ਸ਼ਰਾਬ ਨਾਲ ਕਬਾਬ ਹੀ ਸੋਭਦਾ ਏ। ਸ਼ਰਾਬ ਕੀ ਆਖ ਤੇ ਵੈਸ਼ਨੂੰ ਕੀ ਆਖ । ‘ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪ੍ਰਹੇਜ਼।'
ਘਰ ਵਾਲਾ- ਭਲੀਏ ਲੋਕੇ। ਇਹ ਖਰਚੀਲੀਆਂ ਆਦਤਾਂ ਘਰ ਉਜਾੜ ਦੇਣਗੀਆਂ ਤੂੰ ਟੱਬਰਦਾਰ ਏਂ। ਲੁੱਟੀ ਜਾਏਂਗੀ। 'ਗੁੜ ਗਿਲੀ ਰੰਨ ਵਿਗੋਏ, ਛੱਲੀ ਪੂਣੀ ਹੱਟੀ ਢੋਏ। ਕੁਝ ਮੇਰੀ ਪਤ ਦਾ ਵੀ ਖਿਆਲ ਕਰ।
ਇਹ ਚੰਗੀ ਭਾਈਵਾਲ ਏ। ਕੰਮ ਵੀ ਮੈਂ ਕਰਾਂ, ਧਨ ਵੀ ਮੈਂ ਲਾਵਾਂ ਤੇ ਤੁਸੀਂ ਸੁਕੇ ਉਤੇ ਹਿਸਾ ਉਗਰਾਹੋ। 'ਗੁੜ, ਘੀ, ਮੈਦਾ ਤੇਰਾ, ਜਲ, ਫੂਕ ਬਸੰਤਰ ਮੇਰਾ' । ਇਹ ਭਾਈਵਾਲੀ ਕਿਵੇਂ ਚੱਲੂ।
ਬੈਠ ਰਹੇ ਘਰ ਤੇ ਖਾਏ ਵਿਹਲੀਆਂ ਬਹਿ ਕੇ । ਬਾਹਰ ਜਾਕੇ ਕਿਹੜੀ ਇਸ ਕਮਾਈ ਸਾੜਨੀ ਏਂ । 'ਗੁੰਗੀ ਪੇਕਿਉਂ ਗਈ, ਨ ਗਈ ਇੱਕੋ ਜਿਹੀ ਹੈ।'
ਅਜੇਹੇ ਅਨਾੜੀ ਕਾਰੀਗਰਾਂ ਨੇ ਕਿੱਥੋਂ ਵਧੀਆ ਇਮਾਰਤ ਉਸਾਰ ਲੈਣੀ ਸੀ। ਗੁੰਗੇ ਹੱਥ ਸੁਨੇਹਾ ਘੱਲ ਭਾਵੇਂ ਨਾ ਘੱਲ' । ਇਸ ਤੋਂ ਤਾਂ ਚੰਗਾ ਸੀ ਕਿ ਧਰਤੀ ਖਾਲੀ ਪਈ ਰਹਿੰਦੀ।
ਜਦ ਵਸਲ ਵਸਾਲ ਬਨਾਈਏਗਾ, ਤਦ ਗੁੰਗੇ ਦਾ ਗੁੜ ਖਾਈਏਗਾ ।
ਤੁਹਾਨੂੰ ਸਾਡੇ ਗ਼ਰੀਬਾਂ ਨਾਲ ਕੀ ਹਮਦਰਦੀ ਹੋ ਸਕਦੀ ਹੈ । ਤੁਸੀਂ ਸਾਡੀਆਂ ਤਕਲੀਫ਼ਾਂ ਅਨੁਭਵ ਹੀ ਨਹੀਂ ਕਰ ਸਕਦੇ। 'ਗੁੰਗੇ ਦੀਆਂ ਸੈਨਤਾਂ ਜਾਂ ਗੁੰਗਾ ਜਾਣੇ ਜਾਂ ਗੁੰਗੇ ਦੀ ਮਾਂ'।
ਬੜੇ ਭੈੜੇ ਆਦਮੀ ਨਾਲ ਸਦਾ ਦਾ ਵਾਹ ਪੈ ਗਿਆ ਹੈ । ਗੱਲ ਇਹ ਆ ਬਣੀ ਹੈ ਕਿ ਗੁੰਡੀ ਰੰਨ ਤੇ ਕੁਪੱਤਾ ਗੁਆਂਢ ਨਾ ਮਰੇ ਨਾ ਪਿਛੋਂ ਲੱਥੇ।
ਟਕੇ ਲੈ ਕੀ ਧੀ ਵਿਆਹੁਣ ਨਾਲ ਰੱਜ ਥੋੜਾ ਹੋਣਾ ਸੀ ? ਗੂੰਹ ਖਾਂਦਿਆਂ ਵੀ ਕਦੀ ਕਾਲ ਨਿਕਲਿਆ ਹੈ ?
ਪਿਆਰੀ ਕੋਹ ਨ ਚਲੀ ਤੇ ਬਾਬਾ ਤਿਹਾਈ । ਹੁਣੇ ਥੱਕ ਗਈ ਏਂ । ਅਜੇ ਤਾਂ 'ਗੋਹੜੇ ਵਿੱਚੋਂ ਪੂਣੀ ਨਹੀਂ ਕੱਤੀ। ਤੂੰ ਤਾਂ ਮਲੂਕ ਜ਼ਾਦੀ ਹੋ ਗਈ ਏਂ ।
ਤੁਸੀਂ ਦਿਲ ਥੋੜਾ ਨਾ ਕਰੋ ਤਾਂ ਥਾਂ ਬਥੇਰੀ ਹੈ। 'ਗੋਡਾ ਚਾਇਆ ਤੇ ਸਿੱਖ ਮਿਟਾਇਆ'।
'ਗੋਦੜੀ ਵਿੱਚ ਲਾਲ' ਜੇ ਨਿਰਾ। ਉਸ ਦੇ ਬਾਹਰਮੁਖੀ ਪਹਿਰਾਵੇ ਨੂੰ ਨਾ ਦੇਖ, ਉਸ ਦੇ ਗੁਣਾਂ ਨੂੰ ਵੇਖ ।