ਪੈਰਸ ਪਹੁੰਚ ਕੇ ਅਸੀਂ ਆਪਣਾ ਅਸਬਾਬ ਸੰਭਾਲ ਰਹੇ ਸਾਂ ਕਿ ਅੰਗਰੇਜ਼ ਕੁੜੀ, ਪਤਾ ਨਹੀਂ ਕਿੱਧਰ ਪੱਤਰਾ ਵਾਚ ਗਈ । ਮੇਰਾ ਮੂਰਖ ਤੇ ਹਿੰਦੁਸਤਾਨ ਦਾ ਪਾਖੰਡੀ ਮਨ ਕਹਿਣ ਲੱਗਾ 'ਯਾਰੀ ਨਾ ਹੋਈ ਇਹ ਤਾਂ ਛੋਲਿਆਂ ਦਾ ਵੱਢ ਹੋਇਆ।'
ਯਾਰੀ ਹਿਕੋ ਜੇਡਿਆਂ ਦੀ, ਦੂਜਾ ਸਭ ਜੰਜਾਲ । ਆਪਣੇ ਤੋਂ ਉੱਚੇ ਜਾਂ ਨੀਵੇਂ ਦੀ ਦੋਸਤੀ ਖੁਆਰ ਹੀ ਕਰਦੀ ਹੈ।
ਤੁਸਾਡਾ ਗ਼ਰੀਬਾਂ ਦਾ ਸ਼ਾਹਾਂ ਨਾਲ ਕੀ ਮੇਲ ? ਅਖੇ 'ਯਾਰਾਨੇ ਲਾਣੇ ਹਾਥੀਆਂ ਨਾਲ ਤੇ ਬੂਹੇ ਰੱਖਣੇ ਭੀੜੇ'। ਤੁਸਾਂ ਹੱਥ ਭੀੜਾ ਕੀਤਾ ਉਨ੍ਹਾਂ ਤੁਹਾਡੀ ਕੁੜੀ ਛੱਡ ਦਿੱਤੀ।
ਤੂੰ ਕਾਹਨੂੰ ਅਜਿਹੇ ਬੰਦੇ ਨਾਲ ਨੇੜਤਾ ਪਾਈ। 'ਯਾਰ ਵੀ ਤੇਲੀ ਸਿੰਧ ਵੀ ਮੇਲੀ' ਵਾਲੀ ਗੱਲ ਹੋਈ ਤੇਰੇ ਨਾਲ ਤਾਂ।
ਦੋਵੇਂ ਇੱਕ ਦੂਜੇ ਨੂੰ ਮਿਲਦਿਆਂ ਹੀ ਗੁੱਥਮ-ਗੁਥਾ ਹੋ ਗਏ ! ਆਪੋ ਵਿੱਚ ਬੜੇ ਘਿਉ ਖਿਚੜੀ ਨੇ । ਪਰ ਇੱਥੇ ਤਾਂ 'ਯਾਰ ਯਾਰ ਨੂੰ ਇਉਂ ਮਿਲੇ ਜਿਵੇਂ ਘੜੇ ਨੂੰ ਵੱਟਾ।'
ਇਹੋ ਜਿਹੇ ਚੌਧਰੀ ਪਿੰਡਾਂ ਵਿੱਚ ਆਮ ਹੁੰਦੇ ਹਨ। ਜਿਹੜੇ ਦਿਨ ਨੂੰ ਪੰਚਾਇਤੀ ਪਰ ਰਾਤ ਨੂੰ 'ਯਾਰਾਂ ਦੇ ਯਾਰ ਤੇ ਚੋਰਾਂ ਦੇ ਸਰਦਾਰ ਹੋਣ।'
'ਯਾ ਦੜਪ ਵਾਲੀ ਵਸੋਂ, ਯਾ ਬੇਟ ਵਾਲੀ' ਮਾਰੂਥਲ ਵਿੱਚ ਜੀਣ ਦਾ ਕੀ ਹਜ ?
ਮੰਤ੍ਰੀ- ਆਪ ਜੀ ਦੀ ਕਿਰਪਾ ਹੈ, ਰਾਜਾ ਜੀ ਦੇ ਹਿਰਦੇ ਦਾ ਲੋਕਾਂ ਪਰ ਪਰਭਾਉ ਹੈ। 'ਯਥਾ ਰਾਜਾ ਤਥਾ ਪਰਜਾ' ।
ਭਾਈ ਯੱਕਾ ਦੇਖ ਕੇ ਹੀ ਪੈਰ ਭਾਰੇ ਹੁੰਦੇ ਹਨ ? ਪੱਲੇ ਪੈਸੇ ਜੁ ਹੋਏ । ਦਿਲ ਕਿਉਂ ਨਾ ਤਕੜਾ ਹੋਵੇ।
ਹੈਂ ! 'ਯਕ ਨਾ ਸ਼ੁਦ ਦੋ ਸ਼ੁਦ।' ਅੱਗੇ ਇਸ ਦੇ ਸ਼ਰਾਬੀ ਹੋਣ ਨੂੰ ਰੋਂਦੇ ਸਾਂ, ਇਹ ਤਾਂ ਪੱਕਾ ਜੁਆਰੀ ਭੀ ਨਿਕਲਿਆ।