ਸਵਰਨ- ਕਾਕੀ ਜੇ ਤੂੰ ਕੰਮ ਕਰਦੀ ਰਵੇਂ ਤਾਂ ਜਾਚ ਵੀ ਆ ਜਾਵੇ ਤੇ ਸਾਰੇ ਕੰਮ ਠੀਕ ਹੋ ਪੈਣ । ਪਰ ਤੇਰਾ ਉਹ ਹਾਲ ਹੈ ਅਖੇ 'ਜਨਮ ਨਾ ਕੰਘੀ ਵਾਹੀ ਤੇ ਸਵਾਧਾ ਵਿੰਗ' ਹੁਣ ਦੋਸ਼ ਕਿਸ ਨੂੰ ਦੇਈਏ ?
ਉਸ ਦਾ ਤਾਂ ਇਹ ਹਾਲ ਹੈ ਅਖੇ 'ਜਨ ਵੱਡਾ, ਦੇਹ ਸੁੰਜ'। ਪੱਲੇ ਠੀਕਰੀਆਂ, ਨਾਉਂ ਨਰੈਣ ਦਾਸ । ਬੱਸ ਚੁੱਪ ਹੀ ਭਲੀ ਹੈ।
‘ਜਨ ਦਾ ਮੁਰੀਦ ਤੇ ਦਲੀਚਾ ਖਰਾਬ, ਜ਼ਨਾਨੀ ਦੇ ਆਖੇ ਲੱਗ ਕੇ ਉਸ ਨੇ ਝੱਗਾ ਚੌੜ ਕਰ ਲਿਆ ਹੈ।
ਵਾਸੂ- ਜਦੋਂ ਗਿੱਦੜ ਦੀ ਮੌਤ ਆਉਂਦੀ ਏ ਜੱਟ ਦੀ ਮੋਹੜੀ ਨਾਲ ਆ ਖਹਿੰਦਾ ਏਂ । ਦੇਖੀ ਤਾਂ ਸਹੀ ਕੀ ਬਣਦਾ ਏ ।
ਨਵਾਬ ਅੱਛਾ ਇਹ ਗੱਲ ? ਜਦੋਂ ਸੱਪ ਦੀ ਮੌਤ ਆਉਂਦੀ ਏ, ਚੁਰਾਹੇ ਵਿੱਚ ਆ ਕੇ ਸੌਂਦਾ ਏ, ਗਿੱਦੜ ਸ਼ੇਰ ਦੇ ਦੁਆਲੇ ਭਉਂਦਾ ਏ, ਕੀੜੀਆਂ ਨੂੰ ਖੰਭ ਨਿਕਲ ਆਉਂਦੇ ਨੇ ਤੇ ਜਦੋਂ ਸਿਆਲਾਂ ਦੀ ਸ਼ਾਮਤ ਆਵੇ ਜਿੰਦੜੀ ਨਾਲ ਮੱਥਾ ਲਾਂਦੇ ਨੇ।
ਬੰਤੇ ਨੂੰ ਇਹ ਕੰਮ ਕਾਹਦਾ ਔਖਾ ਸੀ। ਦਿਲ ਹੀ ਦਿਲ ਵਿੱਚ ਬੜਾ ਖੁਸ਼, ਆਖੇ ਸਚਮੁੱਚ 'ਜਦੋਂ ਰੱਬ ਦੇਣ ਲਗਦਾ ਏ ਛੱਤ ਪਾੜ ਕੇ ਦੇਂਦਾ ਏ ।'
ਸੁਖੀ-ਭੈਣ ! ਬੁਰਾ ਨਾ ਜਾਣੀ, ਜਦ ਤੋਂ ਇਹ ਮੁੰਡਾ ਹੋਇਆ ਹੈ ਤਦ ਤੋਂ ਹੱਥ ਪਿਛੇ ਹੀ ਪਿਛੇ ਹੈ । ਅਖੇ 'ਜਦ ਤੋਂ ਜੰਮੇ ਚੰਦਰ ਭਾਨ ਚੁੱਲੇ ਅੱਗ ਨਾ ਮੰਜੇ ਵਾਣ ਵਾਲਾ ਲੇਖਾ ਹੈ।
ਕਿਰਤੀ - ਸਾਥੀਆ, ਜਦ ਮਿੱਥੇ ਹੋਏ ਟਿਕਾਣੇ ਤੇ ਹੀ ਅੱਪੜਨਾ ਹੈ, ਤਦ ਗਾਮੇ ਮਾਹਜੇ ਦੀ ਕੀ ਮੁਥਾਜੀ ? ਜਦ ਦਰਗਾਹੇ ਨੂੰ ਜਾਣਾ ਏ ਤਾਂ ਮਜੌਰਾਂ ਦੀ ਮਾਂ ਦਾ ਕੀ ਪੁੱਛਣਾ ?
ਰਾਮ ਕੌਰ-ਮਾਸੀ ਜੀ ! ਅਫੀਮ ਦੀ ਚੰਦਰੀ ਆਦਤ ਕਦ ਤੋਂ ਪਾ ਲਈ ਜੇ ? ਮਾਸੀ-ਕੀ ਪੁੱਛਦੇ ਓ । ‘ਜਦ ਤੋਂ ਜੰਮੇ ਬੋਦੀਓਂ ਲੰਮੇ।' ਸਾਡਾ ਤਾਂ ਹਮੇਸ਼ਾ ਹੀ ਇਹੋ ਹਾਲ ਰਿਹਾ ਏ !
ਨਿੱਕੀ ਦਾ ਹਾਲ ਮਾੜਾ ਹੀ ਹੈ, ਪਰ 'ਜਦ ਤਕ ਸਾਸ ਤਦ ਤਕ ਆਸ'। ਮਤਾਂ ਰੱਬ ਖੈਰ ਹੀ ਕਰੇ।
ਸਗੋਂ ਪੱਛਮੀ ਲੋਕਾਂ ਨੇ ਤਾਂ ਸਫਾਈ ਸਿਖਾਈ ਹੈ ਤੇ 'ਜਥਾ ਰਾਜਾ ਤਥਾ ਪਰਜਾ' ਹੋਣਾ ਚਾਹੀਦਾ ਹੈ।
ਰੁਕਮਣੀ- ਸੱਸੀ ! ਤੁਸੀਂ ਜਿਹੋ ਜਿਹੇ ਜਵਾਨੀ ਵਿਚ ਸਾਓ ਉਹੋ ਜਿਹੇ ਹੀ ਹੁਣ ਬੁਢੇਪੇ ਵੇਲੇ ਵੀ ਹੋ, ਤੁਸਾਡਾ ਤਾਂ ਇਹ ਹਾਲ ਹੈ ਕਿ 'ਜੱਥਾ ਕਾਲੀ, ਤਥਾ ਧੌਲੀਂ' ਰਤਾ ਜਿੰਨਾ ਵੀ ਫ਼ਰਕ ਨਹੀਂ ਪਿਆ।