ਵੀਰ ਜੀ ! ਤੁਸੀਂ ਐਵੇਂ ਖਪਦੇ ਹੋ। ਇੱਥੋਂ ਤੁਹਾਨੂੰ ਕੀ ਲੱਭਣਾ ਹੈ। ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ।
ਰਾਣੋ ਠੀਕ ਏ, ਅਜਬ ਸਮਾਂ ਹੈ ਕਿ ਹਾਲਾਤ ਅੱਗੇ ਨਾਲੋਂ ਵੀ ਮਾੜੇ ਹੋ ਗਏ ਹਨ। ਹੁਣ ਤਾਂ 'ਇਥੇ ਘਾੜ ਘੜੀਂਦੇ ਹੋਰ, ਫੜੀਅਨ ਸਾਧ, ਛੁੜੀਂਦੇ ਚੋਰ।
ਮਨੁੱਖ ਕਈ ਤਰ੍ਹਾਂ ਦੇ ਕੁਕਰਮ ਇੱਥੇ ਕਰਦਾ ਹੈ। ਠੱਗੀ ਤੇ ਧੋਖਾ ਆਪਣੇ ਅਸੂਲ ਬਣਾਏ ਹੋਏ ਹਨ, ਪਰ ਉਹ ਇਹ ਭੁੱਲਿਆ ਹੋਇਆ ਹੈ ਕਿ 'ਇੱਥੇ ਕੀਤਾ ਉੱਥੇ ਪਾਈਐ' ਦੇ ਕਥਨ ਅਨੁਸਾਰ ਉਸਦੇ ਚੰਗੇ ਮੰਦੇ ਕਰਮ ਸਾਰੇ ਅੱਗੇ ਪਰਖੇ ਜਾਣੇ ਹਨ।
ਨਾ ਤੇ ਅਸੀਂ ਪਿੰਡ ਵਾਲਿਆਂ ਦੀ ਮੰਨੀ ਤੇ ਨਾ ਨੰਬਰਦਾਰ ਦੀ । ਹੁਣ ਔਕੜ ਵੇਲੇ ਸਾਡਾ ਹੱਥ ਕੌਣ ਫੜੇ । ਇਤ ਕੇ ਨਾ ਉਤ ਕੇ, ਵਿਚਕਾਰ ਖਾਂਦੇ ਕੁਤਕੇ ।
ਨੀ ਅੜੀਏ ! 'ਇੱਟਾਂ ਨਾਲ ਪਕੌੜੇ ਨਹੀਂ ਖਾਈਦੇ'। ਤੁਸੀਂ ਤਾਂ ਅੱਗ ਪਾਣੀ ਦੇ ਮੇਲ ਦੀਆਂ ਗੱਲਾਂ ਕਰਦੇ ਹੋ।
ਕਰਮੋ- ਨੀ ਊਸ਼ਾ ! ਤੂੰ ਤਾਂ ਸਾਨੂੰ ਉੱਕਾ ਹੀ ਵਿਸਾਰ ਬੈਠੀ ਏਂ । ਊਸ਼ਾ-ਭੈਣ ! ਕੀ ਕਰਾਂ, 'ਇੱਟ ਪਿਛੇ ਪਰਦੇਸ' ਤੁਸੀਂ ਵੀ ਤਾਂ ਗੁਆਂਢ ਤੇ ਹੁੰਦੇ ਸੁੰਦੇ ਕਦੀ ਨਜ਼ਰ ਨਹੀਂ ਆਏ।
ਤੁਸੀਂ ਇਹ ਨਾ ਸਮਝਣਾ ਕਿ ਤੁਹਾਨੂੰ ਕੋਈ ਚੁੰਮ ਚੱਟਕੇ ਰੱਖੇਗਾ। ਜਿਹੋ ਜਿਹਾ ਤੁਸੀਂ ਵਰਤੋਗੇ ਉਹੋ ਜਿਹਾ ਹੀ ਦੂਜੇ ਵਰਤਣਗੇ। ਕਿਉਂਕਿ 'ਇੱਟ ਚੁਕਦੇ ਨੂੰ ਪੱਥਰ ਤਿਆਰ ਹੁੰਦਾ ਹੈ।'
ਰਾਮ ਸ਼ਾਮ ਵੀ ਕਦੇ ਰਲ ਕੇ ਬੈਠ ਸਕਦੇ ਹਨ । ਉਨ੍ਹਾਂ ਦਾ ਤੇ ਪੁਸ਼ਤਾਂ ਤੋਂ ਇੱਟ ਘੜੇ ਦਾ ਵੈਰ ਤੁਰਿਆ ਆਉਂਦਾ ਹੈ।
ਹੁਣ ਉਹਦਾ ਸਾਡੇ ਨਾਲ ਕੀ ? ਹੁਣ ਤਾਂ ਉਹ ਵਿਆਹਿਆ ਗਿਆ ਹੈ। 'ਇਚਰ ਪੁੱਤਰ ਪਿਉ ਦਾ, ਜਿਚਰ ਮੂੰਹ ਨਹੀਂ ਡਿੱਠਾ ਪ੍ਰਾਈ ਧਿਊ ਦਾ।'
ਸੁਖੀ ਹਾਂ ਅਸੀਂ, ‘ਇਕਾਂਤ ਵਾਸਾ, ਨਾ ਝਗੜਾ ਨਾ ਹਾਸਾ' । ਕਿਸੇ ਦੀ ਗੱਲ ਵਿੱਚ ਆਉਂਦੇ ਨਹੀਂ। ਅਪਣੀ ਨਬੇੜੀ ਤੇ ਦੂਜੇ ਦੀ ਨਾ ਸਹੇੜੀ । ਬਸ ਫਿਰ ਮੌਜ ਹੀ ਮੌਜ ਹੈ।
'ਇਕ ਪੁੱਤ ਸੀ । ਉਹ ਵੀ ਬਲੀਂ ਵਿਆਇਆ। ਮੇਰੀ ਵਾਤ ਕਿਹਨੇ ਪੁੱਛਣੀ ਸੀ।
ਸਾਡੇ ਲਈ ਦੋਵੇਂ ਭੈੜੇ ਹਨ। 'ਇਕ ਤਵੇ ਦੀ ਰੋਟੀ, ਕੀ ਵੱਡੀ ਕੀ ਛੋਟੀ। ਅਸੀਂ ਕਿਉਂ ਲਿਹਾਜ ਕਰੀਏ ਕਿਸੇ ਦਾ ?