ਇਨੀ ਛੇਤੀ ਅੱਖ ਨਹੀਂ ਫੇਰਨੀ ਚਾਹੀਦੀ । 'ਖਾਣਾ ਖਾਧਾ ਤੇ ਪਤਲ ਪਾਣੀ' ਵਾਲੀ ਗੱਲ ਚੰਗੀ ਨਹੀਂ ਹੁੰਦੀ।
ਵਾਹ ! ਇਹ ਚੰਗੀ ਗੱਲ ਹੋਈ, 'ਖਾਣਾ ਹਲਵਾਈਆਂ ਦੇ ਤੇ ਭੌਂਕਣਾ ਕਸਾਈਆਂ ਦੇ' ਇਹ ਗੱਲ ਪੁੱਗਣੀ ਮੁਸ਼ਕਲ ਏ ਇੱਥੇ।
ਸੱਜਨਾ ਇੱਦਾਂ ਤਾਂ ਨਿਭਣੀ ਮੁਸ਼ਕਲ ਏ, 'ਖਾਣ ਪੀਣ ਨੂੰ ਦੋ ਮੰਨੀਆਂ ਕੰਮ ਕਰਨ ਨੂੰ ਬਾਹਵਾਂ ਭੰਨੀਆਂ' ਵਾਲਾ ਹਿਸਾਬ ਇੱਥੇ ਨਹੀਂ।
ਕੀ ਕਰਾਂ ਏਨੇ ਪੁੱਤਰਾਂ ਨੂੰ ? ਖਾਣ ਨੂੰ ਗੱਲਾ ਤੇ ਮਾਰ ਨੂੰ ਕੱਲਾ । ਸਭ ਰੋਟੀਆਂ ਦੇ ਯਾਰ ਹਨ । ਕੋਈ ਨਹੀਂ ਮੇਰੀ ਬਾਂਹ ਬਣਦਾ ।
ਨਾਨੀ—ਇਹ ਦੋਹਤਾ ਵੀ ਚੰਗਾ ਟੱਕਰਿਆ ਹੈ ਸਾਨੂੰ । 'ਖਾਣ ਦਾ ਮਸਾਲਾ ਤੇ ਹੱਡੀਆਂ ਦਾ ਸਾੜਾ' । ਖਾਂਦਾ ਪੀਂਦਾ ਵੀ ਸਾੜਦਾ ਰਹਿੰਦਾ ਹੈ।
ਕਿਹਾ ਜਾਂਦਾ ਹੈ ਕਿ 'ਖਾਣ ਦਾ ਖਵਾਣ ਹੁੰਦਾ ਹੈ'। ਜਿਹੜਾ ਖੁਆਂਦਾ ਨਹੀਂ, ਉਹ ਕਿਸੇ ਕੋਲੋਂ ਖਾਂਦਾ ਕਿਕਣ ਹੋਵੇਗਾ ?
ਮੈਂ ਓਹਦੇ ਨਾਲ ਕੀ ਕੁਝ ਨਹੀਂ ਕੀਤਾ, ਪਰ ਅੰਤ ਲਹੂ ਪਾਣੀ ਨਾਲੋਂ ਗਾੜ੍ਹਾ ਨਿਕਲਿਆ। 'ਖਾਏ ਪੀਵੇ ਹੋਵੇ ਮੋਟਾ, ਅੰਤ ਅਖਾਏ ਦਾਦੇ ਦਾ ਪੋਤਾ' ਉਹ ਮੇਰੇ ਵਿਰੁੱਧ ਆਪਣੇ ਸਾਕੇਦਾਰਾਂ ਨਾਲ ਰਲ ਗਿਆ ।
ਕੀ ਕਰੀਏ, ਕੀ ਛੱਡੀਏ, ਨਹੀਂ ਪੜ੍ਹਾਉਂਦੇ ਤਾਂ ਕੋਈ ਯੋਗ ਵਰ ਨਹੀਂ ਮਿਲਦਾ ਜੇ ਪੜ੍ਹਾਉਂਦੇ ਹਾਂ ਤਾਂ ਇਹ ਮੁਸ਼ਕਲਾਂ ਨੇ। ਅਖੇ 'ਖਾਇ ਤਾਂ ਕੋਹੜਾ, ਛੱਡੇ ਤਾਂ ਅੰਨ੍ਹਾ ।'
ਖਾਓ ਜੀ ਖਾਓ, ਹੋਰ ਖਾਓ ! ਫ਼ਰਕ ਉੱਕਾ ਨਾ ਕਰੋ । ‘ਖਾਈਏ ਰੱਜਕੇ, ਸੰਵੀਏ ਮੂੰਹ ਕੱਜ ਕੇ । ਇਹ ਵੇਲਾ ਫਿਰ ਹੱਥ ਨਹੀਂ ਆਉਣਾ ।
ਇੰਦਰ (ਹਿਰਖ ਨਾਲ) -ਬੰਦਾ ਕੰਮ ਉਹ ਕਰੇ, ਜਿਹੜਾ ਸਭ ਨੂੰ ਚੰਗਾ ਲਗੇ, ਜਿਸ ਨਾਲ ਸਾਰੇ ਸੋਭਾ ਹੋਵੇ, ਸਿਆਣੇ ਆਖਦੇ ਨੇ ‘ਖਾਈਏ ਮਨ ਭਾਉਂਦਾ, ਹੰਢਾਈਏ ਜਗ ਭਾਉਂਦਾ।
ਸੰਜਮੀ ਜੀਵਨ ਬੜਾ ਗੁਣਕਾਰੀ ਹੁੰਦਾ ਹੈ । 'ਖਾਈਏ ਕਣਕ ਦਾਲ, ਜਿਹੜੀ ਨਿਭੇ ਨਾਲ'। ਵਿੱਤ ਵਿੱਚ ਰਹਿਣ ਨਾਲ ਬੰਦਾ ਸਾਰੀ ਹਯਾਤੀ ਸੌਖ ਨਾਲ ਕਟਦਾ ਹੈ ।
ਘਿਉ ਤੇ ਨਿਰੀ ਅੰਮ੍ਰਿਤ ਚੀਜ਼ ਹੈ । ਘਿਉ ਖਾਣ ਨੂੰ ਮਿਲੇ ਤੇ ਕੋਈ ਬੀਮਾਰੀ ਕਿੱਦਾਂ ਨੇੜੇ ਆ ਸਕਦੀ ਹੈ ? ਅਖੇ 'ਖਾਈਏ ਤਾਂ ਘਿਉ ਨਾਲ, ਨਹੀਂ ਤਾਂ ਜੀਉ ਨਾਲ।