ਤੁਸਾਂ ਭੀ ਡਾਢੀ ਸਿਆਣਪ ਕੀਤੀ । 'ਗਦੋਂ ਨੂੰ ਜਵਾਂ ਦਾ ਰਾਖਾ' ਕਰ ਬਠਾਇਆ। ਇਕ ਭੁੱਖੇ, ਕਮੀਨੇ ਨੂੰ ਆਪਣੀ ਤਿਜੌਰੀ ਸੌਂਪ ਦਿੱਤੀ । ਓਹਨੇ ਧਨ ਲੈ ਕੇ ਨੱਠਣਾਂ ਹੀ ਸੀ।
ਅਸੀਂ ਤਾਂ 'ਗਡੇ ਗਾਹ ਗਡੀਰੇ ਰਾਹ' ਹੀ ਤੁਰਦੇ ਹਾਂ । ਨਾ ਇਧਰ ਹੁੰਦੇ ਹਾਂ, ਨਾ ਉਧਰ। ਅਸੀਂ ਤਾਂ ਸਮਝਦੇ ਹਾਂ ਬਈ ਪਾਏ ਪੂਰਨਿਆਂ ਤੇ ਚਲੇ ਜਾਓ, ਬਸ ਦੁਨੀਆਂ ਦੀ ਪਰਵਾਹ ਨਾ ਕਰੋ।
ਜੁੰਮਿਆ, ਇਹ ਕੀ ਬਹਾਨਾ ਬਣਾ ਘੜਿਓ ਈ ? ਸਿੱਧੀ ਨਾਂਹ ਕਰ ਛਡਦੇ । ਤੂੰ ਤਾਂ ਉਹ ਗੱਲ ਕੀਤੀ ਹੈ ਅਖੇ 'ਗੱਡ ਨਾਲ ਕੱਟਾ ਬਧਾ ਹੋਇਆ ਹੈ'।
ਇਹ ਕਾਹਦਾ ਵਿਆਹ ਹੈ ? ਦੁਅਠੀ ਕਰਕੇ ਵਹੁਟੀ ਲੈ ਆਇਆ ਹੈ। 'ਗਹਿਣੇ ਦਾ ਸ਼ਾਹ ਕਾਹਦਾ, ਵੱਟੇ ਦੀ ਕੁੜਮਾਈ ਕਾਹਦੀ' ?
ਹਾਂ, ਹਾਂ ਦਿਲ ਦੀ ਤਸੱਲੀ ਲਈ ਇਵੇਂ ਸਮਝਣਾ ਠੀਕ ਹੈ, ਕਿ ਕੰਮ ਮੁੱਕ ਚੁੱਕਾ ਹੈ। 'ਗਏ ਨਿਮਾਣੇ ਰੋਜੜੇ ਰਹਿ ਗਏ ਨੌਂ ਤੇ ਵੀਹ' ਅਜੇ ਤਾਂ ਗੋਹੜੇ ਵਿੱਚੋਂ ਪੂਣੀ ਵੀ ਨਹੀਂ ਛੂਹੀ।
ਹੁਣ ਅਫ਼ਸੋਸ ਨਾ ਕਰੋ । 'ਗਏ ਊਠ ਸੋ ਇਜੜ ਰਲੇ'। ਹੁਣ ਸ਼ਿਕਾਰ ਹੱਥੋਂ ਨਿਕਲ ਗਿਆ ਹੈ। ਅਫ਼ਸੋਸ ਨਾਲ ਕੀ ਬਣਦਾ ਹੈ ?
ਕੀ ਦੱਸਾਂ ‘ਗਈ ਸਾਂ ਕੰਡ ਮਲਾਉਣ, ਭੰਨਾ ਆਈ ਘੰਡੀ' ਹੱਥ ਪਾਇਆ ਸੀ ਫੁੱਲਾਂ ਨੂੰ, ਕੰਡੇ ਨਾਲ ਚਮੋੜ ਲਿਆਈ।
ਤੁਸੀਂ ਆਖਦੇ ਹੋ, ਚੀਜ਼ ਵੇਖ ਕੇ ਲੈਣੀ ਸੀ । ਪਰ 'ਗਊ ਪੁੰਨ ਦੀ ਦੰਦ ਕੌਣ ਗਿਣੇ' ਮੈਂ ਕੋਈ ਪੈਸੇ ਤਾਂ ਨਹੀਂ ਖ਼ਰਚੇ ਜੋ ਪੜਤਾਲ ਪਿਆ ਕਰਦਾ।