ਅੱਗੇ ਹੀ ਚੀਜ਼ ਥੋੜੀ ਹੈ। ਇਸ ਦੀਆਂ ਵੰਡੀਆਂ ਕੀ ਪਾਵਾਂ ? 'ਗਿਣਵੀਆਂ ਹੱਡੀਆਂ ਤੇ ਮਿਣਵਾਂ ਸ਼ੋਰਬਾ’ ਵਾਲਾ ਲੇਖਾ ਹੈ ।
ਧੀ-ਮਾਂ ਜੀ ! ਕੁਝ ਵੀ ਕਰੋ। ਭਾਬੋ ਦਾ ਤਾਂ ਇਹੀ ਹਾਲ ਰਹਿੰਦਾ ਜੇ। ਅਖੇ 'ਗਿਝੀ ਗਿਝੀ ਲੂੰਬੜੀ ਰਵਾਹੀਂ ਫਲੀਆਂ।'
ਜਦੋਂ ਨਵਾਬ ਖਾਨ ਹੋਰਾਂ ਕੰਡ ਵਿਖਾਈ, ਤਾਂ ਨਾਲੇ ਤੁਸਾਂ ਤੱਕਲੇ ਕੱਢਣੇ ਨੇ ਨਾਲੇ ਆਖਣਾ ਏ, 'ਮੈਨੂੰ ਕੋਈ ਇਕ ਹਜ਼ਾਰ ਰੁਪਯਾ ਹੀ ਲੈ ਦੇਵੋ, ਤਾਂ ਮੈਂ ਉਹਦੀ ਕੀਤੀ ਕਦੇ ਨਹੀਂ ਲਾਹ ਸਕਾਂਗਾ ।' ਆਖਦੇ ਹੁੰਦੇ ਨੇ 'ਗਿਆ ਮਾਲ ਜੇ ਖਾਧਾ ਨੰਗਾ।'
'ਗਏ ਸਾਂ ਨਮਾਜ਼ ਬਖਸ਼ਾਣ, ਰੋਜ਼ੇ ਗਲੇ ਪਏ।' ਸ਼ਾਹਾਂ ਨੂੰ ਆਖਿਆ ਸੀ ਪਈ ਹੱਥ ਤੰਗ ਹੈ, ਕੁਝ ਮਦਦ ਕਰੋ। ਉਹਨਾਂ ਪਿਛਲਾ ਲਹਿਣਾ ਆਣ ਮੰਗਿਆ।
ਸੁਭਾਗ ਕੌਰ-ਹੱਛਾ, ਹੁਣ ਜਦ ਤੁਸੀਂ ਘੜੀ ਡਿੱਠਾ ਕਰੋ ਤਾਂ ਇਸ ਗੱਲ ਦਾ ਭੀ ਨਾਲ ਖਿਆਲ ਰਖਿਆ ਅਤੇ ਸੋਚਿਆ ਕਰੋ ਕਿ 'ਗਿਆ ਸਮਾਂ ਫਿਰ ਹੱਥ ਨਹੀਂ ਆਉਂਦਾ । ਆਪਣੇ ਸਮੇਂ ਨੂੰ ਚੰਗੇ ਕੰਮਾਂ ਵਿਚ ਲਾਉ, ਜਿਸ ਕਰਕੇ ਤੁਹਾਡਾ ਲੋਕ ਪ੍ਰਲੋਕ ਵਿੱਚ ਭਲਾ ਹੋਵੇ।
ਸੌ ਗੱਲ ਕੀਤੀ ਜੇ, ਪਰ ਟਿਕਾਣੇ ਦੀ ਇੱਕ ਵੀ ਨਹੀਂ । ਸ਼ਾਹ ਹੁਰਾਂ ਇੱਕੋ ਠੁਕ ਦੀ ਕਰਕੇ ਬੇੜਾ ਪਾਰ ਕਰ ਦਿੱਤਾ ਹੈ। ਠੀਕ ਹੈ, 'ਗਾਲੜੀ ਗੱਲ ਕਰੇ, ਸਿਆਣਾ ਕਿਆਸ ਕਰੇ'।
ਪੰਡਤ-ਰੁਲਦੂ ਸ਼ਾਹ ! ਤੁਸੀਂ ਤਾਂ ਹੱਟੀ ਨਾਲ ਵਿਆਹੇ ਗਏ ਜਾਪਦੇ ਹੋ। ਕਿਸੇ ਵੇਲੇ ਤਾਂ ਘੰਟੇ ਦੋ ਘੰਟਿਆਂ ਲਈ ਬੰਦ ਕਰਕੇ ਅਰਾਮ ਕਰ ਲਿਆ ਕਰੋ। ਸ਼ਾਹ-ਪੰਡਤ ਜੀ 'ਗਾਹਕ ਤੇ ਮੌਤ ਦਾ ਕਿਹੜਾ ਵੇਲਾ ਹੈ' ਕਿਸ ਵੇਲੇ ਆ ਜਾਵੇ । ਅਰਾਮ ਕਰੀਏ ਤਾਂ ਖਾਈਏ ਕਿੱਥੋਂ ?
'ਗਲੋਂ ਗਲੈਣ, ਅਗੋਂ ਅਗੈਣ' ਗਲ ਵੱਧ ਜਾਏ ਤਾਂ ਵਧੀ ਹੀ ਜਾਂਦੀ ਹੈ।
‘ਗੱਲੀਂ ਬਾਤੀਂ ਮੈਂ ਵੱਡੀ ਕਰਤੂਤੋਂ ਵੱਡੀ ਜਠਾਣੀ' । ਕੰਮ ਵੇਲੇ ਹੋਰ ਕਰਨ, ਵਿਹਲੀਆਂ ਰੋਟੀ ਤੂੰ ਬਹਿ ਕੇ ਪਾੜ।
ਕਾਕਾ, ਗੱਲਾਂ ਨਾਲ ਕਦੀਂ ਕੋਠੇ ਨਹੀਂ ਉੱਸਰੇ। ‘ਗੱਲੀਂ ਗੱਲਾਂ ਤੇ ਦੰਮੀ ਘੋੜੇ।'
ਅਸੀਂ ਸੱਤ ਅੱਠ ਜਣੇ ਹਾਂ। ਰਲ ਕੇ ਜੋ ਵੀ ਕੰਮ ਕੀਤਾ, ਸੂਤ ਬੈਠੇਗਾ। ‘ਗੱਲਾਂ ਵਿੱਚ ਪੈਂਡਾ ਨਿੱਬੜ ਜਾਂਦਾ ਹੈ।
ਅੱਜ ਕੱਲ੍ਹ ਤਾਂ 'ਗੱਲਾਂ ਵਾਲਾ ਜਿੱਤੇ ਤੇ ਕੰਮਾਂ ਵਾਲਾ ਹਾਰੇ’, ਵਾਲਾ ਲੇਖਾ ਹੈ । ਲੋਕੀ ਗੱਲਾਂ ਦਾ ਹੀ ਖੱਟਿਆ ਖਾਂਦੇ ਹਨ।