ਸੁਣੀ ਜਾਓ, ਸ਼ੇਖੀਆਂ ਭਾਈ ਹੁਰਾਂ ਦੀਆਂ। ਅਖੇ ‘ਚੂਹਿਆਂ ਤੋਂ ਡਰੇ ਤੇ ਲੱਠ ਮਾਰਾਂ ਵਿੱਚ ਨਾਂ' ਚੂਹੜਿਆਂ ਪਾਸੋਂ ਮਾਰ ਖਾ ਲਈ ਤੇ ਹੁਣ ਤੀਸ ਮਾਰ ਖ਼ਾਂ ਬਣਨ ਬੈਠੇ ਹਨ।
ਕੌਣ ਕਮਜ਼ਾਤ ਹੈ, ਪੁੱਤਰ, ਉਹ ਤੇਰੇ ਸਾਹਮਣੇ । ਡੱਟ ਕੇ ਆਪਣੀ ਥਾਂ ਤੇ ਬੈਠਾ ਰਹੁ । ਰਤਾ ਭੈ ਨਾ ਰੱਖ । ‘ਚੂਹਿਆਂ ਦੇ ਡਰੋਂ, ਘਰ ਨਹੀਂ ਛੱਡ ਦਈਦੇ।
ਤੂੰ ਹੁਣ ਕਿਸੇ ਨੂੰ ਕਿਉਂ ਪੁੱਛੇ ਬੁਲਾਵੇਂ ? 'ਚੂੜੀਆਂ ਦੀ ਥਹੀ, ਨਾ ਭੈਣ ਨਾ ਭਣੇਈ ' ਚਾਰ ਪੈਸੇ ਖਾਣ ਲਈ ਮਿਲ ਗਏ। ਬਸ, ਤੂੰ ਕੌਣ ਤੇ ਮੈਂ ਕੌਣ ।
ਸਰਦਾਰ ਜੀ ! ਇਹ ਕੋਈ ਨਵੀਂ ਗੱਲ ਏ ? ਸਦਾ ਚੂੜੇ ਵਾਲੀ ਦੀ ਚੂੜੇ ਵਾਲਾ ਹੀ ਬਾਂਹ ਫੜਦਾ ਆਇਆ ਹੈ। ਉਹ ਦੋਵੇਂ ਹੋਏ ਜੋ ਵੱਡੀ ਸ਼ਾਨ ਵਾਲੇ। ਕਿਉਂ ਨਾ ਇੱਕ ਦੂਜੇ ਉੱਤੇ ਡੁੱਲ੍ਹਦੇ ?
ਪਹਿਲੀ ਗੋਲੀ -ਅੜੀਏ ! ਮਹਾਰਾਜ ਨੂੰ ਕੌਣ ਸਮਝਾਏ ? ਕੌਣ ਚੂੰ ਕਰੇ ! ਚੂੰ ਚਰਾਂ ਕੀਤੀ ਨਹੀਂ ਕਿ ਸੂਲੀ ਚੜ੍ਹਿਆ ਨਹੀਂ ।
ਚੋਆ ਚੰਦਨ ਪਰਹਰੈ ਖਰ ਖੇਹ ਪਲੱਟੈ । ਤਿਉਂ ਨਿੰਦਕ ਪਰ ਨਿੰਦਿਆ ਹਠਿ ਮੂਲ ਨ ਹੱਟੈ।
ਓਇ ਝੱਲਿਆ ! ਇਹ ਜੱਟ ਸਾਰੇ ਵਿੱਚੋਂ ਇਕਮਿਕ ਸੀ। ਭਾਵੇਂ ਸਿੱਖ ਹੋਣ ਤੇ ਭਾਵੇਂ ਕੋਈ ਹੋਰ। ਇਨ੍ਹਾਂ ਸਾਰਿਆਂ ਦੀ ਨਾਨੀ ਇੱਕੋ ਹੀ ਇੱਕੋ । 'ਚੋ ਚਸ਼ਮੇ ਨੀ ਸਾਰੇ ਚੋ ਚਸ਼ਮੇਂ।'
ਜਦ ਤੁਹਾਨੂੰ ਪਤਾ ਸੀ ਕਿ ਰਾਮ ਨਾਥ ਲੂਣ ਹਰਾਮੀ ਪੁਰਸ਼ ਹੈ ਤਾਂ ਤੁਸਾਂ ਆਪਣੇ ਘਰ ਦੀ ਚਾਬੀ ਉਸ ਦੇ ਹੱਥ ਕਿਉਂ ਸੌਂਪੀ ? ਚੋਟੀ ਕੁੱਤੀ ਨੂੰ ਜਲੇਬੀਆਂ ਦੀ ਰਾਖੀ ਕੌਣ ਬਿਠਾਉਂਦਾ ਹੈ?
ਨਾਨਕ ਲਗੀ ਤੁਰਿ ਮਰੈ ਜੀਵਨ ਨਾਹੀ ਤਾਣ।। ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥
ਧਰਮ ਦੀ ਅੰਸ ਸਵਾਰਥ ਦੀ ਅੰਗੀਠੀ ਹੇਠਾਂ ਦਬ ਗਈ। ਵਾਯੂਮੰਡਲ ਜ਼ਹਿਰੀਲਾ ਹੋ ਗਿਆ ਤੇ ਨੌਜਵਾਨ ਬੇਦਿਲ ਹੋਕੇ ਪਤਿਤ ਹੋਣ ਲਗ ਪਏ । ‘‘ਚੋਰ ਉਚੱਕਾ ਚੌਧਰੀ ਲੰਡੀ ਰੰਨ ਪ੍ਰਧਾਨ" ਵਾਲੀ ਗੱਲ ਬਿਲਕੁਲ ਅਮਲ ਵਿੱਚ ਆ ਗਈ।
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥
ਪਿਉ ਜੁ ਰਾਮੂ ਦਾ ਉਘਾ ਨਸ਼ਈ ਸੀ ! ਪੁੱਤਰ ਨੇ ਕੀ ਘੱਟ ਕਰਨੀ ਸੀ ! 'ਚੋਰ ਕੁੱਤੀ ਦਾ ਕਤੂਰਾ ਚੋਰ'।