ਜੱਟ ਆਪਣੀ ਚਾਦਰ ਵੇਖ ਕੇ ਲੱਤਾਂ ਪਸਾਰੇ ਤਾਂ ਸੁਖੀ ਰਹੇ। 'ਚਿੱਟਾ ਕੱਪੜਾ, ਕੁੱਕੜ ਖਾਣਾ, ਉਸ ਜੱਟ ਦਾ ਨਹੀਂ ਟਿਕਾਣਾ।'
ਵੱਡਿਆਂ ਦੀ ਮਰ ਕੇ ਵੀ ਸੋਭਾ ਹੁੰਦੀ ਹੈ। ਚਿੱਟੀਆਂ ਕਬਰਾਂ ਤੇ ਹੀ ਫੁੱਲ ਚੜ੍ਹਦੇ ਨੇ, ਗ਼ਰੀਬ ਨੂੰ ਨਾ ਜੀਉਂਦਿਆਂ ਢੋਈ ਨਾ ਮੋਇਆਂ ।
ਵਾਹ ਮੀਆਂ ਜੀ ਵਾਹ ! ਬੁੱਢੇ ਵਾਰੇ ਇਹ ਕੀ ਕਰਤੂਤ ਕੀਤੀ ਕਿ ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ।
ਹੁਣ ਦੇ ਬਾਬੂਆਂ ਦੇ ਚਿੱਟੇ ਕੱਪੜੇ ਤੇ ਖੀਸੇ ਖਾਲੀ ਹੁੰਦੇ ਹਨ ।
ਪੰਚਾ, ਚਿੱਟੇ ਵਾਲ ਮੌਤ ਦਾ ਸੁਨੇਹਾ ਹੁੰਦੇ ਹਨ। ਆਖ਼ਰੀ ਦਿਨ ਤੇਰੇ ਆ ਪੁੱਜੇ ਹਨ। ਹੁਣ ਤਾਂ ਕੁਝ ਸ਼ਰਮ ਕਰ।
ਤੂੰ ਤਾਂ ਚਾਹੁੰਦਾ ਹੈਂ ਕਿ ਸਭ ਪਾਸਿਉਂ ਤੈਨੂੰ ਹੀ ਲਾਭ ਹੋਵੇ, 'ਚਿਤ ਵੀ ਮੇਰੀ ਤੇ ਪਿਤ ਵੀ ਮੇਰੀ' ਪਰ ਸਾਰਾ ਕੁਝ ਆਪੇ ਨਿਗਲ ਲੈਣਾ ਚੰਗਾ ਨਹੀਂ।'
ਸਿਆਣਿਆਂ ਦਾ ਕੰਮ ਹੈ, "ਚਿੱਥ ਖਾਵਣ ਤੇ ਸਮਝ ਅਲਾਵਨ" । ਮੂੰਹ ਵਿੱਚ ਜੋ ਆਈ ਸੋ ਬਾਹਰ ਨਹੀਂ ਕੱਢ ਦੇਣੀ ਚਾਹੀਦੀ ।
ਵਾਹ ! ਭਾਈ ਵਾਹ ! 'ਚਿਬਰੀ ਦਾ ਚਿਹਰਾ ਤੇ ਨਾਂ ਨੂਰਭਰੀ ।' ਤੇਰੀ ਲਿਆਕਤ ਬਾਰੇ ਸਾਨੂੰ ਪਤਾ ਹੈ ਬਹੁਤੀਆਂ ਗੱਲਾਂ ਨਾ ਕਰ।
ਇਹਨਾਂ ਵਿਚਾਰੇ ਜਗ ਦਾ ਮਸ਼ਕੂਲਾ ਈ ਬਣਾ ਲਿਆ ਏ। 'ਚਿੜੀਆਂ ਮੌਤ, ਗਵਾਰਾਂ ਹਾਸਾ ਵਾਲੀ ਗੱਲ ਬਣਾਈ ਹੋਈ ਏ, ਇਹਨਾਂ ਸ਼ਤਾਨਾਂ ।
ਨਿਹੰਗ ਸਿੰਘ ਜੀ ! ਕੀ ਕਰਨ ਡਹੇ ਹੋ ? ਚੀਜ਼ ਤਾਂ ਅੱਗੇ ਹੀ ਬੜੀ ਥੋੜੀ ਜੇਹੀ ਹੈ, ਇਸ ਨੂੰ ਹੋਰ ਕਿਤਨੇ ਹਿੱਸਿਆਂ ਵਿੱਚ ਵੰਡਣਾ ਜੇ। 'ਚਿੜੀ ਦੀ ਚੋਗ ਤੇ ਚੌਧਵਾਂ ਹਿੱਸਾ ਕਿਨੂੰ ਕਿਨੂੰ ਦਿਉਂਗੇ ?
ਚਿੰਤਾ ਚਿਖਾ ਬਰਾਬਰੀ, ਦਿਲ ਵਿੱਚ ਬਲਨ ਤੰਦੂਰ । ਲੰਘੇ ਸਾਥੀ ਉਸ ਤੋਂ, ਅੱਗੇ ਕੇਡੀ ਦੂਰ ।
ਤੂੰ ਤਾਂ, “ਚੀਚੀ ਤੇ ਨਰੈਣ" ਭਾਲਦਾ ਏਂ । ਕਾਫ਼ੀ ਕਰੜਾ ਕੰਮ ਏ ਇਹ । ਬਹੁਤ ਧਨ ਤੇ ਮਿਹਨਤ ਮੰਗਦਾ ਏ।