ਸੱਸੜੀਏ ਸਮਝਾ ਲੈ ਪੁੱਤ ਨੂੰ ਰਾਤ ਨੂੰ ਘਰ ਨਾ ਆਵੇ । ਘਰ ਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਵੇ।
ਇਹ ਵੀ ਕੋਈ ਰਾਹ ਦੀ ਗੱਲ ਹੈ ? 'ਘਰ ਦੀ ਬਿੱਲੀ ਤੇ ਘਰ ਨੂੰ ਮਿਆਊ ।' ਤੁਸੀਂ ਚੰਗੇ ਸਾਡੇ ਹਮਦਰਦ ਹੋ ਅਸਾਨੂੰ ਹੀ ਤੰਗ ਕਰਨ ਤੇ ਲੱਕ ਬੰਨ੍ਹ ਲਿਆ ਜੇ।
ਤੁਹਾਨੂੰ ਤਾਂ ਘਰ ਦੇ ਬੰਦਿਆਂ ਵਿੱਚ ਕੋਈ ਗੁਣ ਦਿਸਦਾ ਹੀ ਨਹੀਂ, “ਘਰ ਦੀ ਮੁਰਗੀ ਦਾਲ ਬਰਾਬਰ ।" ਵਾਲਾ ਲੇਖਾ ਹੈ।
ਉਹਦੀ ਕਿਹੜੀ ਗੱਲ ਹੈ ? ਬੇਸ਼ਕ ਆਕੜਿਆ ਫਿਰੇ। 'ਘਰ ਦੇ ਨਾ ਮੰਨਣ, ਅਸੀਂ ਦੋ ਦੋ ਬਹਾਂਗੇ।' ਸ਼ਰੀਕੇ ਵਿੱਚ ਉਸ ਨੂੰ ਪੁਛਦਾ ਕੌਣ ਹੈ ?
'ਘਰ ਦੇ ਪੀਰਾਂ ਨੂੰ ਤੇਲ ਦੇ ਮਰੁੰਡੇ' ਏਨਾ ਵਿਦਵਾਨ ਸੀ ਭਾਈ ਕਰਮ ਸਿੰਘ, ਪਰ ਆਪਣੀ ਕੌਮ ਨੇ ਉਸ ਦੀ ਉੱਕੀ ਕਦਰ ਨਾ ਕੀਤੀ।
ਕੋਈ ਨਹੀਂ ਚੌਧਰੀ ਕੋਈ ਨਹੀਂ । ਮੁੰਡੇ ਖੁੰਡੇ ਜੋ ਹੋਏ। ਅਕਸਰ 'ਘਰ ਦੇ ਭਾਂਡੇ ਵੀ ਠਹਿਕ ਪੈਂਦੇ ਹਨ।'
ਅੰਭੀ- ਹੋਰ ਸੁਣ ਲਓ। ਕਹਿੰਦੇ 'ਘਰ ਦੇ ਭੇਤੀ ਦਹਿਸਰ ਮਾਰਿਆ'। ਵੇਖਣਾ ਸਾਡੇ 'ਚੋਂ ਕੋਈ ਭਬੀਖਨ ਵਾਲੀ ਮੂਰਖਤਾ ਨਾ ਦਹੁਰਾ ਬੈਠੇ।
ਪਹਿਲਾਂ ਆਪਣੇ, ਫਿਰ ਪਰਾਏ। ਉਹ ਨਾ ਹੋਵੇ ਕਿ 'ਘਰ ਦੇ ਮਾਹਣੂ ਭੁਖੇ ਮਰਨ ਤੇ ਬਾਹਰ ਸਦਕਾ ਵੰਡੀਏ'।
ਜੋਰਾਵਰੀ ਨਾ ਕਰ। ਮੈਂ ਧੀ ਨੂੰ ਕੰਗਾਲ ਦੇ ਲੜ ਨਹੀਂ ਲਾਉਣਾ । ਅਖੇ 'ਘਰ ਨਹੀਂ ਖਾਣਕਾ ਤੇ ਕੁੱਤੇ ਦਾ ਨਾਂ ਮਾਣਕਾ ।'
ਸਭੇ 'ਘਰ ਪਕਦੀਆਂ ਦੇ ਸਾਕ ਨੇ' ਜਦ ਤੋਂ ਦੁਕਾਨ ਵਿੱਚ ਘਾਟਾ ਪੈਣ ਦੀ ਸੋ ਬਾਹਰ ਨਿਕਲੀ ਹੈ, ਕੋਈ ਸਾਕ ਅੰਗ ਕਦੀ ਨਹੀਂ ਡਿੱਠਾ।
ਇਹ ਘਰ ਇੰਨੀਆਂ ਚੜ੍ਹਦੀਆਂ ਕਲਾਂ ਵਿੱਚ ਸੀ ਕਿ ਸਾਰਾ ਪਿੰਡ ਮੰਨਦਾ ਸੀ ਪਰ ਕੱਲਾ ਲੜਾਈ ਨੇ ਇੱਥੇ ਕੁਝ ਨਹੀਂ ਛੱਡਿਆ। ਸਿਆਣਿਆਂ ਸੱਚ ਕਿਹਾ ਹੈ 'ਘਰ ਪਾਟਾ ਰਿਜਕ ਦਾ ਘਾਟਾ'।
ਵਾਹ ! ਐਹੋ ਜਿਹੇ ਬੁੱਧੂ ਅਸੀਂ ਨਹੀਂ ਬਈ ਘਰ ਫੂਕ ਤਮਾਸ਼ਾ ਵੇਖ । ਤੁਸੀਂ ਕੋਈ ਹੋਰ ਰਾਹ ਲੱਭੋ।