ਯਾਰ ਤੁਹਾਡਾ ਵੀ ਅਜੀਬ ਲੇਖਾ ਜੇ, ‘ਘਰੋਂ ਭੁੱਖੇ ਨੰਗੇ ਤੇ ਮੀਆਂ ਮਹੱਲਦਾਰ' ਅਪਣਾ ਤਾਂ ਤੁਹਾਡਾ ਗੁਜ਼ਾਰਾ ਨਹੀਂ ਚਲਦਾ ਤੇ ਲੋਕਾਂ ਅੱਗੇ ਬਣ ਬਣ ਬਹਿੰਦੇ ਹੋ।
ਜੇ ਵੇਲੇ ਸਿਰ ਮੇਰੇ ਸਾਥੀ ਪੁੱਜ ਜਾਂਦੇ ਤਾਂ ਇਹ ਭੜਥੂ ਕਾਸਨੂੰ ਪੈਂਦਾ 'ਘੜੀ ਦਾ ਘੁੱਥਾ, ਸੌ ਕੋਹਾਂ ਤੇ ਜਾ ਪੈਂਦਾ ਹੈ । ਅੱਜ ਮੈਂ ਯਤਨ ਕਰਾਂ, ਕੁਝ ਨਹੀਂ ਬਣਦਾ।
ਪੁਲ ਤੇ ਸ਼ਾਮੂ ਸ਼ਾਹ ਨੇ ਬਣਾ ਦਿੱਤਾ ਹੈ ਪਰ ਚੌਂਹਾਂ ਪਿੰਡਾਂ ਨੂੰ ਸੁੱਖ ਹੋ ਗਿਆ ਹੈ। 'ਘੜੇ ਘੁਮਿਆਰ ਭਰੇ ਸੰਸਾਰ ਵਾਲੀ ਗੱਲ ਹੈ।
ਮਨਿੰਦਰਜੀਤ ਨੇ ਕਿਸੇ ਸ਼ਬਦ ਦਾ ਅਰਥ ਵੇਖਣ ਲਈ ਡਿਕਸ਼ਨਰੀ ਕੱਢੀ ਤਾਂ ਅਮਰਜੀਤ ਕਹਿਣ ਲੱਗੀ, "ਜ਼ਰਾ ਮੈਨੂੰ ਵੀ ਦੇਈਂ ਡਿਕਸ਼ਨਰੀ, ਮੈਂ ਵੀ ਇੱਕ ਸ਼ਬਦ ਦੇ ਅਰਥ ਵੇਖਣੇ ਹਨ।" ਅਮੀ ਨੇ ਵੀ ਡਿਕਸ਼ਨਰੀ ਲਈ ਅਵਾਜ਼ ਮਾਰ ਦਿੱਤੀ। ਮਨਿੰਦਰਜੀਤ ਕਹਿਣ ਲੱਗੀ ਕਿ ਇਹ ਤਾਂ ਉਹ ਗੱਲ ਹੋਈ- ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ।
ਤੁਸੀਂ ਲੱਖ ਜਤਨ ਪਏ ਕਰੋ, ਉਨ੍ਹਾਂ ਦੋਹਾਂ ਦੀ ਨਹੀਂ ਜੇ ਬਣਨੀ । ‘ਘੜੇ ਵੱਟੇ ਦਾ ਕੀ ਮੇਲ' ਵਾਲੀ ਗੱਲ ਹੈ ਉਨ੍ਹਾਂ ਦੀ ਤਾਂ।
ਬਾਹਰ ਦੀ ਟੀਪ ਟਾਪ ਤੇ ਸ਼ੂਕਾ ਸ਼ਾਕੀ ਬੜੀ ਹੈ, ਪਰ ਅੰਦਰੋਂ ਬਸ ਰੱਬ ਦਾ ਨਾਂ ਹੀ ਹੈ । 'ਘਾਹ ਤਜਾਰ ਦਾ ਢੇਰ ਤੇ ਅੰਨ ਥੋੜਾ।'
ਹੁਣ ਮਾਤਾ ਪਿਤਾ ਦੀ ਕੀ ਲੋੜ ਹੈ ਤੁਹਾਨੂੰ । 'ਘਾਹ ਫੁਲੇ ਤਾਂ ਮੀਂਹ ਭੁਲੇ' ਸਾਲਾਂ ਬੱਧੀ ਤੁਹਾਨੂੰ ਪਾਲਿਆ ਪੋਸਿਆ ਲਿਖਾਇਆ, ਪੜ੍ਹਾਇਆ, ਕਾਰੇ ਲਾਇਆ। ਅੱਜ ਤੂੰ ਕੌਣ ਤੇ ਮੈਂ ਕੌਣ ?
ਸ਼ਹਿਰੀ-ਅਜ਼ਾਦੀ ਤਾਂ ਆ ਗਈ ਹੈ ਪਰ 'ਘਾਹੀਆਂ ਦੇ ਪੁੱਤਾਂ ਨੇ ਘਾਹ ਹੀ ਖੋਦਣੇ ਨੇਂ ਸਾਡੇ ਗ਼ਰੀਬਾਂ ਦੇ ਹਾਲ ਵਿੱਚ ਕੋਈ ਫ਼ਰਕ ਨਹੀਂ ਪਿਆ।
ਮੁਗਲਦਮਨ ਸਿੰਘ-ਜੀ ਸੱਚ ਹੈ। ਹੁਣ ਇਹ ਦੱਸੋ ਕਿ ਕੀ ਇਹ ਹਾਲ ਇੱਦਾਂ ਹੀ ਰਹੂ ? ਹਰ ਦਿਨ ਲਾਹੌਰ ਦੀ ਮੰਡੀ ਵਿੱਚ ਸਿੰਘ ਸ਼ਹੀਦ ਹੁੰਦੇ ਹਨ ਅਰ ਸਿੰਘ ਦੇ ਘਾਣ ਬੱਚੇ ਪੀੜੀਦੇ ਹਨ।
ਬਣਾਇਆ ਸੀ ਤਾਜ ਮਹਿਲ ਕਾਰੀਗਰਾਂ, ਮਜ਼ਦੂਰਾਂ, ਐਂਜਨੀਅਰਾਂ । ਨਾਂ ਸ਼ਾਹ ਜਹਾਨ ਦਾ ਵਜਦਾ ਹੈ। ਸੱਚ ਹੈ, 'ਘਿਉ ਸਵਾਰੇ ਸਾਲਣਾ, ਵਡੀ ਬਹੂ ਦਾ ਨਾਉਂ ।'
ਬਈ ਵਾਹ, ਜੱਟੀ ਦਾ ਘਿਉ ਕਾਹਦਾ ਹੈ, ਮਸ਼ਾਲਾਂ ਪਈਆਂ ਬਲਦੀਆਂ ਹਨ। 'ਘਿਉ ਜੱਟੀ ਦਾ ਤੇ ਤੇਲ ਹੱਟੀ ਦਾ। ਹੱਟੀ ਉੱਤੇ ਘਿਉ ਨੂੰ ਕੋਈ ਖਾਲਸ ਨਹੀਂ ਰਹਿਣ ਦੇਂਦਾ।
ਕੀ ਹੋ ਗਿਆ, ਆਪਣਿਆਂ ਨੇ ਹੀ ਖਾਧਾ ਹੈ । 'ਘਿਉ ਡੁਲ੍ਹਾ ਬਾਲ, ਨਾ ਮਿਹਣਾ ਨਾ ਗਾਲ'। ਬਿਗਾਨੇ ਖਾਂਦੇ ਤਾਂ ਦੁੱਖ ਵੀ ਹੁੰਦਾ।