ਨੀ ਬਚੀਏ, ਕੋਈ ਅਕਲ ਦੀ ਗੱਲ ਕਰ, ਆਪਣੇ ਝੁੱਗੇ ਨੂੰ ਆਪ ਹੀ ਚੌੜ ਨਾ ਕਰ। ਇਉਂ ਕਰਨ ਨਾਲ ਤਾਂ ਇਹੀ ਲੇਖਾ ਬਣਨਾ ਹੈ ਕਿ 'ਕੁਕੜ ਖੇਹ ਉਡਾਈ ਤੇ ਆਪਣੇ ਝਾਟੇ ਪਾਈ।'
ਜੇ ਤੂੰ ਵਿਆਹ ਵਿੱਚ ਸ਼ਾਮਲ ਨਾ ਹੋਇਆ ਤੇ ਕੀ ਅਗਲੇ ਕੁੜੀ ਸਾਡੇ ਨਾਲ ਨਹੀਂ ਤੋਰਨ ਲੱਗੇ ? ਅਖੇ, ਕੁਕੜ ਨਾ ਬੋਲੇਗਾ ਤਾਂ ਲੋ ਨਹੀਂ ਹੋਵੇਗੀ।'
ਉਸ ਰਾਤ ਗੁਰਮਤਾ ਕੋਈ ਆਪੋ ਵਿੱਚ ਦੀ ਧੜੇਬਾਜ਼ੀ ਦੀ ਕਮੇਟੀ ਨਹੀਂ ਸੀ ਨਾ ਨਿਜ ਪੇਟ-ਪਾਲੂ,ਧਰਮ ਹਿਤੈਸ਼ੀਆਂ ਦੀ ਕੁਕੜਾਂ ਵਾਲੀ ਲੜਾਈ ਸੀ, ਨਾ ਆਪਣੀ ਦੁਸ਼ਮਣੀ ਪਿੱਛੇ ਕਿਸੇ ਤਰ੍ਹਾਂ ਦੀ ਬੇੜੀ ਗ਼ਰਕ ਕਰਨ ਦਾ ਮਨਸੂਬਾ ਸੀ।
ਬਈ ਜ਼ਨਾਨੀਆਂ ਸਾਡੇ ਮਰਦਾਂ ਦੇ ਕੰਮ ਵਿੱਚ ਦਖਲ ਨਾ ਦੇਣ। ‘ਕੁਕੜੀ ਦੀ ਬਾਂਗ ਰਵਾ ਨਹੀਂ।'
ਇੱਕ ਦਮ ਉੱਛਲ ਕੇ ਬੁੱਢੀ ਬੋਲੀ 'ਗੱਲ ਇਹ ਏ ਧੀਏ ਬਈ ਉਂਝ ਤੇ ਫ਼ਰਕ ਕੋਈ ਨਹੀਂ ਮਾਂ ਵਿਚ ਤੇ ਤਾਈ ਵਿਚ, ਮਾਂ ਕੀ ਤੇ ਤਾਈ ਕੀ। ਪਰ ਵੇਖ ਨਾ ਬੀਬੀ ਰਾਣੀ ਕੁਕੜੀ ਦੇ ਜਦ ਧੁੱਪ ਨਾਲ ਪੈਰ ਸੜਨ ਲਗਦੇ ਨੇ, ਤਾਂ ਉਹ ਚੂਚਿਆਂ ਨੂੰ ਪੈਰਾਂ ਹੇਠਾਂ ਲੈ ਲੈਂਦੀ ਹੈ।
ਹਾਲ ਓਇ ਲੋਕੋ ! ‘ਕੁਕੜੀ ਨਾਈ ਦੀ ਤੇ ਮੁਜਰਾ ਮੁਕੱਦਮ ਦਾ'। ਰੋਟੀ ਮੈਂ ਖੁਆਂਦਾ ਰਿਹਾ ਤੇ ਹਸਾਨ ਮਾਮੇ ਦਾ ! ਲੋਕਾਂ ਸ਼ਰਮ ਹਯਾ ਲਾਹ ਸੁੱਟੀ ਏ।
ਸਭ ਨੂੰ ਤੁਸਾਂ ਕੋਸਿਆ ਤੇ ਘੜੀ ਆਪਣੀ ਜੇਬ ਵਿਚੋਂ ਹੀ ਨਿਕਲੀ । ਤੁਸਾਂ ਤਾਂ 'ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ' ਵਾਲਾ ਹਾਲ ਬਣਾ ਦਿੱਤਾ।
ਮਾਂ- ਭਾਬੀ ਜੀ ! ਇਸ ਦੀ ਹਰ ਗੱਲ ਪੂਰੀ ਕਰਦੀ ਹਾਂ, ਪਰ ਆਪਣੀ ਜ਼ਿੱਦ ਤੋਂ ਨਹੀਂ ਟਲਦਾ। ਇਹ ਤਾਂ ‘ਕੁੱਛੜ ਚੁਕੀਂਦਾ ਭੁੰਜੇ ਪੈਂਦਾ ਹੈ।
ਸਰਦਾਰ ਜੀ, ਭਾਂਬੜ ਤਾਂ ਮੱਚਣਾ ਹੀ ਸੀ । ‘ਕੁਝ ਵਤਾਊਂ ਤੱਤੇ, ਕੁਝ ਲਾਲਾ ਜੀ ਤੱਤੇ' । ਦੋਵੇਂ ਪਾਸੇ ਇਕੋ ਜੇਹੇ ਝਗੜਾਲੂ ਜੁ ਸਨ ।
ਬੱਸ ਜੀ, ਨਾਂ ਨੂੰ ਵੱਡੇ ਨੇ, ਵਿੱਚੋਂ ਤਾਂ ਢੋਲ ਦਾ ਪੋਲ ਹੀ ਏ। 'ਕੁੱਟੀ ਚਿੜੀ, ਕਪੂਰੀ ਨਾਉਂ' ਵਾਲਾ ਹਿਸਾਬ ਹੈ।
ਸ਼ਰਨ ਦੀ ਮੰਮੀ ਉਸਨੂੰ ਆਉਣ ਵਾਲੇ ਪੱਕੇ ਪੇਪਰਾਂ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰਨ ਲਈ ਕਹਿੰਦੀ ਰਹਿੰਦੀ ਪਰ ਸ਼ਰਨ ਉੱਤੇ ਉਸਦਾ ਕੋਈ ਵੀ ਅਸਰ ਨਹੀਂ ਹੁੰਦਾ। ਸ਼ਰਨ ਦਾ ਤਾਂ ਉਹ ਹਾਲ ਹੈ, ਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਢੇ ਨਾ ਉਹ ਵੱਸੇ।
ਕੁੱਤਾ ਰਾਜ ਬਹਾਲੀਐ, ਫਿਰ ਚੱਕੀ ਚੱਟੈ ।