ਗਿਆਨ-- ਜੇ ਰਾਵਣ ਦਾ ਭਰਾ ਰਾਵਣ ਦਾ ਭੇਦ ਨਾ ਦੱਸਦਾ ਤਾਂ ਰਾਵਣ ਨੂੰ ਕੌਣ ਮਾਰਦਾ ? ਚੋਰ ਖਿੜਕੀ, ਘਰ ਦਾ ਨਾਸ।
ਕਾਕਾ ਸੰਗ ਤਾਰੇ, ਕੁਸੰਗ ਡੋਬੇ। ਮੰਨਿਆ ਬਈ ਹੁਣ ਉਹ ਸਾਧ ਬਣਿਆ ਫਿਰਦਾ ਹੈ। ਪਰ ਉਸਦੀਆਂ ਪਿਛਲੀਆਂ ਕਰਤੂਤਾਂ ਨੂੰ ਤਾਂ ਵੇਖ ! 'ਚੋਰ ਚੋਰੀਓਂ ਚਲਾ ਜਾਂਦਾ ਏ । ਹੇਰਾ ਫੇਰੀਓਂ ਨਹੀਂ ਜਾਂਦਾ । ਉਸ ਤੋਂ ਸਦਾ ਬਚ ਕੇ ਰਵੀਂ ।
‘ਚੋਰ ਜਾਣੇ ਚੋਰ ਦੀ ਸਾਰ' : ਤੁਸੀਂ ਇਸ ਤੋਂ ਕੁਝ ਨਾ ਪੁੱਛੋ । ਮੈਂ ਪੁੱਛਾਂਗਾ। ਇਨ੍ਹੇ ਸ਼ਰਾਫ਼ਤ ਨਾਲ ਕਾਬੂ ਨਹੀਂ ਆਉਣਾ। ਮੇਰੀ ਡਾਂਗ ਦੇ ਵੱਸ ਆਊਗਾ।
ਗੁੰਡੇ ਨੂੰ ਰੱਬ ਨੇ ਸਾਥੀ ਵੀ ਆਪਣੇ ਵਰਗੇ ਹੀ ਦਿੱਤੇ ਹੋਏ ਹਨ। ਚੋਰ ਜਾਂਝੀ, ਚੋਰ ਮਾਂਝੀ, ਚੋਰ ਵਿਆਹੁਣ ਆਏ । ਕੋਈ ਉਸ ਉੱਤੇ ਕੀ ਭਰੋਸਾ ਰੱਖੇ ?
ਇੱਥੇ ਮੇਰੀ ਕੀ ਦਾਲ ਗਲਦੀ ਹੈ । ਇੱਥੇ ਤਾਂ ਚੋਰ ਤੇ ਕੁੱਤੀ ਰਲੇ ਹੋਏ ਨੇ। ਇੱਥੇ ਪੁਲਸ ਵੀ ਬਦਮਾਸ਼ਾਂ ਦੀ ਹਮਾਇਤ ਕਰਦੀ ਹੈ।
ਮੋਹਣਾ ! ਉਸ ਦੀ ਕੀ ਪੁੱਛਦੇ ਹੋ, ਗੱਲਾਂ ਨੇ ਨਿਰੀਆਂ ਗੱਲਾਂ ਉਸ ਦੀਆਂ, ਉਂਜ ਜੇ ਕੁਝ ਕਰ ਵਿਖਾਉਣ ਦਾ ਮੌਕਾ ਬਣੇ ਤਾਂ ‘ਚੋਰ ਤੇ ਲਾਠੀ ਦੋ ਜਣੇ ਮੈਂ ਤੇ ਬਾਪੂ ਕੱਲੇ' ਵਾਲਾ ਹੌਂਸਲਾ ਹੈ ਉਸ ਦਾ।
“ਹੈਂਜੀ, ਮੈਨੂੰ ਪੇਕੇ ਨਹੀਂ ਘੱਲਣਾ ।” ਚੋਰ ਦੀ ਦਾੜ੍ਹੀ ਵਿੱਚ ਤਿਨਕਾ। ਵਤ ਜੋਗਿੰਦ੍ਰ ਸਿੰਘ ਨੂੰ ਹੋਰ ਵੀ ਫਿਕਰ ਪੈ ਗਿਆ । ਭਾਵੇਂ ਸ਼ਕੁੰਤਲਾ ਨੇ ਇਹ ਗੱਲ ਕਿਸੇ ਹੋਰ ਮਤਲਬ ਲਈ ਕਹੀ ਸੀ । ਪਰ ਉਹ ਸਮਝਿਆ ਕਿ ਇਸ ਨੂੰ ਮੇਰੀ ਕਰਤੂਤ ਦੀ ਕਿਤੇ ਭਿਣਕ ਨਾ ਪੈ ਗਈ ਹੋਵੇ ।
ਕਦੋਂ ਤੀਕ ਤੂੰ ਆਪਣੀਆਂ ਕਰਤੂਤਾਂ ਨੂੰ ਛੁਪਾਈ ਰੱਖੇਂਗਾ ? ਚੋਰ ਦੀ ਮਾਂ ਕਦ ਤੱਕ ਖੈਰ ਮਨਾਊ ? ਕਦੀ ਤਾਂ ਚੋਰ ਪਕੜਿਆ ਜਾਊ।
ਮੈਂ ਤਾਂ ਕੁਝ ਨਹੀਂ ਕੀਤਾ, ਪਰ ਚੋਰ ਦੀ ਮਾਂ ਕੋਠੀ ਵਿੱਚ। ਮੇਰੇ ਮੁੰਡੇ ਨੇ ਜੇ ਫਸਾਦ ਖੜ੍ਹਾ ਕਰ ਦਿੱਤਾ, ਤਾਂ ਮੈਂ ਨਮੋਸ਼ੀ ਨਾਲ ਅੰਦਰ ਵੜਨਾ ਹੀ ਸੀ।
ਪੁਲੀਸ ਨੂੰ ਇਖਤਿਆਰ ਦਿੱਤਾ ਜਾਂਦਾ ਹੈ ਕਿ ਬਲੈਕੀਆਂ ਨੂੰ ਗ੍ਰਿਫਤਾਰ ਕਰੋ। ਉਹ ਚਾਰ ਦਿਨ-ਦਸ ਦਿਨ ਸਰਗਰਮੀ ਜ਼ਰੂਰ ਵਿਖਾਉਂਦੇ ਹਨ । ਪਰ ਮਾਮਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਜਦ ਕਿ, ਚੋਰ ਦੀ ਮਾਂ ਨੂੰ ਨਹੀਂ ਮਾਰਿਆ ਜਾਂਦਾ।
ਤੇ ਕੀ ਸ੍ਰੀਮਤੀ ਜੀ, ਖਿਮਾ ਕਰਨਾ, ਇਹ ਕਹਾਵਤ ਠੀਕ ਹੈ ਕਿ ਚੋਰ ਦੇ ਪੈਰ ਨਹੀਂ ਹੁੰਦੇ। ਸੋ ਚੂੰਕਿ ਤੁਹਾਡਾ ਸਾਰਾ ਕਾਰੋਬਾਰ ਹੀ ਚੋਰੀ ਦੇ ਪਰਦੇ ਵਿੱਚ ਹੁੰਦਾ ਹੈ, ਇਸ ਲਈ ਕਿਵੇਂ ਕਿਹਾ ਜਾ ਸਕਦਾ ਹੈ ਕਿ ਇਸਦੀਆਂ ਬੁਨਿਆਦਾਂ ਪੱਕੀਆਂ ਹਨ ।
ਕਰਮੋਂ—ਨੀ ਖਲੋ ਜਾ ਭੈਣ । ਰਤੀ ਸਾਹ ਲੈ । “ਚੋਰਾਂ ਨਾਲੋਂ ਪੰਡ ਕਾਹਲੀ" ਵਾਲੀ ਗੱਲ ਨਾ ਕਰ।