ਤੁਸੀਂ ਕਰੋ ਮੈਂਬਰੀਆਂ ਤੇ ਬਣਾਉ ਪਾਰਟੀਆਂ । ਸਾਨੂੰ ਤਾਂ ਲੋੜ ਨਹੀਂ, ਅਸਾਂ ਜਿਹੜੇ ਪਿੰਡ ਨਹੀਂ ਜਾਣਾ, ਉਸ ਦਾ ਰਾਹ ਕਾਹਨੂੰ ਪੁੱਛਣਾ ਹੈ ?
ਤੁਸੀਂ ਆਪ ਤੇ ਕਦੇ ਹਿਸਾਬ ਦੀ ਪੜਤਾਲ ਨਹੀਂ ਕੀਤੀ। ਮੁਨੀਮਾਂ ਪਾਸੋਂ ਹੋਰ ਕੀ ਆਸ ਰੱਖਦੇ ਹੋ। ਜਿਸ ਖੇਤੀ ਤੇ ਖਸਮ ਨਾ ਜਾਵੇ, ਉਹ ਖੇਤੀ ਖਸਮਾਂ ਨੂੰ ਖਾਵੇ।
ਇਹ ਖੂਬ ਭਾਣਾ ਵਰਤਿਆ, ਅਖੇ "ਜਿਸ ਕੁੜੀ ਦਾ ਵਿਆਹ ਉਹੋ ਗੋਹੇ ਚੁਗਣ ਗਈ" ਉਹਦੀ ਲੋੜ ਪੈਣ ਤੇ ਹਮੇਸ਼ਾ ਐਸੀ ਉਸ ਨੂੰ ਮਾਰ ਵਗਦੀ ਹੈ, ਕਿ ਕਿਤੇ ਨਜ਼ਰ ਹੀ ਨਹੀਂ ਆਉਂਦੀ।
ਜਿਸ ਕੀ ਪੁਜੈ ਅਉਧ ਤਿਸੈ ਕੁਉਣ ਰਾਖਈ ॥ ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ।।
ਤਦ ਮਾਪਿਆਂ ਆਪਣੀ ਪਤ ਦਾ ਖਿਆਲ ਕਰ ਕੇ ਉਸ ਨੂੰ ਆਖਿਆ ਤੇ ਸਮਝਾਇਆ ਭਾਈ ਤੂੰ ਫ਼ਿਕਰ ਨਾ ਕਰ, ਸਵਾਣੀਆਂ ਇਸੇ ਤਰ੍ਹਾਂ ਹੌਲੀ ਹੌਲੀ ਸਮਝ ਜਾਂਦੀਆਂ ਹੁੰਦੀਆਂ ਨੇ। ਇਹ ਭੀ ਆਪੇ ਸਿਆਣੀ ਹੋ ਜਾਏਗੀ । 'ਜਿਉਂ ਜਿਉਂ ਭਿੱਜੇ ਕੰਬਲੀ, ਤਿਉਂ ਤਿਉਂ ਭਾਰੀ ਹੋ'।
ਜੇ ਚਾਰ ਪੈਸੇ ਖੱਟ ਲਏ ਜੇ। ਤਾਂ ਬਹੁਤੇ ਆਕੜੋ ਨਾ । ‘ਜਿਉਂ ਜਿਉਂ ਫਲ ਲਗਦਾ, ਰੁੱਖ ਸਗੋਂ ਨਿਉਂਦਾ ਹੈ'।
ਇਹ ਅਨੋਖੀ ਗੱਲ ਏ, ਜਿ ਸਭ ਮੈਂ ਜਿਤਿਆ ਤੇ ਟੋਕ ਤੋਂ ਹਾਰਿਆ। ਲੋਕਾਂ ਦੀ ਨੁਕਤਾਚੀਨੀ ਤੋਂ ਨਾ ਡਰੋ ਤੇ ਮਰਦਾਂ ਵਾਂਗ ਜਿਹੜੇ ਕੰਮ ਨੂੰ ਲੱਗੇ ਹੋ, ਤੋੜ ਚਾੜ੍ਹੋ।
ਅਜੇ ਵੇਲਾ ਜੇ ਸੰਭਲੋ ! ਜ਼ਾਲਮ ਦੇ ਜਾਲ ਵਿੱਚ ਫਸਣ ਤੋਂ ਬਚੋ। ਤੁਹਾਨੂੰ ਦੀਹਦਾ ਨਹੀਂ ? ਕੀ ਇਹ ਦੱਸਣ ਦੀ ਲੋੜ ਹੈ ਕਿ ਜ਼ਾਲਿਮ ਦੀ ਜੱਫੀ ਮੌਤ ਦੀ ਕੁੜਿੱਕੀ ਹੈ।
ਫ਼ਿਕਰ ਨਾ ਕਰੋ, ਘਬਰਾਉਣ ਦੀ ਲੋੜ ਨਹੀਂ । ਜ਼ਾਲਮ ਤੇ ਜ਼ੁਲਮ ਦਾ ਰੱਬ ਵੈਰੀ ਏ ਤੇ ਗਰੀਬਾਂ ਦੀ ਮਦਦ ਕਰਨ ਵਾਲਾ ਵੀ ਉਹ ਹੀ ਹੈ।
ਭਾਈ ਸਾਹਿਬ ਤਾਂ ਦਬਕ ਕੇ ਤਖਤ ਪੋਸ਼ ਥੱਲੇ ਜਾ ਵੜੇ ਤੇ ਰਾਗੀ ਸਿੰਘ 'ਜਾਨ ਬਚੀ ਲਾਖੋਂ ਪਾਏ ਵਾਲੀ ਭੇਟ ਲੈ ਕੇ ਜਿਉਂ ਨੰਗੀ ਪੈਰੀਂ ਨੱਸੇ, ਰੇਲ ਦੇ ਸਟੇਸ਼ਨ ਤੇ ਜਾ ਕੇ ਸਾਹ ਲਿਆ।
ਮਾਮੀ ਜੀ ! ਰਤੀ ਬਹਿ ਜਾਓ, ਕਿੱਥੇ ਚੱਲੇ ਜੇ, ਹਾਲੀ ਤਰਕਾਲਾਂ ਤਾਂ ਨਹੀਂ ਪਈਆਂ । ਤੁਸੀਂ ਤਾਂ ਆਪ ਇਹ ਅਖਾਣ ਕਿਹਾ ਕਰਦੇ ਹੋ ਅਬੇ, 'ਜਾਨ ਪਾਲਨ ਤਰਕਾਲਨਾ ਤੇ ਕੁਚੱਜੀ ਮਾਰੇ ਛਾਲਾਂ ।'
ਅਸਾਂ ਸਿੱਖਾਂ ਨੂੰ ਇਹ ਚੀਜ਼ ਵਿਰਸੇ ਵਿੱਚ ਮਿਲੀ ਹੈ ਕਿ ਜਾਨ ਨਾਲੋਂ ਪੱਤ ਚੰਗੀ ਏ।