ਕਰਮੋ ਚੂਹੜੀ ਨੂੰ ਖਜੂਰਾਂ ਦਾ ਪਛੜਾ ਘੱਲਨ ਦਾ ਕੀ ਲਾਭ, ਸਰਦਾਰ ਜੀ ? 'ਬਾਂਦਰਾਂ ਨੂੰ ਬਨਾਤ ਦੀਆਂ ਟੋਪੀਆਂ' ਪੁਆਓ, ਉਹ ਫਿਰ ਬਾਂਦਰ ਦੇ ਬਾਂਦਰ ਰਹਿਣਗੇ।
ਕਰਮੇ ਨੇ ਅਪਣੀ ਜਾਨ ਦੇ ਬਚਾ ਲਈ ਆਪਣੇ ਭਤੀਜੇ ਨੂੰ ਫਸਾ ਦਿੱਤਾ ਹੈ। ਅਖੇ 'ਬਾਂਦਰੀ ਦੇ ਪੈਰ ਸੜਨ ਲਗੇ, ਉਸ ਬੱਚੇ ਹੇਠਾਂ ਲੈ ਲਏ ।' ਵਾਹ ਭਾਈ ਵਾਹ !
ਤੁਸੀਂ ਉਸ ਨੂੰ ਟਰਾਂਜਿਸਟਰ ਤਾਂ ਦਿੱਤਾ, ਪਰ ਉਸ ਨੂੰ ਕੀ ਪਤਾ ਕਿ ਇਹ ਚੀਜ਼ ਕੀ ਏ । ਬਾਂਦਰ ਨੂੰ ਅਧਰਕ ਦਾ ਅਚਾਰ ਵਾਲੀ ਗੱਲ ਹੈ ਇਹ ਤਾਂ।
ਲੋਹੇ ਦੇ ਕੰਟਰੋਲ ਤੇ ਸਕੈਂਡਲ ਦੀ ਜ਼ਿੰਮੇਵਾਰੀ ਤਾਂ ਐਡਵਾਇਜ਼ਰੀ ਬੋਰਡ ਦੇ ਸਿਰ ਹੈ । ਪਰ ਉਹ ਬਾਂਦਰ ਦੀ ਬਲਾ ਤਵੇਲੇ ਦੇ ਸਿਰ ਸੁੱਟਣ ਵਾਂਗ ਕਲਰਕਾਂ ਤੇ ਹੋਰ ਅਫ਼ਸਰਾਂ ਦੇ ਸਿਰ ਸੁੱਟਦੇ ਫਿਰਦੇ ਹਨ।
ਜਿਨ੍ਹਾਂ ਨੇ ਵਰਤ ਰੱਖ ਰੱਖ ਕੇ ਭੀ ਫੁਲਹਿਰਾਂ ਤੇ ਪੇੜਿਆਂ ਦੀਆਂ ਟੋਕਰੀਆਂ ਤੇ ਸ਼ਰਬਤਾਂ ਦੇ ਘੜਿਆਂ ਨੂੰ ਹੱਥ ਫੇਰੇ ਹੋਣ, ਉਹ ਮੁਸ਼ੱਕਤ ਤੇ ਭੁੱਖ ਦੇ ਦੁੱਖ ਨੂੰ ਕੀ ਜਾਣਨ ? ਸੱਚ ਹੈ 'ਬਾਂਝ ਕੀ ਜਾਣੈ ਪ੍ਰਸੂਤ ਦੀ ਪੀੜ'।
ਆਹੋ ਜੀ, ਸਾਰੇ ਜਾਣਦੇ ਹਨ ਕਿ 'ਬੰਨ੍ਹਾਂ ਉੱਤੇ ਹੀ ਬਿੜਕਾਂ ਹੁੰਦੀਆਂ ਨੇ।' ਸਰਦਾਰ ਜੂ ਹੋਏ । ਵੱਡੇ ਮਾਮਲੇ ਵੀ ਤਾਂ ਇਨ੍ਹਾਂ ਨੂੰ ਹੀ ਪੈਣੇ ਸਨ।
ਸਹਿਤੀ- ਭਾਬੀ ਮੈਂ ਅੰਞਾਣੀ ਨਹੀਂ, ਮੈਂ ਵੀ ਲੱਖਾਂ ਪਾਪੜ ਵੇਲੇ ਹੋਏ ਨੇ, ਪਰ ਤੁੰ ਆਪਣੇ ਜੀਅ ਦੀ ਕੋਈ ਵੇਦਨਾ ਦੱਸ ਤੇ ਖ਼ਬਰੇ ਰੱਬ ਤੇਰੇ ਦਿਲ ਦੀ ਆਸ ਮੁਰਾਦ ਪੂਰੀ ਕਰ ਦੇਵੇ। ਓੜਕ ਬੰਦਾ ਬੰਦੇ ਦਾ ਦਾਰੂ ਹੁੰਦਾ ਏ। ਅੜੀਏ ਮੈਂ ਕੋਈ ਤੇਰੀ ਦੁਸ਼ਮਨ ਤੇ ਨਹੀਂ।
ਕੁਝ ਵੀ ਹੋਵੇ ਫਿਰ ਵੀ ਬੰਦੇ ਜੋ ਹੋਏ, ਪੱਥਰ ਤਾਂ ਨਹੀਂ । ਜਤਨ ਕੀਤਿਆਂ ਜੁੜ ਬਹਿਣਗੇ 'ਬੰਦਿਆਂ ਨੂੰ ਬੰਦੇ ਮਿਲ ਪੈਂਦੇ ਨੇ, ਖੂਹਾਂ ਨੂੰ ਖੂਹ ਨਹੀਂ ਮਿਲਦੇ'।
ਜਸਵੰਤ ਮਹਾਰਾਜ ! ਜੇ ਸੇਵਕ ਤੋਂ ਦੁਬਾਰਾ ਗ਼ਲਤੀ ਹੋ ਗਈ ਤਾਂ ਮੁਆਫ਼ ਕਰਨਾ। ਬੰਦਾ ਭੁੱਲਣਹਾਰ ਏ।
ਨਹੀਂ ਨਹੀਂ ‘ਬੰਦਾ ਢੀਠ ਚਾਹੀਦੈ, ਬੇਸ਼ਰਮੀ ਆਉਣ ਜਾਣ ਏ' ਘਬਰਾਉ ਨਾ ਡਟੇ ਰਹੋ ਆਪਣੀ ਨੀਚਤਾ ਉੱਤੇ।
ਰਧੀਆ ਮਰ ਪਿੱਟ ਕੇ ਤੇ ਚੋਰੀ ਚਕਾਰੀ ਕਰਕੇ ਜਿਹੜੇ ਪੈਸੇ ਇਕੱਠੇ ਕਰਦੀ, ਉਹ ਇਕੋ ਦਿਨ ਆਕੇ ਵਹੁਟੀ ਨੂੰ ਮਾਰ ਕੁੱਟ ਕੇ ਖੋਹ ਲੈਂਦਾ। ਰਧੀਆ ਦਾ ਹਮੇਸ਼ਾਂ 'ਬੰਦਾ ਜੋੜੇ ਪਲੀ ਪਲੀ ਰੱਬ ਰੁੜ੍ਹਾਵੇ ਕੁੱਪਾ' ਵਾਲਾ ਹਾਲ ਹੁੰਦਾ ।
ਬੋਲੇ ਬਿਨਾਂ, ਤੋਲੇ ਬਿਨਾਂ ਕੈਬੇ ਕਰ ਜਾਣੀਏ' । ਜਾਣ ਨਹੀਂ, ਸਿੰਜਾਣ ਨਹੀਂ ਮੈਂ ਕੀ ਦੱਸਾਂ, ਉਹ ਕਿਹੋ ਜਿਹੇ ਸੁਭਾ ਦਾ ਹੈ ?