ਅੰਭੀ-ਓ ਅੰਭੀ, ਤੇਰਾ ਅੱਜ ਕੌਣ ਹੈ ? ਸਭ ਚਲਦਿਆਂ ਦੇ ਯਾਰ ਨੇ ।
ਸਭ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥ ਧਰਿ ਤਾਰਾਜੂ ਤੋਲੀਐ ਨਿਵੈ ਸੋ ਗਉਰਾ ਹੋਇ॥
ਸਭ ਕਿਛੁ ਜੀਵਤ ਕੋ ਬਿਵਹਾਰ।। ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥
ਨੱਥੂ ਸ਼ਾਹ ਦਾ ਕਾਫ਼ੀ ਨੁਕਸਾਨ ਹੋਇਆ ਹੈ, ਪਰ ਸੱਟ ਖਾ ਕੇ ਵੀ ਸਬਰ ਦਾ ਕਰੜਾ ਘੁੱਟ ਪੀ ਗਿਆ ਹੈ । ਬੜਾ ਜਿਗਰਾ ਵਿਖਾਇਆ ਸੂ । ਸਾਬਰਾਂ ਦਾ ਵਾਲੀ ਰੱਬ ਆਪ ਹੈ। 'ਸਬਰ ਸਬੂਰੀ ਨਾਨਕਾ ਲੇਖਾ ਕਰਤੇ ਪਾਸ'।
ਖ਼ਾਤਰ ਹੋਈ ਸਾਡੀ ਕੁੜੀ ਵਾਲੇ ਘਰ, ਬੜੀ ਚੰਗੀ । 'ਸਬਜ਼ ਭਾਜੀ ਤੇ ਸੁਕੀ ਮੜ, ਵਾਹ ਸ਼ਾਦੀ ਦਾ ਖਾਣਾ' ਵਾਲਾ ਹੀ ਲੇਖਾ ਸੀ ।
ਮੇਰੇ ਉੱਤੇ ਉਹਨੇ ਸੌ ਵਧੀਕੀ ਕੀਤੀ। ਮੈਂ ਉੱਕਾ ਨਹੀਂ ਬੋਲੀ । ਅੰਤ 'ਸਬਰ ਦੇ ਬੇੜੇ ਪਾਰ ਹੋਏ । ਮੇਰਾ ਕੁਝ ਨਹੀਂ ਵਿਗੜਿਆ। ਪਾਪੀਆਂ ਨੂੰ ਪਾਪ ਲੈ ਬੈਠਾ।
ਮਹਾਰਾਜ ! ਸੱਪਾਂ ਦੇ ਪੁੱਤਰ ਦੁੱਧ ਪਿਆਉਣ ਨਾਲ ਮਿੱਤਰ ਨਹੀਂ ਬਣਦੇ । ਸਦਾ ਡੰਗ ਹੀ ਮਾਰਦੇ ਹਨ।
ਮਾਂ (ਹਾਉਕਾ ਲੈ ਕੇ) ਬੱਚਾ ! ਸੱਚ ਹੈ, ਜਿਨ੍ਹਾਂ ਪ੍ਰੇਮ ਪਿਆਲੇ ਪੀਤੇ, ਸੋ ਘਰ ਦੇ ਕੰਮੋਂ ਗਈਆਂ, ਪਰ ਫੇਰ ਭੀ ਐਸਾ ਕੰਮ ਕਰੀਏ ਕਿ 'ਸੱਪ ਭੀ ਮਰ ਜਾਏ ਤੇ ਲਾਠੀ ਭੀ ਬਚ ਜਾਏਂ'।
ਰਾਮ ਤੇ ਸ਼ਾਮ ਦੋਵੇਂ ਇਕ ਤੋਂ ਇਕ ਵਧ ਕੇ ਹਨ । 'ਸੱਪ ਨੂੰ ਸੱਪ ਲੜੇ ਤੇ ਵਿਸ ਕਿਸਨੂੰ ਚੜ੍ਹੇ' ਵਾਲੀ ਗੱਲ ਨਿਕਲੇਗੀ, ਉਨ੍ਹਾਂ ਦੀ ਖਹਿਬੜ ਵਿੱਚੋਂ।
ਕੀ ਕਰਾਂ ? ਨਾ ਇਹ ਤੀਵੀਂ ਛੱਡਣ ਹੁੰਦੀ ਏ, ਪਈ ਸ਼ਰੀਕਾ ਕੀ ਆਖੇਗਾ, ਨਾ ਰੱਖਣ ਹੀ ਹੁੰਦੀ ਏ, ਰੰਡੀ ਏ ਨਿਰੀ। ‘ਸੱਪ ਦੇ ਮੂੰਹ ਕੋੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਅੰਨ੍ਹਾਂ'।
ਕੁਲਵੰਤ- ਬੀਜੀ, ਉਸ ਪੰਡਤ ਨੇ ਸਿੰਘ ਸਾਹਿਬ ਨਾਲ ਬੜਾ ਮੱਥਾ ਡਾਹਿਆ, ਪਰ ਪੇਸ਼ ਕੁਝ ਨਾ ਗਈ । ਸੱਚ ਹੈ, 'ਸੱਪ ਦੇ ਸਾਹਮਣੇ ਦੀਵਾ ਨਹੀਂ ਬਲਦਾ। ਪੰਡਤ ਹੋਰੀ ਹੱਫ ਕੇ ਖਿਮਾਂ ਮੰਗਣ ਲੱਗ ਪਏ'।
ਕਰੀਮ ਬਖ਼ਸ਼ ਨੂੰ ਕੀ ਨਿੰਦਣਾ ਹੈ ? ਤੁਸੀਂ ਜਾਣਦੇ ਹੀ ਹੋ ਕਿ ਕਿਸ ਪਿਉ ਦਾ ਪੱਤਰ ਹੈ। 'ਸੱਪ ਦਾ ਬੱਚਾ ਸਪੇਲਾ ਹੀ ਹੋਣਾ ਸੀ।'