ਪੰਜਾਬੀ ਸੱਭਿਆਚਾਰ ਵਿੱਚ ਚੁੱਲ੍ਹੇ ਦੀ ਘੱਟਦੀ ਮਹੱਤਤਾ: ਇੱਕ ਅਲੋਪ ਹੋ ਰਹੀ ਵਿਰਾਸਤ

ਪੰਜਾਬੀ ਸੱਭਿਆਚਾਰ ਵਿੱਚ ਚੁੱਲ੍ਹੇ ਦੀ ਘੱਟਦੀ ਮਹੱਤਤਾ: ਇੱਕ ਅਲੋਪ ਹੋ ਰਹੀ ਵਿਰਾਸਤ

ਚੁੱਲ੍ਹੇ ਦਾ ਪੰਜਾਬੀ ਲੋਕ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਪੰਜਾਬੀ ਲੋਕ ਜੀਵਨ ਵਿੱਚ ਚੁੱਲ੍ਹੇ ਦਾ ਅਹਿਮ ਸਥਾਨ ਹੁੰਦਾ ਸੀ। ਚੁੱਲ੍ਹਾ ਅਰਧ ਗੋਲੇ ਦੀ ਸ਼ਕਲ ਵਾਂਗ ਇੱਕ ਖ਼ਾਸ ਆਕਾਰ ਦਾ ਬਣਾਇਆ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਬਹੁਤ ਤਬਦੀਲੀ ਆ ਗਈ ਹੈ ਕਿਉਂਕਿ ਪੰਜਾਬੀ ਲੋਕ ਜੀਵਨ ਨਾਲ ਜੁੜੀਆਂ ਕਈ ਅਹਿਮ ਵਸਤਾਂ ਘਰਾਂ ਵਿੱਚੋਂ ਅਲੋਪ ਹੋ ਰਹੀਆਂ ਹਨ। ਮਨੁੱਖ ਲਈ ਜਿੱਥੇ ਢਿੱਡ ਭਰਨ ਲਈ ਕੰਮ ਕਰਨਾ ਜ਼ਰੂਰੀ ਹੈ, ਉਸੇ ਤਰ੍ਹਾਂ ਹੀ ਘਰ ਵਿੱਚ ਲੋੜੀਂਦੀਆਂ ਵਸਤਾਂ ਦੀ ਉਨੀਂ ਹੀ ਮਹੱਤਤਾ ਹੈ।

ਚੁੱਲ੍ਹੇ ਵਿੱਚ ਬਲਦੀ ਅੱਗ ਨੂੰ 'ਤੇ ਘੜੇ ਵਿੱਚ ਪਾਣੀ ਹੋਣ ਨੂੰ ਘਰ ਦੀ ਖ਼ੁਸ਼ਹਾਲੀ ਤੇ ਘਰ ਵਿੱਚ ਬਰਕਤ ਹੋਣ ਦੇ ਪ੍ਰਤੀਕ ਵਜੋਂ ਲਿਆ ਜਾਂਦਾ ਸੀ। ਇਨ੍ਹਾਂ ਨੂੰ ਵੱਸਦੇ ਘਰਾਂ ਦੇ ਪ੍ਰਤੀਕ ਵੀ ਸਮਝਿਆ ਜਾਂਦਾ ਸੀ। ਇਨ੍ਹਾਂ ਬਰਕਤਾਂ ਤੋਂ ਵਿਹੂਣੇ ਘਰ ਜਾਂ ਲੋਕਾਂ ਬਾਰੇ ਪੰਜਾਬੀ ਲੋਕ ਗੀਤਾਂ ਦੀਆਂ ਤੁਕਾਂ ਵਿੱਚ ਵੀ ਹਵਾਲੇ ਮਿਲਦੇ ਹਨ:

ਚੁੱਲ੍ਹੇ ਅੱਗ ਨਾ ਘੜੇ ਦੇ ਵਿੱਚ ਪਾਣੀ, ਉਹ ਘਰ ਛੜਿਆਂ ਦਾ।

ਜਾਂ

ਚੁੱਲ੍ਹੇ ਅੱਗ ਨਾ ਘੜੇ ਦੇ ਵਿੱਚ ਪਾਣੀ, ਛੜਿਆਂ ਦੀ ਜੂਨ ਬੁਰੀ।

ਸਾਡੇ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਘਰਾਂ ਵਿੱਚ ਬਣਿਆ ਚੁੱਲ੍ਹਾ ਜੋ ਪੇਟ ਦੀ ਭੁੱਖ ਬੁਝਾਉਣ ਲਈ ਸਵੇਰੇ ਸ਼ਾਮ ਬਾਲਣਾ ਜ਼ਰੂਰੀ ਹੈ, ਹੁਣ ਇਹ ਚੁੱਲ੍ਹਾ ਘਰਾਂ ਦਾ ਸ਼ਿੰਗਾਰ ਬਣਨ ਦੀ ਬਜਾਏ ਅੜਿੱਕੇ ਦੀ ਚੀਜ ਬਣਕੇ ਰਹਿ ਗਿਆ ਹੈ। ਅੱਜ ਤੋਂ ਤਿੰਨ ਕੁ ਦਹਾਕੇ ਪਹਿਲਾਂ ਔਰਤਾਂ ਵੱਲੋਂ ਚੁੱਲ੍ਹਾ ਚੌਕਾ, ਘਰਾਂ ਵਿੱਚ ਪਹਿਲ ਦੇ ਆਧਾਰ ’ਤੇ ਬਣਾਇਆ ਜਾਂਦਾ ਸੀ। ਫਿਰ ਘਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੁੰਦਾ ਸੀ ਜੇ ਉਸ ਦੀ ਟੁੱਟ ਭੱਜ ਹੋ ਜਾਂਦੀ ਤਾਂ ਉਸ ’ਤੇ ਪਾਂਡੋ ਮਿੱਟੀ ਦਾ ਪੋਚਾ ਫੇਰਿਆ ਜਾਂਦਾ ਸੀ ਅਤੇ ਚੁੱਲ੍ਹੇ ਦੀ ਮੁਰੰਮਤ ਕੀਤੀ ਜਾਂਦੀ ਸੀ। 

ਪੰਜਾਬੀ ਸੱਭਿਆਚਾਰ ਵਿੱਚ ਚੁੱਲ੍ਹੇ ਨਾਲ ਜੁੜੀ ਇੱਕ ਰੀਤ ਵੀ ਸੀ ਜਿਸਨੂੰ ਚੁੱਲ੍ਹੇ ਨਿਓਂਦ ਕਿਹਾ ਜਾਂਦਾ ਸੀ। ਚੁੱਲ੍ਹੇ ਨਿਓਂਦਾ ਜਾਂ ਚੁੱਲ੍ਹੇ ਨਿਓਂਦ ਪੰਜਾਬ ਦੇ ਲੋਕਾਂ ਦੀ ਖੁਸ਼ੀ ਦੇ ਮੌਕੇ ਦੀ ਰੀਤ ਹੈ। ਜਿਹੜੇ ਘਰ ਵਿਆਹ, ਖੁਸ਼ੀ ਦਾ ਕੋਈ ਪਾਠ ਜਾਂ ਮੁੰਡੇ ਦੀ ਛਟੀ ਹੋਵੇ ਉਸ ਘਰ ਵੱਲੋਂ ਆਪਣੇ ਸ਼ਰੀਕੇ ਦੇ ਸਾਰੇ ਘਰਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਸੀ। ਉਹਨਾਂ ਸਾਰਿਆਂ ਦਾ ਰੋਟੀ ਪਾਣੀ ਸਮਾਗਮ ਵਾਲੇ ਘਰ ਹੀ ਹੁੰਦਾ ਸੀ ਜਿਸ ਨੂੰ ਚੁੱਲ੍ਹੇ ਨਿਓਂਦ ਕਿਹਾ ਜਾਂਦਾ ਸੀ। ਇਸ ਮੌਕੇ 'ਤੇ ਕੋਈ ਵੀ ਘਰ ਆਪਣੇ ਘਰ ਚੁੱਲ੍ਹਾ ਨਹੀਂ ਬਾਲ਼ਦਾ ਸੀ, ਸਾਰੇ ਮੈਂਬਰਾਂ ਦੀ ਰੋਟੀ ਉਸੇ ਘਰੋਂ ਹੀ ਆਉਂਦੀ ਸੀ। ਹੋਰ ਤਾਂ ਹੋਰ ਉਹਨਾਂ ਘਰਾਂ ਦਾ ਗੋਹਾ ਕੂੜਾ ਵੀ ਵਿਆਹ ਵਾਲੇ ਘਰ ਦੀ ਲਾਗਣ ਹੀ ਕਰਦੀ ਸੀ। ਜੇਕਰ ਚੁੱਲ੍ਹੇ ਨਿਉਂਦ ਵਾਲੇ ਪਰਿਵਾਰ ਦੇ ਘਰ ਕੋਈ ਪ੍ਰਾਹੁਣਾ ਵੀ ਆਇਆ ਹੋਵੇ ਉਸ ਦੀ ਰੋਟੀ ਵੀ ਵਿਆਹ ਵਾਲੇ ਘਰੋਂ ਜਾਂਦੀ ਸੀ। ਏਸੇ ਹੀ ਤਰ੍ਹਾਂ ਜੇਕਰ ਚੁੱਲ੍ਹੇ ਨਿਉਂਦੇ ਪਰਿਵਾਰ ਦਾ ਕੋਈ ਬਜੁਰਗ ਕਮਜੋਰੀ ਕਰਕੇ ਜਾਂ ਬੀਮਾਰੀ ਕਰਕੇ ਵਿਆਹ ਵਾਲੇ ਘਰ ਰੋਟੀ ਖਾਣ ਨਹੀਂ ਆ ਸਕਦਾ ਸੀ ਤਾਂ ਉਸ ਦੀ ਰੋਟੀ ਵੀ ਘਰ ਭੇਜੀ ਜਾਂਦੀ ਸੀ।

ਉਸ ਸਮੇਂ ਵਿੱਚ ਲੱਕੜਾਂ ਦੀ ਵੀ ਕੋਈ ਕਮੀ ਨਹੀਂ ਹੁੰਦੀ ਸੀ। ਖੇਤਾਂ ਵਿੱਚ ਨਰਮੇ (ਕਪਾਹ) ਦੀ ਫ਼ਸਲ ਤੋਂ ਛਟੀਆਂ ਘਰ ਆ ਜਾਂਦੀਆਂ ਸਨ। ਸਰਦੀ ਮੌਕੇ ਚੌਂਕੇ ਵਿੱਚ ਬੈਠ ਕੇ ਰੋਟੀ ਖਾਣ ਦਾ ਵੱਖਰਾ ਹੀ ਨਜਾਰਾ ਹੁੰਦਾ ਸੀ। ਮਾਂ ਅਪਣੀ ਧੀ ਨੂੰ ਚੁੱਲ੍ਹੇ ਚੌਂਕੇ ਦਾ ਕੰਮ ਸਿਖਾਉਦੀ ਸੀ ਤਾਂ ਜੋ ਸਹੁਰੇ ਘਰ ਵਿੱਚ ਉਸ ਨੂੰ ਕੋਈ ਦਿੱਕਤ ਨਾ ਆਵੇ।

ਪਰ ਹੁਣ ਦੇ ਸਮੇਂ ਵਿੱਚ ਕੋਈ ਚੁੱਲ੍ਹਾ ਬਾਲ ਕੇ ਰਾਜ਼ੀ ਨਹੀਂ। ਹਰ ਸਮੇਂ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅੱਜ ਦੀ ਗੈਸ ਸਿਲੰਡਰ ਵਾਲੀ ਰੋਟੀ ਚੁੱਲ੍ਹੇ ਵਾਲੀ ਰੋਟੀ ਦੀ ਰੀਸ ਨਹੀਂ ਕਰ ਸਕਦੀ, ਤਾਂ ਹੀ ਤਾਂ ਅੱਜਕਲ ਚੁੱਲ੍ਹੇ ਦੀ ਰੋਟੀ ਖਾਣ ਲਈ ਲੋਕਾਂ ਵੱਲੋਂ ਵਿਆਹ ਸਮਾਗਮਾਂ ਵਿੱਚ ਪੰਜਾਬੀ ਢਾਬੇ ਦੀ ਸਟਾਲ ਲਗਵਾਈ ਜਾਂਦੀ ਹੈ ਜਿੱਥੇ ਬਹੁਤੇ ਲੋਕੀਂ ਚੁੱਲ੍ਹੇ ਦੀ ਰੋਟੀ ਖਾਣ ਦੇ ਇੱਛੁਕ ਹੁੰਦੇ ਹਨ। ਚੁੱਲ੍ਹੇ ਦੀ ਰੋਟੀ ਨੂੰ ਲੋਕ ਸ਼ੌਕ ਨਾਲ ਖਾਂਦੇ ਹਨ ਕਿਉਂਕਿ ਚੁੱਲ੍ਹੇ ਦੀ ਰੋਟੀ ਦਾ ਸਵਾਦ ਹੀ ਵੱਖਰਾ ਹੈ। ਜਿੱਥੇ ਗੈਸ ਸਿਲੰਡਰ ਤੇ ਬਣਨ ਵਾਲੀ ਰੋਟੀ ਕਈ ਬੀਮਾਰੀਆਂ ਨੂੰ ਜਨਮ ਦਿੰਦੀ ਹੈ ਉੱਥੇ ਹੀ ਚੁੱਲ੍ਹੇ ’ਤੇ ਬਣਨ ਵਾਲੀ ਰੋਟੀ ਸਿਹਤ ਲਈ ਚੰਗੀ ਹੁੰਦੀ ਹੈ। 

ਅਜੋਕੇ ਮਸ਼ੀਨੀ ਯੁੱਗ ਵਿੱਚ ਇਲੈਕਟਰਾਨਿਕ ਚੁੱਲ੍ਹੇ ਬਣ ਗਏ ਹਨ। ਘਰਾਂ ਵਿੱਚ ਰਸੋਈ ਗੈਸ ਦੀ ਵਰਤੋਂ ਹੋਣ ਲੱਗ ਪਈ। ਚੁੱਲ੍ਹੇ ਵਿੱਚ ਅੱਗ ਮਚਾਉਣ ਨਾਲ ਅਤੇ ਉਸ ਦੇ ਧੂੰਏਂ ਨਾਲ ਕੰਧਾਂ ਕਾਲੀਆਂ ਹੋਣ ਲੱਗ ਪਈਆਂ ਸਨ। ਇਨ੍ਹਾਂ ਗੱਲਾਂ ਦਾ ਹਵਾਲਾ ਦੇਕੇ ਲੋਕ ਹੁਣ ਚੁੱਲ੍ਹੇ ਨੂੰ ਘਰਾਂ ਦਾ ਸ਼ਿੰਗਾਰ ਬਣਾਉਣ ਦੀ ਬਜਾਏ ਚੁੱਲ੍ਹੇ ਨੂੰ ਅਲੋਪ ਕਰ ਰਹੇ ਹਨ ਅਤੇ ਗੈਸ ਸਿਲੰਡਰ ਵਾਲੇ ਚੁੱਲ੍ਹੇ ਨੂੰ ਘਰਾਂ ਦਾ ਸ਼ਿੰਗਾਰ ਬਣਾ ਖ਼ੁਸ਼ ਹੋ ਰਹੇ ਹਨ। ਅੱਜਕਲ੍ਹ ਦੀਆਂ ਘਰਾਂ ਦੀਆਂ ਔਰਤਾਂ ਚੁੱਲ੍ਹਾ ਜਲਾਉਣਾ ਬਿਲਕੁਲ ਭੁੱਲਦੀਆਂ ਜਾ ਰਹੀਆਂ ਹਨ। 

ਇਸ ਤੋ ਇਲਾਵਾ ਖ਼ਾਸ ਗੱਲ ਇਹ ਹੈ ਕਿ ਕੁੱਝ ਸਾਲ ਪਹਿਲਾਂ ਚੁੱਲ੍ਹੇ ਦੀ ਵਰਤੋਂ ਰੋਟੀ ਬਣਾਉਣ ਦੀ ਬਜਾਏ ਪਾਣੀ ਗਰਮ ਕਰਨ ਲਈ ਵੀ ਕੀਤੀ ਜਾਂਦੀ ਸੀ। ਚੁੱਲ੍ਹੇ ਤੋਂ ਸਰਦੀਆਂ ਵਿੱਚ ਕੰਮ ਲਿਆ ਜਾਂਦਾ ਸੀ ਪਰ ਵਰਕਸ਼ਾਪ ਦਾ ਕੰਮ ਕਰਨ ਵਾਲੇ ਮਿਸਤਰੀਆਂ ਵੱਲੋਂ ਲੋਹੇ ਦੇ ਗੀਜ਼ਰ ਬਣਾ ਕੇ ਵੇਚਣੇ ਸ਼ੁਰੂ ਕਰ ਦਿੱਤੇ ਗਏ ਜਿਸ ਨਾਲ ਘਰਾਂ ਵਿੱਚ ਚੁੱਲ੍ਹੇ ਦੀ ਪ੍ਰੰਪਰਾ ਹੁਣ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ। ਅਜਿਹਾ ਘਰਾਂ ਦਾ ਸ਼ਿੰਗਾਰ ਚੁੱਲ੍ਹਾ ਜੇ ਅਲੋਪ ਹੋਵੇਗਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਚੁੱਲ੍ਹਾ ਇੱਕ ਅਲੋਪ ਵਿਰਾਸਤ ਬਣਕੇ ਰਹਿ ਜਾਵੇਗਾ।

Lovepreet Singh | 08/02/25

ਸੰਬੰਧਿਤ ਖ਼ਬਰਾਂ