ਇੱਥੇ ਚੰਗੇ ਮੰਦੇ ਦੀ ਪਛਾਣ ਉੱਕੀ ਨਹੀਂ। ਇੱਥੇ ਤਾਂ 'ਤਵਾ ਸੁਹਾਗਾ ਇਕੋ ਵਤ' ਵਾਲਾ ਹਾਲ ਹੈ ।
ਕਿਰਪਾ ਰਾਮ ਤੂੰ ਕਾਹਦਾ ਨਾਈ ਏਂ, ਨਾਂ ਤੇਰੇ ਪਾਸ ਉਸਤਰਾ ਹੈ ਨਾ ਕੈਂਚੀ। ‘ਤਵਾ ਨਾ ਅੰਗਿਆਰੀ ਤਾਂ ਕਾਹਦੀ ਭਠਿਆਰੀ ।'
ਤੁੰ ਬੜਾ ਚੰਗਾ ਹੈਂ, ਪਰ ਕੰਮ ਤੇ ਤੂੰ ਲੋਪ ਹੋ ਜਾਨਾਂ ਹੈਂ । ਤੈਨੂੰ ਵੀ ਭੈੜੇ ਆਟੇ ਵਾਂਗ 'ਤਵੇ ਤੇ ਆ ਕੇ ਰੱਬ ਦੀ ਮਾਰ' ਪੈ ਜਾਂਦੀ ਹੈ ।
ਚੌਧਰੀ ਜੀ ! ਗ਼ਲਤੀ ਤਾਂ ਸ਼ੰਕਰ ਨੇ ਕੀਤੀ ਪਰ ਖੁੰਬ ਤੁਸਾਂ ਦੱਤੇ ਦੀ ਠੱਪ ਦਿੱਤੀ । ਤੁਸੀਂ ਤਾਂ 'ਤਵੇਲੇ ਦੀ ਬਲਾ, ਬਾਂਦਰ ਦੇ ਸਿਰ' ਸੁੱਟਣ ਵਾਲਾ ਹੀ ਕੰਮ ਕਰ ਦਿੱਤਾ।
ਭਲਿਆ ਲੋਕਾ, ਰੀਸ ਕਰਨੀ ਚੰਗੀ ਨਹੀਂ। ਅਖੇ ‘ਤਾਏ ਦੀ ਧੀ ਚੱਲੀ, ਤੇ ਮੈਂ ਕਿਉਂ ਰਹਾਂ ਇਕੱਲੀ । ਕੁਝ ਸੋਚ ਵੀ, ਤੇਰੇ ਪਾਸੋਂ ਇਹ ਕੰਮ ਹੋ ਵੀ ਸਕੇਗਾ ?
ਮਹਾਂ ਸਿੰਘ (ਦਰਦ ਭਰਿਆ ਹਾਸਾ ਹੱਸ ਕੇ) ਤਾਰਾ ਟੁੱਟਣ ਤੋਂ ਪਹਿਲਾਂ ਜ਼ਰੂਰ ਚਮਕਦਾ ਹੈ । ਮੇਰੇ ਰਣਜੀਤ ਨੇ ਮੇਰੇ ਜੀਵਨ ਦੀ ਆਖਰੀ ਘੜੀ ਖੁਸ਼ੀ ਨਾਲ ਚਮਕਾ ਦਿੱਤੀ ਹੈ । ਮੈਂ ਖੁਸ਼ੀ ਨਾਲ ਵਿਦਾ ਹੋ ਰਿਹਾ ਹਾਂ । ਰਣਜੀਤ ਮੇਰੇ ਸਾਰੇ ਸੁਪਨੇ ਪੂਰੇ ਕਰੇਗਾ।
ਕਰਮ ਕੌਰ- ਵੇਲੇ ਸਿਰ ਕੰਮ ਨਾ ਕਰਨ ਦਾ ਇਹੀ ਫਲ ਮਿਲਦਾ ਹੈ । ਅਖੇ 'ਤਾਲੋਂ ਘੁੱਥੀ ਡੂੰਮਣੀ, ਫਿਰਦੀ ਤਾਲ ਬਤਾਲ। ਜੇ ਵੇਲੇ ਸਿਰ ਸੰਭਲ ਜਾਂਦੇ, ਤਦ ਹੁਣ ਕਿਉਂ ਕਲਪਦੇ ?
ਅਸੀਂ ਤਾਂ ਇਹ ਜਾਣਦੇ ਹਾਂ ਪਈ ਤਾੜੀ ਦੋ ਹੱਥੀਂ ਹੀ ਵਜਦੀ ਹੈ। ਤੂੰ ਵੀ ਤਾਂ ਕੁਝ ਸ਼ਰਾਰਤ ਕੀਤੀ ਹੀ ਹੋਵੇਗੀ। ਤਦੇ ਉਸ ਨੇ ਮਾਰਿਆ।
ਗੁੱਸੇ ਦੀ ਕਿਹੜੀ ਗੱਲ ਹੈ ? ਇਹ ਤਾਂ ਜੱਟਾਂ ਦਾ ਸੁਭਾ ਹੈ ਜਦ ਇਨ੍ਹਾਂ ਪਾਸ ਕੁਝ ਹੋਵੇ ਤਦ ਇਹ ਹੱਦ ਹੀ ਟੱਪ ਜਾਂਦੇ ਹਨ। ਸੁਣਿਆ ਨਹੀਂ, 'ਤਿਹਾਏ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ'।
ਕੀ ਇਤਬਾਰ ਹੈ ਇਹੋ ਜਿਹੇ ਲਾਈ ਲੱਗਾਂ ਦਾ। ਇਹ ਤਿੱਤਰ ਨਹੀਂ ਬਟੇਰਾ ਹੈ। ਤਿੱਤਰ ਹੈ ਮਿੱਤਰ, ਬਟੇਰਾ ਨਾ ਤੇਰਾ ਨਾ ਮੇਰਾ।
ਇਸ ਜਨਾਨੀ ਦੀ ਫਜੂਲਖਰਚੀ ਘਰ ਨੂੰ ਜ਼ਰੂਰ ਉਜਾੜ ਦੇਵੇਗੀ। ਸਿਆਣਿਆਂ ਦਾ ਕਥਨ ਹੈ, 'ਤਿੱਤਰ ਖੰਭੀ ਬਦਲੀ, ਰੰਨ ਮਲਾਈ ਖਾਏ, ਉਹ ਵੱਸੇ, ਉਹ ਉੱਜੜੇ, ਕਦੀ ਨਾ ਬਿਰਥਾ ਜਾਏ।
ਰਾਣੀ - ਮਹਾਰਾਜ ! ਹੁਣ ਤਾਂ 'ਤਿੱਤਰ ਦੇ ਮੂੰਹ ਲੱਛਮੀ' ਵਾਲਾ ਲੇਖਾ ਹੈ । ਗੱਲ ਸਿਰੇ ਚੜ੍ਹ ਚੱਲੀ ਜੇ।