ਤੁਸੀਂ ਵੀ ਮੂਤਰ ਵਿੱਚੋਂ ਮੱਛੀਆਂ ਫੜਨੀਆਂ ਚਾਹੁੰਦੇ ਹੋ । ਇਹ ਤਾਂ ਸਮਝੋ ਪਈ 'ਜਿਨੂੰ ਪੂਛੋਂ ਫੜ ਉਠਾਇਆ, ਉਸ ਨੇ ਜੋਤਰਾ ਕਦੋਂ ਲਾਇਆ' ? ਕਦੀ ਢਿਲ ਮਿਲ ਯਕੀਨਾਂ ਨੇ ਵੀ ਕੋਈ ਕੰਮ ਸਿਰੇ ਚਾੜ੍ਹਿਆ ਹੈ।
ਡਰ ਤੇ ਦਾਬੇ ਦਾ ਕੂੜਾ ਭਾਰ ਪੈਦਾ ਕਰਨਾ ਐਉਂ ਹੈ, ਜਿਵੇਂ ਰੇਤਲੀ ਨੀਂਹ ਤੇ ਉਸਾਰਨਾ। 'ਜਿਨਾ ਭਉ ਤਿਨ ਨਹਿ ਭਉ' ਅਸਲੀ ਟੀਚਾ ਤਾ ਸਭ ਤ੍ਰੀਕਿਆਂ ਦਾ ਇਹ ਹੀ ਹੈ ਕਿ ਬੰਦਾ ਨਿਰਭਉ ਹੋ ਜਾਵੇ ।
ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥ ਜਿਨਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨਿ॥
ਕਰਮ ਸਿੰਘ-ਸ਼ਾਹ ! ਗੁਲਾਬ ਚੰਦ ਨੂੰ ਕੀ ਆਖਣਾ ਹੈ ? ਉਸਨੇ ਆਪਣਿਆਂ ਦਾ ਇਤਨਾ ਨੁਕਸਾਨ ਕੀਤਾ ਤਾਂ ਦੂਜਿਆਂ ਦਾ ਜੇ ਚਲਾ ਜਾਵੇ, ਤਾਂ ਉਸਨੂੰ ਕੀ ਦੁੱਖ ? 'ਜਿਨ੍ਹਾਂ ਸਾੜੇ ਆਪਣੇ, ਫੂਕ ਦੇਣ ਪਰਾਏ ।'
ਅਮਲ ਵੀ ਖਾਸਾ ਆਇਆ ਸੀ ਪਰ 'ਜਿਨ੍ਹਾਂ ਖਾਧਾ ਲੱਪ ਗੜੱਪੀ, ਉਹ ਕੀ ਜਾਣਨ ਉਂਗਲ ਚੱਟੀ। ਵਾਲਾ ਲੇਖਾ। ਸੱਤ-ਸੰਗੀਆਂ ਵਿੱਚ ਬੈਠ ਕੇ ਤੇ ਗੋਡਿਆਂ ਉਤੇ ਕੂਹਣੀਆਂ ਧਰ ਕੇ ਗਦ ਗਦ ਬਾਟਾ ਚਾੜ੍ਹਨ ਨਾਲ ਜੋ ਲਾਲੀਆਂ ਚੜ੍ਹਨੀਆਂ ਸਨ, ਉਹ ਇਸ ਨਾਲ ਕਿਥੇ ?
ਮੈਨੂੰ ਸਭ ਪਤਾ ਏ । ਮੈਂ ਮੂਰਖ ਨਹੀਂ, ਜਿਨ੍ਹੇ ਸਿਰ ਸੌਂਪਿਆ ਏ, ਕੰਨ ਵੀ ਨਾਲ ਹੀ ਸੌਂਪੇ ਸੂ । ਮੈਂ ਆਪਣੀ ਨਿੰਦਿਆ ਆਪਣੀ ਕੰਨੀ ਸੁਣੀ ਏਂ । ਇਤਬਾਰ ਕਿਵੇਂ ਨਾ ਕਰਾਂ ?
ਤੇਰਾ ਕੀ ਇਤਬਾਰ ਕਰੀਏ ਤੇ ਕੀ ਤੈਨੂੰ ਆਖੀਏ ! 'ਜਿਨ੍ਹੇ ਲਾਈ ਗੱਲੀ, ਉਸੇ ਨਾਲ ਉੱਠ ਚਲੀ' ਵਾਲਾ ਲੇਖਾ ਹੈ ਤੇਰਾ ਤਾਂ।
ਬਾਬਾ- ਬੇਟਾ ਘਾਬਰੋ ਨਹੀਂ । ਰੱਬ ਉੱਤੇ ਨਿਸਚਾ ਰੱਖੋ ਜਿਸ 'ਜਿੰਦ ਦਿੱਤੀ, ਰੋਜ਼ੀ ਭੀ ਦੇਸੀ।'
ਉਹ ਪਿਆਰਾ ਮੇਰੀ 'ਜਿੰਦ ਦੀ ਜਿੰਦ' ਮੇਰੇ ਆਤਮਾ ਦਾ ਸ੍ਰੀ ਪ੍ਰਮਾਤਮਾ ਗੁਰੂ ਗੋਬਿੰਦ ਸਿੰਘ, ਮੈਂ ਉਨ੍ਹਾਂ ਦੇ ਹੁਕਮ ਨਾ ਮੰਨਾ ?
ਜਿੰਦੇ ਮੇਰੀਏ, ਮਿੱਟੀ ਦੀਏ ਢੇਰੀਏ, ਰੱਬ ਨੂੰ ਯਾਦ ਕਰ ਲੈ। ਮੇਲਾ ਕੋਈ ਦਮ ਦਾ; ਏਥੇ ਬੈਠ ਕਿਸੇ ਨਹੀਂ ਰਹਿਣਾ ।
ਜਿੰਨਾ ਗੁੜ ਪਾਓ ਓਨਾ ਹੀ ਮਿੱਠਾ ਹੁੰਦਾ ਹੈ। ਤੁਸਾਂ ਜਿਹੇ ਜਿਹੇ ਪੈਸੇ ਦਿੱਤੇ, ਓਹੋ ਜਿਹਾ ਅਸਾਂ ਤੁਹਾਡਾ ਕੰਮ ਕਰ ਦਿੱਤਾ।
ਸਿਆਣਪ ਤਾਂ ਇਸ ਵਿੱਚ ਹੈ ਕਿ ‘ਜਿੰਨਾ ਫਲੇ, ਓਨਾਂ ਝੁਕੇ" ਹੰਕਾਰ ਪਾਪ ਦਾ ਮੂਲ ਹੈ।