ਭੈਣ- ਵੀਰ ਜੀ ! ਮਾਂ ਨੇ ਇੰਨਾ ਸਮਝਾਇਆ। ਤੁਸਾਂ ਇੱਕ ਨਾ ਮੰਨੀ । ਕੀ ਸਬਬ ? ਜਿਕਰ 'ਥਿੰਧੇ ਘੜੇ ਤੇ ਪਾਣੀ ਪੈਂਦਾ ਹੈ ।'
ਕਾਕਾ, ਹੋ ਤੇ ਲੈ ਪਿਉ ਜੇਡਾ ਅਕਲਾਂ ਦੇਣ ਜੋਗਾ । ਤੂੰ ਉਨ੍ਹਾਂ ਦੀ ਬਰਾਬਰੀ ਕਰ ਲੈਣੀ ਏਂ ? ਉਨ੍ਹਾਂ ਸਾਰਾ ਦੇਸ਼, ਮੁਲਖ ਗਾਹ ਮਾਰਿਆ ‘ਥਾਂ ਥਾਂ ਦਾ ਪਾਣੀ ਪੀਤਾ ਹੋਇਆ ਏ' ਕਿਹੜੀ ਗੱਲ ਦਾ ਪਤਾ ਨਹੀਂ ਉਨ੍ਹਾਂ ਨੂੰ।
ਸਰਦੂਲ-ਵਿਚਾਰੇ ਨੇ ਦੋ ਚਾਰ ਟੋਕਰੀਆਂ ਰੱਖ ਹੱਟੀ ਪਾਈ, ਪਰ ਉਹ ਚੱਲੀ ਨਾ ਹੱਟੀ ਬੰਦ ਕਰਨੀ ਪਈ। ਅਖੇ 'ਥੋੜੀ ਪੂੰਜੀ ਖਸਮੇ ਖਾਇ' ਹੁਣ ਮਾੜੀ ਮੋਟੀ ਨੌਕਰੀ ਭਾਲਦਾ ਹੈ।
ਹੋਇਆ ਵਿਚਾਰੇ ਨਾਲ ਧੋਖਾ ਹੀ ਹੈ ਪਰ ਲਾਲਚ ਵਿੱਚ ਫਸ ਗਿਆ, ਬਹੁਤਾ ਲਾਲਚ ਕਰਦਾ ਕਰਦਾ ਥੋੜੇ ਤੋਂ ਭੀ ਗਿਆ । ਛੋਟੀ ਨੌਕਰੀ ਤੋਂ ਅਸਤੀਫਾ ਦੇ ਬੈਠਾ ਤੇ ਵੱਡੀ ਮਿਲੀ ਨਾ। ਹੁਣ ਦੁਖੀ ਹੈ। ਉਸ ਨਾਲ ਤਾਂ ਉਹ ਗੱਲ ਹੋਈ ਥੋੜੀ ਛੱਡ ਬਹੁਤੀ ਨੂੰ ਧਾਵੇ ਅਗਲੀ ਭੀ ਉਸ ਹੱਥੋਂ ਜਾਵੇ।
ਮਿਲ ਕੇ ਗੁਜ਼ਾਰਾ ਕਰੋਗੇ ਤਾਂ ਸਮਾਂ ਚੰਗਾ ਲੰਘ ਜਾਏਗਾ। ਆਖਦੇ ਨਹੀਂ, ਥੋੜ੍ਹਾ ਥੋੜ੍ਹਾ ਖਾਈਏ ਦੁਵੇਲੇ ਚੁਲ੍ਹਾ ਤਾਈਏ।
ਰਾਮੇਸ਼ਵਰ - ਉਹ ਸ੍ਰੀਰੋਂ ਬੜਾ ਮਾੜਾ ਸੀ, ਪਰ ਥੋੜ੍ਹਾ ਜੁੱਸਾ, ਕ੍ਰੋਧ ਵਧੀਕ ਵਾਲੀ ਗੱਲ ਸੀ। ਗਲੇ ਕਥੇ ਗੁੱਸੇ ਹੋ ਹੋ ਪੈਂਦਾ ਸੀ।
ਸ਼ਾਹ, ਗ਼ਰੀਬੀ ਨੇ ਤੰਗ ਕਰ ਦਿੱਤਾ ਉਸ ਨੂੰ। ਉਹ ਕੀ ਕਰਦਾ, ਥੋੜ ਬੁਰੀ ਕਿ ਛੁਰੀ ਵਾਲਾ ਹਾਲ ਸੀ। ਸੋ ਆਤਮਘਾਤ ਕਰ ਲਿਆ ਉਸ ਨੇ।
ਹਾਏ ਹਾਏ, ਵੇ ਵੀਰਾ, ਮਾਂ ਨੂੰ ਰੋਟੀ ਦੇਣ ਨਾਲ ਤੇਰਾ ਕੀ ਘਟ ਚਲਿਆ ਸੀ ? ‘ਥੋਥੀ ਚੜ੍ਹੇ ਤੇ ਦੁਸ਼ਮਨ ਵੀ ਨਾ ਵੰਜੇ । ਤੂੰ ਤਾ ਸਕਿਆਂ ਨਾਲ ਵੀ ਇਹ ਕੁਪੱਤ ਘੋਲਿਆ।
ਹੋਛਾ ਬੰਦਾ ਹੈ । ਹੱਥ ਪੱਲੇ ਕੁਝ ਨਹੀਂ, ਪਰ ਫੜਾਂ ਬੜੀਆਂ ਮਾਰਦਾ ਹੈ। ਸੱਚ ਹੈ, ‘ਥੋਥਾ ਚਣਾ ਬਾਜੇ ਘਣਾ ।'
ਘਰ ਸੁਣਿਆ ਹੈ, ਚੰਗਾ ਹੈ ਰੱਜ ਕੇ ਦਾਜ ਦੇਣਗੇ। ਮੌਜਾਂ ਹੀ ਹੋਈਆਂ ਨਾ, ਥੁੜਿਆਂ ਦੇ ਕੁੜਮ ਵਾਹਲੇ, ਜੋਗਾ ਦੇਂਦੇ ਵਾਹਣ ਨੂੰ ਤੇ ਖੂਹ ਦੇਂਦੇ ਘੜਮਾਲੇ ।
ਤੁਸੀਂ ਤਾਂ ਥੁੱਕਾਂ ਨਾਲ ਵੜੇ ਪਕਾਂਦੇ ਹੋ, ਇੱਥੇ ਤਾਂ ਕੰਮ ਦੀ ਲੋੜ ਹੈ; ਠੋਸ ਕੰਮ ਨਹੀਂ ਕਰੋਗੇ ਤਾਂ ਕਾਮਯਾਬ ਨਹੀਂ ਹੋਵੋਗੇ।
ਇਸ ਭੁੱਖੇ ਨੂੰ ਰੋਟੀ ਰੱਜ ਕੇ ਮਿਲੀ ਹੈ, ਬਸ ਨਿੱਘਰਦਾ ਜਾ ਰਿਹਾ ਹੈ । ਕੋਈ ਭੈੜ ਨਹੀਂ, ਜੋ ਇਸ ਵਿੱਚ ਨਾ ਆ ਵੜਿਆ ਹੋਵੇ । ਅਖੇ ‘ਥੱਲਾਂ ਦੇ ਪਲੇ, ਪਾਣੀ ਵਿਚ ਗਲੇ।' ਸੋਈ ਹਾਲ ਇਸ ਦਾ ਹੋ ਰਿਹਾ ਹੈ।