ਰਾਮ ਚੰਦ ਸਾਰਾ ਦਿਨ ਆਪਣੇ ਕਾਰੋਬਾਰ ਅਤੇ ਆਪਣੀ ਔਲਾਦ ਦੀਆਂ ਸਿਫ਼ਤਾਂ ਕਰਦਾ ਰਹਿੰਦਾ ਹੈ। ਉਸ ਬਾਰੇ ਪਿੰਡ ਦੇ ਲੋਕ ਅਕਸਰ ਕਹਿੰਦੇ ਹਨ ਕਿ ਉਸ ਦੀ ਤਾਂ ਉਹ ਗੱਲ ਹੈ, ਅਖੇ : "ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ।"
ਸ਼ੇਅਰ ਕਰੋ
ਅੱਜ ਕੱਲ੍ਹ ਤਾਂ ਉਹ ਬੜਾ ਸੁਖੀ ਹੈ। ਹੁਣ ਤਾਂ ਘਿਉ ਦੀਆਂ ਕੁਰਲੀਆਂ ਕਰਦਾ ਹੈ।
ਇਹ ਕੰਪਨੀ ਕਦੇ ਬਹੁਤ ਚੰਗਾ ਮਾਲ ਬਣਾਉਂਦੀ ਸੀ, ਪਰੰਤੂ ਜਦੋਂ ਇਸ ਦਾ ਨਾਂ ਬਹੁਤ ਪ੍ਰਸਿੱਧ ਹੋ ਗਿਆ, ਤਾਂ ਇਸ ਨੇ ਘਟੀਆ ਮਾਲ ਬਨਾਉਣਾ ਸ਼ੁਰੂ ਕਰ ਦਿੱਤਾ। ਅੱਜ-ਕੱਲ੍ਹ ਤਾਂ ਇਸ ਦੀ ਉਹ ਗੱਲ ਹੈ, “ਉੱਚੀ ਦੁਕਾਨ ਫਿੱਕਾ ਪਕਵਾਨ।”
ਜਦੋਂ ਜੇਲ੍ਹ ਵਿੱਚ ਪਏ ਦੇਸ਼-ਭਗਤ ਨੂੰ ਇੱਕ ਮਿੱਤਰ ਨੇ ਸਜ਼ਾ ਤੇ ਜੇਲ੍ਹ ਦੇ ਜੀਵਨ ਦੀਆਂ ਤਕਲੀਫਾਂ ਤੋਂ ਬਚਣ ਲਈ ਸਰਕਾਰ ਤੋਂ ਮਾਫੀ ਮੰਗਣ ਲਈ ਕਿਹਾ, ਤਾਂ ਉਸ ਨੇ ਇਸ ਤਜਵੀਜ਼ ਨੂੰ ਠੁਕਰਾਉਂਦਿਆਂ ਬੜੇ ਸਿਦਕ ਨਾਲ ਕਿਹਾ, "ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ।"
ਸਾਡਾ ਗੁਆਂਢੀ ਰਾਜੂ ਪਿੰਡ ਦੇ ਹਰ ਮਸਲੇ ਵਿੱਚ ਪ੍ਰਧਾਨ ਹੁੰਦਾ ਹੈ, ਚਾਹੇ ਕੋਈ ਧਾਰਮਿਕ ਦੀਵਾਨ ਹੋਵੇ, ਭਾਵੇਂ ਕੋਈ ਪੰਚਾਇਤ ਦਾ ਮਾਮਲਾ ਹੋਵੇ ਜਾਂ ਕੋਈ ਘਰੇਲੂ ਝਗੜਾ ਹੋਵੇ ਤੇ ਭਾਵੇਂ ਵੋਟਾਂ ਮੰਗਣ ਵਾਲਿਆਂ ਨਾਲ ਘੁੰਮਣਾ ਹੋਵੇ, ਤੁਸੀ ਉਸ ਨੂੰ ਹਰ ਥਾਂ ਚੌਧਰੀ ਬਣਿਆ ਦੇਖ ਸਕਦੇ ਹੋ। ਉਸਦੀ ਤਾਂ ਉਹ ਗੱਲ ਹੈ- "ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ।"
ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਉਸ ਨੂੰ ਕਿਹਾ ਹੈ ਕਿ ਉਹ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀ ਲੁਆ ਦੇਵੇਗਾ, ਤਾਂ ਮੈ ਹੱਸ ਕੇ ਕਿਹਾ, "ਉਹ ਦਿਨ ਡੁੱਬਾ,ਜਦੋਂ ਘੋੜੀ ਚੜ੍ਹਿਆ ਕੁੱਬਾ।" ਜੇਕਰ ਉਸਦੀ ਇੰਨੀ ਚਲਦੀ ਹੋਵੇ, ਤਾਂ ਉਸਦਾ ਆਪਣਾ ਪੁੱਤਰ ਬੀ.ਏ.ਪਾਸ ਕਰ ਕੇ ਇਉਂ ਵਿਹਲਾ ਫਿਰੇ? ਉਹ ਬੱਸ ਗੱਲਾਂ ਕਰਨ ਜੋਗਾ ਹੀ ਹੈ, ਕਰਨ ਜੋਗਾ ਕੁਝ ਨਹੀ।
ਸੁਖਦੇਵ ਸਾਰਾ ਸਾਲ ਤਾਂ ਪੜ੍ਹਿਆ ਨਹੀਂ। ਹੁਣ ਜਦੋਂ ਇਮਤਿਹਾਨ ਸਿਰ 'ਤੇ ਆ ਗਏ ਹਨ ਤਾਂ ਕਦੇ ਉਹ ਆਪਣੇ ਜਮਾਤੀਆਂ ਤੋਂ ਨੋਟਸ ਮੰਗਦਾ ਫਿਰ ਰਿਹਾ ਹੈ ਤੇ ਕਦੇ ਅਧਿਆਪਕਾਂ ਤੋਂ ਮਹੱਤਵਪੂਰਨ ਪ੍ਰਸ਼ਨ ਪੁੱਛਣ ਲਈ ਜਾ ਰਿਹਾ ਹੈ । ਉਸ ਦੀ ਹਾਲਤ ਵੇਖ ਕੇ ਉਸ ਦੇ ਇੱਕ ਜਮਾਤੀ ਨੇ ਕਿਹਾ, "ਇੰਨੇ ਥੋੜ੍ਹੇ ਸਮੇਂ ਵਿੱਚ ਹੁਣ ਤੂੰ ਕੀ-ਕੀ ਪੜ੍ਹ ਲਵੇਂਗਾ, ਸਿਆਣਿਆਂ ਨੇ ਠੀਕ ਹੀ ਕਿਹਾ ਹੈ—ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ ।"
ਦੋ ਦਹਾਕੇ ਪਹਿਲਾਂ ਸਾਡੇ ਪਿੰਡ ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣਿਆ ਸੀ ਜਿਸ ਵਿੱਚ ਸ. ਕਰਨੈਲ ਸਿੰਘ ਜੀ ਵਰਗੇ ਪ੍ਰਿੰਸੀਪਲ ਆਏ। ਉਹਨਾਂ ਨੇ ਸਾਡੇ ਪਿੰਡ ਵਿੱਚ ਵਿੱਦਿਆ ਦੀ ਅਜਿਹੀ ਜੋਤ ਜਗਾਈ ਕਿ ਅੱਜ ਸਾਡੇ ਪਿੰਡ ਨੂੰ ਪੜ੍ਹਿਆ-ਲਿਖਿਆਂ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਉਹਨਾਂ ਦੀ ਪ੍ਰੇਰਨਾ ਨਾਲ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਬਹੁਤ ਸਾਰੇ ਲੋਕ ਉੱਚੇ ਅਹੁਦਿਆਂ 'ਤੇ ਪਹੁੰਚੇ ਹਨ ਅਤੇ ਪਿੰਡ ਤਰੱਕੀ ਦੀਆਂ ਸਿਖਰਾਂ ਛੂਹ ਰਿਹਾ ਹੈ। ਉਹਨਾਂ ਨੇ ਤਾਂ ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਦਾ ਵਾਕ ਸੱਚ ਕਰ ਵਿਖਾ ਦਿੱਤਾ ਹੈ।
ਰਮਿੰਦਰ ਨੂੰ ਸ਼ੁਰੂ ਤੋਂ ਦੇਰੀ ਨਾਲ ਉੱਠਣ ਦੀ ਆਦਤ ਸੀ। ਹੁਣ ਉਸ ਨੂੰ ਨੌਕਰੀ ਮਿਲ ਗਈ ਹੈ, ਉਹ ਆਪਣੇ ਦਫ਼ਤਰ ਵੀ ਅਕਸਰ ਲੇਟ ਹੀ ਪਹੁੰਚਦਾ ਹੈ। ਉਸ ਦਾ ਜਮਾਤੀ ਵੀ ਰਮਿੰਦਰ ਦੇ ਦਫ਼ਤਰ ਵਿੱਚ ਕੰਮ ਕਰਦਾ ਹੈ। ਇੱਕ ਦਿਨ ਉਸ ਨੇ ਰਮਿੰਦਰ ਨੂੰ ਕਿਹਾ, "ਜਾਪਦਾ ਹੈ ਕਿ ਤੂੰ ਅਜੇ ਤੱਕ ਸਕੂਲ ਤੇ ਕਾਲਜ ਵਾਲੀਆਂ ਆਦਤਾਂ ਛੱਡੀਆਂ ਨਹੀਂ, ਤੇਰਾ ਤਾਂ ਉਹ ਹਾਲ ਜਾਪਦਾ ਹੈ, ਅਖੇ-ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।"
ਰਵਨੀਤ ਨੂੰ ਆਪਣੇ ਕਮਰੇ ਦੀ ਝਾੜ-ਪੂੰਝ ਕਰਦਿਆਂ ਵੇਖ ਕੇ ਉਸ ਦੀ ਸਹੇਲੀ ਨੇ ਕਿਹਾ, "ਤੇਰੇ ਪਾਪਾ ਤਾਂ ਅਫ਼ਸਰ ਨੇ ਤੇ ਤੁਹਾਡੇ ਘਰ ਨੌਕਰ ਵੀ ਨੇ ਫਿਰ ਵੀ ਤੂੰ ਕੰਮ ਕਿਉਂ ਕਰਦੀ ਹੈਂ?" ਰਵਨੀਤ ਨੇ ਹੱਸ ਕੇ ਕਿਹਾ, "ਮੈਨੂੰ ਆਪਣਾ ਕੰਮ ਆਪ ਕਰਕੇ ਸੰਤੁਸ਼ਟੀ ਮਿਲਦੀ ਹੈ, ਨਾਲੇ ਸਿਆਣਿਆਂ ਨੇ ਵੀ ਕਿਹਾ ਹੈ ਕਿ ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ।"
ਕਾਕਾ, ਕੋਈ ਵੀ ਔਗੁਣ ਅਜਿਹਾ ਨਹੀਂ ਜਿਸ ਤੋਂ ਬਚਿਆ ਨਾ ਜਾ ਸਕੇ। ਬੱਸ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈ। ਗੁਰਬਾਣੀ ਦਾ ਕਥਨ ਹੈ- ਮਨ ਜੀਤੈ ਜਗੁ ਜੀਤੁ, ਸਮਾਜ ਵਿੱਚ ਫੈਲ ਰਹੇ ਨਸ਼ਿਆਂ ਦੇ ਕੋਹੜ ਤੋਂ ਸੁਚੇਤ ਕਰਦਿਆਂ ਪੁਸ਼ਪਿੰਦਰ ਦੇ ਦਾਦਾ ਜੀ ਨੇ ਉਸ ਨੂੰ ਕਿਹਾ।
ਵੀਰਵੰਤੀ ਨੂੰ ਐਤਵਾਰ ਵਾਲੇ ਦਿਨ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਪਿਆ। ਦੁਪਹਿਰ ਤੱਕ ਜਦ ਉਹ ਵਾਪਸ ਘਰ ਪਹੁੰਚੀ ਤਾਂ ਘਰ ਦਾ ਸਾਰਾ ਕੰਮ ਖਿੱਲਰਿਆ ਪਿਆ ਸੀ। ਉਸ ਦੀ ਧੀ ਟੈਲੀਵੀਜ਼ਨ ਵੇਖ ਰਹੀ ਸੀ ਅਤੇ ਨੂੰਹ ਸੁੱਤੀ ਪਈ ਸੀ। ਵੀਰਵੰਤੀ ਨੇ ਦੋਹਾਂ ਨੂੰ ਆਖਿਆ, "ਠੀਕ ਹੈ ਤੁਸੀਂ ਦੋਵੇਂ ਕਮਾਊ ਹੋ ਪਰ ਆਪਣੇ ਘਰ ਦਾ ਕੰਮ ਕਰਨ ਦਾ ਕੋਈ ਮਿਹਣਾ ਨਹੀਂ ਹੁੰਦਾ। ਤੁਹਾਡਾ ਤਾਂ ਉਹ ਹਾਲ ਹੈ ਅਖੇ- ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਘਰ ਦਾ ਪਾਣੀ।"
ਜਦੋਂ ਮੁੰਡੇ ਵਾਲਿਆਂ ਨੇ ਨੂੰਹ ਨੂੰ ਤੰਗ ਕਰਨਾ ਸ਼ੁਰੂ ਕੀਤਾ ਤਾਂ ਉਸ ਦੇ ਭਰਾਵਾਂ ਨੇ ਮੁੰਡੇ ਦੇ ਬਾਪ ਨੂੰ ਕਿਹਾ, "ਦੇਖੋ ਬਜ਼ੁਰਗੋ। ਸਾਡੀ ਕੁੜੀ ਨੂੰ ਤੰਗ ਨਾ ਕਰੋ। ਨਹੀਂ ਤਾਂ ਭੱਜਦਿਆਂ ਨੂੰ ਵਾਹਣ ਇੱਕੋ-ਜਿਹੇ ਨੇ । ਅਸੀਂ ਤਾਂ ਤੰਗ ਹੋਵਾਂਗੇ ਹੀ, ਤੁਸੀਂ ਵੀ ਤੰਗ ਹੋਵੇਗੇ।"