈਰਿਫ ਲਗਾ ਰਿਹਾ ਹੈ ਜੋ 5 ਅਪ੍ਰੈਲ ਨੂੰ ਸਥਾਨਕ ਸਮੇਂ ਅਨੁਸਾਰ 12:01 ਵਜੇ (9:30 ਵਜੇ ਭਾਰਤੀ ਸਮੇਂ ਅਨੁਸਾਰ) ਸ਼ੁਰੂ ਹੋਵੇਗਾ, ਜਦੋਂ ਕਿ ਦੇਸ਼ਾਂ ਤੇ ਲਗਾਏ ਟੈਰਿਫ 9 ਅਪ੍ਰੈਲ ਨੂੰ ਸਥਾਨਕ ਸਮੇਂ ਅਨੁਸਾਰ 12:01 ਵਜੇ (9:30 ਵਜੇ ਭਾਰਤੀ ਸਮੇਂ ਅਨੁਸਾਰ) ਤੋਂ ਸ਼ੁਰੂ ਹੋਣਗੇ।