ਰਾਂਝਾ-ਬਾਬਾ ! ਪੈਸੇ ਧੇਲੇ ਵੱਲੋਂ ਤੇ ਖੀਸਾ ਖ਼ਾਲੀ ਤੇ ਰੱਬ ਵਾਲੀ ।
ਕਾਕਾ ਤੂੰ ਗੱਲਾਂ ਤਾਂ ਬੜੀਆਂ ਕਰਦਾ ਏਂ, ਪਰ ਕੁਝ ਕਰਕੇ ਵੀ ਦੱਸੇ; ਤਾਂ ਅਸੀਂ ਵੀ ਜਾਣੀਏ, ਸਾਡਾ ਪੁੱਤਰ ਜੰਮਿਆ ਏ। 'ਖਿਆਲੀ ਪੁਲਾਉ ਨਾਲ ਭੁੱਖ ਤਾਂ ਨਹੀਂ ਲਹਿੰਦੀ।
ਦਾਲ ਖਾਉ ਜੀ ਜਿਹੜੀ ਨਾਲ ਨਿਭੇ । 'ਖਾਵੇ ਮਾਸ, ਹੋਵੇ ਨਾਸ'। ਮਾਸ ਖਾਣ ਵਿੱਚ ਘਾਟ ਹੀ ਘਾਟ ਹੈ।
ਹਕੀਮ-ਨਰੈਣ ਦਾਸ ਜੀ, ਸਰੀਰ ਤਕੜਾ ਰੱਖਣ ਲਈ ਥੋੜੀ ਖੁਰਾਕ ਤੇ ਚੰਗੀ ਨੀਂਦਰ ਬੜੀ ਜ਼ਰੂਰੀ ਹੈ । ਬੰਦਾ ‘ਖਾਵੇ ਬਕਰੀ ਵਾਂਗ, ਤੇ ਸੌਂਵੇ ਲਕੜੀ ਵਾਂਗ । ਤੁਸਾਂ ਪੇਟ ਵਧਾ ਕੇ ਬਿਮਾਰੀ ਹੀ ਸਹੇੜ ਲਈ ਜੇ ।
ਵਿਹਲੜ ਜੂ ਹੋਇਆ । ਚੰਗਾ ਨਹੀਂ ਤਾਂ ਮੰਦਾ ਕੰਮ ਤਾਂ ਕਰਨਾ ਹੋਇਆ । 'ਖ਼ਾਲੀ ਬਾਣੀਆਂ ਕੀ ਕਰੇ, ਐਥੋਂ ਚੁਕੇ ਓਥੇ ਧਰੇ ।'
ਤੂੰ ਕਰਨ ਜੋਗਾ ਤੇ ਕੁਝ ਵੀ ਨਹੀਂ । 'ਖ਼ਾਲੀ ਸੰਖ ਵਜਾਵੈ ਦੀਪਾ' । ਸਦਾ ਫੋਕੀਆਂ ਫੜਾਂ ਹੀ ਮਾਰਦਾ ਰਹਿੰਦਾ ਹੈ।
ਥਾਣੇਦਾਰ—ਹੁਣ ਹਾਏ ਹਾਏ ਕਰਨਾ ਏਂ। ਕਾਨੂੰਨ ਦਾ ਮੁਕਾਬਲਾ ਕਰਨਾ ਕੋਈ ਖ਼ਾਲਾ ਜੀ ਦਾ ਘਰ ਏ ?
ਪਿੱਲਾ-ਮੈਂ ਤਾਂ ਮਰਨ ਨੂੰ ਥਾਂ ਲੱਭਨਾ ਹਾਂ । ਤੁਸੀਂ ਮੇਰਾ ਵਿਆਹ ਕਰਦੇ ਓ । ਕੀ ਮੈਂ ਇਹੋ ਜਿਹੇ ਵੱਡੇ ਹਾਕਮ ਦੀ ਧੀ ਦੇ ਯੋਗ ਹਾਂ ? 'ਖ਼ਾਨਾਂ ਦੇ ਖ਼ਾਨ ਪ੍ਰਾਹੁਣੇ ਹੁੰਦੇ ਹਨ'। ਕਾਸਨੂੰ ਇਹੋ ਜਿਹੀਆਂ ਗੱਲਾਂ ਨਾਲ ਦੁਖੀ ਨੂੰ ਦੁਖਾਉਂਦੇ ਓ ?
ਦੇਸ ਦੀ ਵਿਰਾਨੀ ਦਾ ਇਹ ਹਾਲ ਹੈ ਕਿ ਪੰਜਾਬ ਵਿਚ ਪਿੰਡ ਪਿੰਡ ਇਹ ਕਹਾਵਤ ਮਸ਼ਹੂਰ ਹੈ 'ਖਾਧਾ ਪੀਤਾ ਲਾਹੇ ਦਾ, ਬਾਕੀ ਨਾਦਰ ਸ਼ਾਹੇ ਦਾ'।
ਬਸ ਜੀ ਬਸ, ਬਣ ਬਣ ਕੇ ਨਾ ਬਹੁ ਬਹੁਤੇ । ਜਾਣਦੇ ਹਾਂ ਤੁਹਾਡਾ ਸਾਰਾ ਹੀਜ ਪਿਆਜ, ਅੰਦਰ ਬਾਹਰ। ‘ਖਾਣੇ ਛੋਲੇ ਤੇ ਡਕਾਰ ਮਖਾਣਿਆਂ ਦੇ' ਵਾਲੀ ਗੱਲ ਚੰਗੀ ਨਹੀਂ।
ਨੀ ਮੂਰਖੇ । ਇਹ ਕਿਹੜੇ ਪਾਸੇ ਦੀ ਸਿਆਣਪ ਹੈ ? ਅਖੇ “ਖਾਣਾ ਮੰਗ ਕੇ ਤੇ ਮਾਰਨੇ ਡਕਾਰ" । ਜਿੰਨੀ ਵਿੱਤ ਹੋਵੇ, ਓਨੀ ਹੀ ਆਕੜ ਵੀ ਚੰਗੀ ਹੈ। ਨਹੀਂ ਤਾਂ ਤੈਨੂੰ ਪਤਾ ਹੀ ਹੈ ਕੀ ਅੰਤ ਹੁੰਦਾ ਹੈ ਅਜਿਹੇ ਬੰਦਿਆਂ ਦਾ।
ਜੀ ‘ਖਾਣਾ ਪੀਣਾ ਆਪਣਾ ਤੇ ਨਿਰੀ ਸਲਾਮ ਅਲੇਕ' ਨੂੰ ਕੋਈ ਕੀ ਕਰੇ ? ਮਿੱਤਰ ਉਹ, ਜੋ ਵੇਲੇ ਸਿਰ ਕੰਮ ਆਵੇ ।